Skip to content
Opens in a new window
Listen to this chapter • 2:48

[1] ਹੇ ਮੇਰੇ ਪੁੱਤਰ, ਤੂੰ ਮੇਰੇ ਆਖੇ ਲੱਗ, ਅਤੇ ਮੇਰੇ ਹੁਕਮਾਂ ਨੂੰ ਆਪਣੇ ਕੋਲ ਰੱਖ ਛੱਡ।

[2] ਮੇਰੇ ਹੁਕਮਾਂ ਨੂੰ ਮੰਨ ਅਤੇ ਜੀਉਂਦਾ ਰਹਿ, ਅਤੇ ਮੇਰੀ ਸਿੱਖਿਆ ਨੂੰ ਆਪਣੀ ਅੱਖ ਦੀ ਕਾਕੀ ਵਰਗੀ ਜਾਣ।

[3] ਉਹਨਾਂ ਨੂੰ ਆਪਣੀਆਂ ਉਂਗਲਾਂ ਉੱਤੇ ਬੰਨ੍ਹ ਲੈ, ਉਹਨਾਂ ਨੂੰ ਆਪਣੇ ਮਨ ਦੀ ਤਖ਼ਤੀ ਉੱਤੇ ਲਿਖ ਲੈ।

[4] ਬੁੱਧ ਨੂੰ ਆਖ, ਤੂੰ ਮੇਰੀ ਭੈਣ ਹੈਂ, ਅਤੇ ਸਮਝ ਨੂੰ ਆਪਣੀ ਆਖ, ਤੂੰ ਮੇਰੀ ਸਾਥਣ ਹੈਂ,

[5] ਤਾਂ ਜੋ ਉਹ ਤੈਨੂੰ ਪਰਾਈ ਔਰਤ ਤੋਂ ਬਚਾਈ ਰੱਖਣ, ਉਸ ਓਪਰੀ ਔਰਤ ਤੋਂ ਜਿਹੜੀ ਚਿਕਨੀਆਂ-ਚੋਪੜੀਆਂ ਗੱਲਾਂ ਕਰਦੀ ਹੈ।

[6] ਮੈਂ ਆਪਣੇ ਘਰ ਦੀ ਖਿੜਕੀ ਦੇ ਵਿੱਚੋਂ ਦੀ ਵੇਖਿਆ,

[7] ਤਾਂ ਮੈਂ ਭੋਲਿਆਂ ਵਿੱਚੋਂ, ਇੱਕ ਨਿਰਬੁੱਧ ਗੱਭਰੂ ਜੁਆਨ ਵੇਖਿਆ,

[8] ਉਹ ਉਸ ਔਰਤ ਦੇ ਘਰ ਦੀ ਨੁੱਕਰ ਦੇ ਨੇੜ੍ਹੇ ਦੀ ਗਲੀ ਵਿੱਚੋਂ ਦੀ ਲੰਘਿਆ ਜਾਂਦਾ ਸੀ, ਅਤੇ ਉਸ ਨੇ ਉਹ ਦੇ ਘਰ ਦਾ ਰਾਹ ਫੜ੍ਹਿਆ,

[9] ਦਿਨ ਢਲੇ, ਸ਼ਾਮ ਦੇ ਵੇਲੇ, ਅਤੇ ਕਾਲੀ ਰਾਤ ਦੇ ਹਨੇਰੇ ਵਿੱਚ।

[10] ਤਾਂ ਵੇਖੋ, ਇੱਕ ਔਰਤ ਉਸ ਨੂੰ ਆ ਮਿਲੀ, ਜਿਸ ਦਾ ਭੇਸ ਕੰਜਰੀ ਦੇ ਭੇਸ ਜਿਹਾ ਸੀ ਅਤੇ ਉਹ ਮਨਮੋਹਣੀ ਸੀ।

[11] ਉਹ ਬੜਬੋਲੀ ਅਤੇ ਮਨ-ਮੱਤਣੀ ਹੈ, ਉਹ ਦੇ ਪੈਰ ਆਪਣੇ ਘਰ ਵਿੱਚ ਨਹੀਂ ਟਿਕਦੇ।

[12] ਉਹ ਕਦੀ ਸੜਕਾਂ ਉੱਤੇ, ਕਦੀ ਚੌਂਕਾਂ ਵਿੱਚ, ਅਤੇ ਹਰੇਕ ਮੋੜ ਉੱਤੇ ਉਹ ਇੰਤਜ਼ਾਰ ਕਰਦੀ ਹੈ।

[13] ਸੋ ਉਹ ਨੇ ਉਸ ਨੂੰ ਫੜ੍ਹ ਕੇ ਉਸ ਨੂੰ ਚੁੰਮ ਲਿਆ, ਅਤੇ ਬੇਸ਼ਰਮੀ ਨਾਲ ਉਸ ਨੂੰ ਆਖਿਆ,

[14] ਮੈਂ ਮੇਲ ਦੀਆਂ ਭੇਟਾਂ ਚੜ੍ਹਾਉਣੀਆਂ ਸਨ, ਅਤੇ ਅੱਜ ਮੈਂ ਆਪਣੀਆਂ ਸੁੱਖਣਾ ਪੂਰੀਆਂ ਕੀਤੀਆਂ ਹਨ।

[15] ਇਸੇ ਲਈ ਮੈਂ ਤੈਨੂੰ ਮਿਲਣ ਅਤੇ ਲੱਭਣ ਨੂੰ ਨਿੱਕਲੀ ਹਾਂ, ਅਤੇ ਹੁਣ ਤੂੰ ਮੈਨੂੰ ਲੱਭ ਪਿਆ ਹੈਂ।

[16] ਮੈਂ ਆਪਣੀ ਸੇਜ਼ ਉੱਤੇ ਪਲੰਗ ਪੋਸ਼, ਅਤੇ ਮਿਸਰ ਦੇ ਸੂਤ ਦੇ ਰੰਗਦਾਰ ਵਿਛਾਉਣੇ ਵਿਛਾਏ:

[17] ਮੈਂ ਆਪਣੇ ਵਿਛਾਉਣੇ ਉੱਤੇ ਗੰਧਰਸ ਅਤੇ ਅਗਰ ਅਤੇ ਦਾਲਚੀਨੀ ਛਿੜਕੀ ਹੈ।

[18] ਆ ਅਸੀਂ ਸਵੇਰ ਤੱਕ ਪ੍ਰੇਮ ਨਾਲ ਰੱਤੇ ਜਾਈਏ, ਲਾਡ-ਪਿਆਰ ਨਾਲ ਅਸੀਂ ਜੀ ਬਹਿਲਾਈਏ,

[19] ਕਿਉਂ ਜੋ ਮੇਰਾ ਪਤੀ ਘਰ ਵਿੱਚ ਨਹੀਂ ਹੈ, ਉਹ ਦੂਰ ਦੇਸ਼ ਦੇ ਸਫ਼ਰ ਤੇ ਗਿਆ ਹੋਇਆ ਹੈ।

[20] ਉਹ ਰੁਪਿਆਂ ਦੀ ਗੁਥਲੀ ਨਾਲ ਲੈ ਗਿਆ ਹੈ, ਅਤੇ ਪੂਰਨਮਾਸੀ ਨੂੰ ਘਰ ਆਵੇਗਾ।

[21] ਉਹ ਨੇ ਆਪਣੀਆਂ ਬਾਹਲੀਆਂ ਚਿਕਨੀਆਂ-ਚੋਪੜੀਆਂ ਗੱਲਾਂ ਨਾਲ ਉਸ ਨੂੰ ਫ਼ੁਸਲਾ ਲਿਆ, ਅਤੇ ਆਪਣੇ ਬੁੱਲ੍ਹਾਂ ਦੇ ਲੱਲੋ-ਪੱਤੋ ਨਾਲ ਧੱਕੋ-ਧੱਕੀ ਉਹ ਨੂੰ ਲੈ ਗਈ।

[22] ਉਹ ਝੱਟ ਉਹ ਦੇ ਮਗਰ ਹੋ ਤੁਰਿਆ, ਜਿਵੇਂ ਬਲ਼ਦ ਵੱਢੇ ਜਾਣ ਲਈ, ਜਾਂ ਬੇੜੀਆਂ ਵਿੱਚ ਕੋਈ ਮੂਰਖ ਸਜ਼ਾ ਲਈ ਜਾਵੇ,

[23] ਜਦ ਤੱਕ ਤੀਰ ਉਹ ਦੇ ਕਲੇਜੇ ਨੂੰ ਨਾ ਵਿੰਨੇ, ਜਿਵੇਂ ਪੰਛੀ ਫਾਹੀ ਵੱਲ ਨੂੰ ਛੇਤੀ ਨਾਲ ਜਾਵੇ, ਅਤੇ ਨਹੀਂ ਜਾਣਦਾ ਭਈ ਇਹ ਉਹ ਉਸ ਦੀ ਜਾਨ ਲੈਣ ਲਈ ਹੈ।

[24] ਹੁਣ ਹੇ ਮੇਰੇ ਪੁੱਤਰੋ, ਤੁਸੀਂ ਮੇਰੀ ਸੁਣੋ, ਅਤੇ ਮੇਰੇ ਮੂੰਹ ਦੇ ਬਚਨਾਂ ਉੱਤੇ ਧਿਆਨ ਲਾਓ।

[25] ਉਹ ਦੇ ਰਾਹਾਂ ਵੱਲ ਤੇਰਾ ਚਿੱਤ ਨਾ ਲੱਗੇ, ਤੂੰ ਉਹ ਦੇ ਮਾਰਗਾਂ ਵਿੱਚ ਨਾ ਭਟਕਦਾ ਫਿਰੀਂ,

[26] ਕਿਉਂ ਜੋ ਉਹ ਨੇ ਬਹੁਤਿਆਂ ਨੂੰ ਜ਼ਖ਼ਮੀ ਕਰਕੇ ਡੇਗ ਦਿੱਤਾ ਹੈ, ਅਤੇ ਉਹ ਦੇ ਘਾਤ ਕੀਤੇ ਹੋਏ ਢੇਰ ਸਾਰੇ ਹਨ!

[27] ਉਹ ਦਾ ਘਰ ਪਤਾਲ ਦਾ ਰਾਹ ਹੈ, ਜਿਹੜਾ ਮੌਤ ਦੀਆਂ ਕੋਠੜੀਆਂ ਵੱਲ ਲੈ ਜਾਂਦਾ ਹੈ।

ਕਹਾਉਤਾਂ — Chapters