[1] ਹੇ ਮੇਰੇ ਪੁੱਤਰ, ਮੇਰੀ ਬੁੱਧ ਵੱਲ ਧਿਆਨ ਦੇ ਅਤੇ ਮੇਰੀ ਸਮਝ ਵੱਲ ਕੰਨ ਲਾ,
[2] ਤਾਂ ਜੋ ਤੇਰੀ ਮੱਤ ਬਣੀ ਰਹੇ ਅਤੇ ਤੇਰੇ ਬੁੱਲ੍ਹ ਗਿਆਨ ਨੂੰ ਫੜ੍ਹੀ ਰੱਖਣ,
[3] ਕਿਉਂ ਜੋ ਪਰਾਈ ਔਰਤ ਦੇ ਬੁੱਲ੍ਹਾਂ ਤੋਂ ਸ਼ਹਿਦ ਟਪਕਦਾ ਹੈ ਅਤੇ ਉਹ ਦੀਆਂ ਗੱਲਾਂ ਤੇਲ ਨਾਲੋਂ ਵੀ ਚਿਕਨੀਆਂ ਹਨ,
[4] ਪਰ ਅੰਤ ਵਿੱਚ ਉਹ ਨਾਗਦੌਣੇ ਵਰਗੀ ਕੌੜੀ ਅਤੇ ਦੋਧਾਰੀ ਤਲਵਾਰ ਜਿਹੀ ਤਿੱਖੀ ਹੁੰਦੀ ਹੈ!
[5] ਉਹ ਦੇ ਪੈਰ ਮੌਤ ਦੇ ਰਾਹ ਵੱਲ ਲਹਿ ਪੈਂਦੇ ਹਨ ਅਤੇ ਉਹ ਦੇ ਕਦਮ ਪਤਾਲ ਨੂੰ ਜਾਂਦੇ ਹਨ।
[6] ਜੀਵਨ ਦਾ ਪੱਧਰਾ ਰਾਹ ਉਹ ਨੂੰ ਨਹੀਂ ਲੱਭਦਾ, ਉਹ ਦੀਆਂ ਚਾਲਾਂ ਭਟਕਾਉਣ ਵਾਲੀਆਂ ਹਨ ਅਤੇ ਇਸ ਬਾਰੇ ਉਹ ਆਪ ਵੀ ਨਹੀਂ ਜਾਣਦੀ।
[7] ਇਸ ਲਈ ਹੇ ਮੇਰੇ ਪੁੱਤਰ ਤੂੰ ਮੇਰੀ ਸੁਣ ਅਤੇ ਮੇਰੇ ਮੂੰਹ ਦੇ ਬਚਨਾਂ ਤੋਂ ਨਾ ਮੁੜ।
[8] ਉਸ ਔਰਤ ਤੋਂ ਆਪਣਾ ਰਾਹ ਦੂਰ ਹੀ ਰੱਖ ਅਤੇ ਉਹ ਦੇ ਘਰ ਦੇ ਬੂਹੇ ਦੇ ਨੇੜੇ ਵੀ ਨਾ ਜਾ,
[9] ਕਿਤੇ ਤੂੰ ਆਪਣਾ ਆਦਰ ਹੋਰਨਾਂ ਨੂੰ ਅਤੇ ਆਪਣੀ ਉਮਰ ਨਿਰਦਈਆਂ ਨੂੰ ਦੇਵੇਂ,
[10] ਕਿਤੇ ਪਰਾਏ ਤੇਰੀ ਕਮਾਈ ਨਾਲ ਰੱਜ ਜਾਣ ਅਤੇ ਤੇਰੀ ਮਿਹਨਤ ਓਪਰੇ ਦੇ ਘਰ ਜਾਵੇ
[11] ਅਤੇ ਤੇਰੇ ਜੀਵਨ ਦੇ ਅੰਤ ਵਿੱਚ ਜਦ ਮੇਰਾ ਮਾਸ ਅਤੇ ਤੇਰੀ ਦੇਹ ਕਮਜ਼ੋਰ ਪੈ ਜਾਵੇ, ਤਾਂ ਤੂੰ ਰੋਵੇਂ
[12] ਅਤੇ ਆਖੇਂ, ਮੈਂ ਉਪਦੇਸ਼ ਨਾਲ ਕਿਵੇਂ ਵੈਰ ਰੱਖਿਆ ਅਤੇ ਮੇਰੇ ਮਨ ਨੇ ਤਾੜ ਨੂੰ ਤੁੱਛ ਜਾਣਿਆ!
[13] ਮੈਂ ਆਪਣੇ ਉਪਦੇਸ਼ਕਾਂ ਦੀ ਗੱਲ ਨਾ ਮੰਨੀ, ਨਾ ਆਪਣੇ ਉਸਤਾਦਾਂ ਵੱਲ ਕੰਨ ਲਾਇਆ!
[14] ਮੰਡਲੀ ਅਤੇ ਸਭਾ ਦੇ ਵਿੱਚ ਰਹਿੰਦੇ ਹੋਏ ਵੀ ਮੈਂ ਪੂਰੀ ਬਰਬਾਦੀ ਦੇ ਨੇੜੇ-ਤੇੜੇ ਸੀ।
[15] ਤੂੰ ਪਾਣੀ ਆਪਣੇ ਹੀ ਕੁੰਡ ਵਿੱਚੋਂ ਪੀ ਅਤੇ ਆਪਣੇ ਹੀ ਖੂਹ ਦੇ ਸੋਤੇ ਦਾ ਜਲ ਪੀਆ ਕਰ।
[16] ਤੇਰੇ ਸੋਤੇ ਕਿਉਂ ਬਾਹਰ ਵਗਾਏ ਜਾਣ ਅਤੇ ਜਲ ਦੀਆਂ ਧਾਰਾਂ ਚੌਕਾਂ ਵਿੱਚ?
[17] ਉਹ ਇਕੱਲੇ ਤੇਰੇ ਲਈ ਹੀ ਹੋਣ, ਨਾ ਕਿ ਤੇਰੇ ਨਾਲ ਓਪਰਿਆਂ ਦੇ ਲਈ ਵੀ।
[18] ਤੇਰਾ ਸੋਤਾ ਮੁਬਾਰਕ ਹੋਵੇ ਅਤੇ ਤੂੰ ਆਪਣੀ ਜੁਆਨੀ ਦੀ ਵਹੁਟੀ ਨਾਲ ਅਨੰਦ ਰਹਿ।
[19] ਉਹ ਪਿਆਰੀ ਹਰਨੀ ਅਤੇ ਸੋਹਣੀ ਹਰਨੋਟੀ ਹੋਵੇ, ਉਹ ਦੀਆਂ ਛਾਤੀਆਂ ਤੈਨੂੰ ਸਦਾ ਤ੍ਰਿਪਤ ਕਰਨ ਅਤੇ ਤੂੰ ਨਿੱਤ ਓਸੇ ਦੇ ਪ੍ਰੇਮ ਨਾਲ ਮੋਹਿਤ ਰਹਿ।
[20] ਹੇ ਮੇਰੇ ਪੁੱਤਰ, ਤੂੰ ਕਿਉਂ ਪਰਾਈ ਔਰਤ ਉੱਤੇ ਮੋਹਿਤ ਹੋਵੇਂ ਅਤੇ ਓਪਰੀ ਨੂੰ ਕਿਉਂ ਸੀਨੇ ਨਾਲ ਲਾਵੇਂ?
[21] ਕਿਉਂ ਜੋ ਮਨੁੱਖ ਦੇ ਰਾਹ ਯਹੋਵਾਹ ਦੀ ਨਿਗਾਹ ਦੇ ਸਾਹਮਣੇ ਹਨ ਅਤੇ ਉਹ ਉਸ ਦੇ ਸਾਰੇ ਮਾਰਗਾਂ ਨੂੰ ਜਾਚਦਾ ਹੈ।
[22] ਦੁਸ਼ਟ ਜਨ ਦੀਆਂ ਆਪਣੀਆਂ ਹੀ ਬਦੀਆਂ ਉਹ ਨੂੰ ਫਸਾ ਲੈਣਗੀਆਂ ਅਤੇ ਉਹ ਆਪਣੇ ਹੀ ਪਾਪ ਦੇ ਬੰਧਨਾਂ ਵਿੱਚ ਬੰਨ੍ਹਿਆ ਜਾਵੇਗਾ।
[23] ਉਹ ਸਿੱਖਿਆ ਪਾਏ ਬਿਨ੍ਹਾਂ ਮਰੇਗਾ ਅਤੇ ਆਪਣੀ ਡਾਢੀ ਮੂਰਖਤਾਈ ਕਾਰਨ ਭਟਕਦਾ ਫਿਰੇਗਾ।