Skip to content
Opens in a new window
Listen to this chapter • 3:14

[1] ਲਮੂਏਲ ਰਾਜਾ ਦੀਆਂ ਕਹਾਉਤਾਂ ਜਿਹੜੀਆਂ ਉਹ ਦੀ ਮਾਤਾ ਨੇ ਉਹ ਨੂੰ ਸਿਖਾਈਆਂ,

[2] ਹੇ ਮੇਰੇ ਪੁੱਤਰ, ਹੈ ਮੇਰੇ ਨਿੱਜ ਪੁੱਤਰ, ਹੇ ਮੇਰੀਆਂ ਸੁੱਖਣਾਂ ਦੇ ਪੁੱਤਰ

[3] ਆਪਣਾ ਬਲ ਪਰਾਈਆਂ ਔਰਤਾਂ ਨੂੰ ਨਾ ਦੇ, ਨਾ ਆਪਣਾ ਜੀਵਨ ਰਾਜਿਆਂ ਨੂੰ ਨਾਸ ਕਰਨ ਵਾਲੀਆਂ ਨੂੰ!

[4] ਰਾਜਿਆਂ ਨੂੰ, ਹੇ ਲਮੂਏਲ, ਰਾਜਿਆਂ ਨੂੰ ਦਾਖ ਮਧੂ ਦਾ ਪੀਣਾ ਜੋਗ ਨਹੀਂ, ਅਤੇ ਨਾ ਰਾਜ ਪੁੱਤਰਾਂ ਨੂੰ ਆਖਣਾ, ਸ਼ਰਾਬ ਕਿੱਥੇ ਹੈ

[5] ਅਜਿਹਾ ਨਾ ਹੋਵੇ ਕਿ ਉਹ ਪੀ ਕੇ ਬਿਧੀ ਨੂੰ ਭੁੱਲ ਜਾਣ, ਅਤੇ ਦੁਖਿਆਰਾਂ ਦਾ ਹੱਕ ਮਾਰਨ।

[6] ਸ਼ਰਾਬ ਉਸ ਨੂੰ ਪਿਲਾਓ ਜੋ ਨਾਸ ਹੋਣਾ ਵਾਲਾ ਹੈ, ਅਤੇ ਮਧ ਉਸ ਨੂੰ ਜਿਹ ਦਾ ਮਨ ਉਦਾਸ ਹੈ,

[7] ਤਾਂ ਜੋ ਉਹ ਪੀ ਕੇ ਆਪਣੀ ਤੰਗੀ ਨੂੰ ਭੁੱਲ ਜਾਵੇ, ਅਤੇ ਆਪਣੇ ਕਸ਼ਟ ਨੂੰ ਫੇਰ ਚੇਤੇ ਨਾ ਕਰੇ।

[8] ਗੂੰਗਿਆਂ ਦੇ ਲਈ ਆਪਣਾ ਮੂੰਹ ਖੋਲ੍ਹ, ਅਤੇ ਉਹਨਾਂ ਸਭਨਾਂ ਦੇ ਹੱਕ ਲਈ, ਜਿਹੜੇ ਅਨਾਥ ਹਨ।

[9] ਆਪਣਾ ਮੂੰਹ ਖੋਲ੍ਹ ਕੇ ਧਰਮ ਦਾ ਨਿਆਂ ਕਰ, ਅਤੇ ਮਸਕੀਨਾਂ ਤੇ ਕੰਗਾਲਾਂ ਦੇ ਹੱਕ ਲਈ ਲੜ।

[10] ਨੇਕ ਇਸਤਰੀ ਕਿਸਨੂੰ ਮਿਲਦੀ ਹੈ? ਕਿਉਂ ਜੋ ਉਹ ਦੀ ਕਦਰ ਹੀਰੇ ਮੋਤੀਆਂ ਨਾਲੋਂ ਬਹੁਤ ਵਧੇਰੇ ਹੈ।

[11] ਉਹ ਦੇ ਪਤੀ ਦਾ ਮਨ ਉਹ ਦੇ ਉੱਤੇ ਭਰੋਸਾ ਰੱਖਦਾ ਹੈ, ਅਤੇ ਉਹ ਨੂੰ ਲਾਭ ਦੀ ਕੁਝ ਥੁੜ ਨਹੀਂ ਹੁੰਦੀ।

[12] ਉਮਰ ਭਰ ਉਹ ਉਸ ਦੇ ਨਾਲ ਭਲਿਆਈ ਹੀ ਕਰੇਗੀ, ਬੁਰਿਆਈ ਨਹੀਂ।

[13] ਉਹ ਉੱਨ ਅਤੇ ਕਤਾਨ ਭਾਲ ਕੇ, ਖੁਸ਼ੀ ਨਾਲ ਆਪਣੇ ਹੱਥੀਂ ਕੰਮ ਕਰਦੀ ਹੈ।

[14] ਉਹ ਵਪਾਰੀਆਂ ਦੇ ਜਹਾਜ਼ਾਂ ਵਰਗੀ ਹੈ, ਉਹ ਆਪਣਾ ਭੋਜਨ ਦੂਰੋਂ ਮੰਗਵਾਉਂਦੀ ਹੈ।

[15] ਰਾਤ ਰਹਿੰਦਿਆਂ ਉਹ ਉੱਠ ਕੇ ਆਪਣੇ ਟੱਬਰ ਲਈ ਭੋਜਨ ਤਿਆਰ ਕਰਦੀ, ਅਤੇ ਆਪਣੀਆਂ ਦਾਸੀਆਂ ਨੂੰ ਕੰਮ ਦਿੰਦੀ ਹੈ।

[16] ਉਹ ਸੋਚ ਵਿਚਾਰ ਕੇ ਕਿਸੇ ਖੇਤ ਨੂੰ ਮੁੱਲ ਲੈਂਦੀ ਹੈ, ਅਤੇ ਆਪਣੇ ਹੱਥਾਂ ਦੀ ਕਮਾਈ ਨਾਲ ਦਾਖ ਦੀ ਬਾੜੀ ਲਾਉਂਦੀ ਹੈ।

[17] ਉਹ ਬਲ ਨਾਲ ਆਪਣਾ ਲੱਕ ਬੰਨ੍ਹਦੀ ਹੈ, ਅਤੇ ਆਪਣੀਆਂ ਬਾਹਾਂ ਨੂੰ ਤਗੜਿਆਂ ਕਰਦੀ ਹੈ।

[18] ਉਹ ਪਰਖ ਲੈਂਦੀ ਹੈ ਭਈ ਮੇਰਾ ਵਪਾਰ ਚੰਗਾ ਹੈ, ਰਾਤ ਨੂੰ ਉਹ ਦਾ ਦੀਵਾ ਨਹੀਂ ਬੁੱਝਦਾ।

[19] ਉਹ ਤੱਕਲੇ ਨੂੰ ਹੱਥ ਲਾਉਂਦੀ ਹੈ, ਅਤੇ ਉਹ ਦੇ ਹੱਥ ਚਰਖ਼ੇ ਨੂੰ ਫੜ੍ਹਦੇ ਹਨ।

[20] ਉਹ ਮਸਕੀਨਾਂ ਲਈ ਮੁੱਠ ਖੋਲ੍ਹਦੀ ਹੈ, ਅਤੇ ਕੰਗਾਲਾਂ ਦੀ ਮਦਦ ਲਈ ਆਪਣਾ ਹੱਥ ਵਧਾਉਂਦੀ ਹੈ

[21] ਉਹ ਨੂੰ ਆਪਣੇ ਟੱਬਰ ਦੇ ਲਈ ਬਰਫ਼ ਦਾ ਡਰ ਨਹੀਂ, ਕਿਉਂ ਜੋ ਉਹ ਦਾ ਸਾਰਾ ਟੱਬਰ ਕਿਰਮਚ ਪਾਉਂਦਾ ਹੈ।

[22] ਉਹ ਆਪਣੇ ਲਈ ਸਿਰਹਾਣੇ ਬਣਾਉਂਦੀ ਹੈ, ਉਹ ਦੇ ਬਸਤਰ ਕਤਾਨੀ ਤੇ ਬੈਂਗਣੀ ਹਨ।

[23] ਉਹ ਦਾ ਪਤੀ ਸਭਾ ਵਿੱਚ ਪ੍ਰਧਾਨਾਂ ਨਾਲ ਬੈਠਦਾ ਹੈ, ਤਦ ਉਸ ਦਾ ਆਦਰ ਹੁੰਦਾ ਹੈ।

[24] ਉਹ ਮਲਮਲ ਦੇ ਬਸਤਰ ਬਣਾ ਕੇ ਵੇਚਦੀ ਹੈ, ਅਤੇ ਵਪਾਰੀਆਂ ਨੂੰ ਕਮਰਬੰਦ ਦਿੰਦੀ ਹੈ।

[25] ਬਲ ਅਤੇ ਮਾਣ ਉਹ ਦਾ ਲਿਬਾਸ ਹੈ, ਅਤੇ ਆਉਣ ਵਾਲੇ ਦਿਨਾਂ ਉੱਤੇ ਹੱਸਦੀ ਹੈ।

[26] ਉਹ ਬੁੱਧ ਨਾਲ ਆਪਣਾ ਮੁੱਖ ਖੋਲਦੀ ਹੈ, ਅਤੇ ਉਹ ਦੀ ਗੱਲਾਂ ਕਿਰਪਾ ਦੀ ਸਿੱਖਿਆ ਨਾਲ ਭਰੀਆਂ ਹੋਈਆਂ ਹਨ।

[27] ਉਹ ਆਪਣੇ ਟੱਬਰ ਦੀ ਚਾਲ ਨੂੰ ਧਿਆਨ ਨਾਲ ਵੇਖਦੀ ਹੈ, ਅਤੇ ਆਲਸ ਦੀ ਰੋਟੀ ਨਹੀਂ ਖਾਂਦੀ।

[28] ਉਹ ਦੇ ਬੱਚੇ ਉੱਠ ਕੇ ਉਹ ਨੂੰ ਧੰਨ ਆਖਦੇ ਹਨ, ਅਤੇ ਉਹ ਦਾ ਪਤੀ ਵੀ, ਅਤੇ ਉਹ ਉਸ ਦੀ ਵਡਿਆਈ ਕਰਦਾ ਹੈ,

[29] ਭਈ ਬਥੇਰੀਆਂ ਨਾਰੀਆਂ ਨੇ ਉੱਤਮਤਾਈ ਵਿਖਾਈ ਹੈ, ਪਰ ਤੂੰ ਉਹਨਾਂ ਸਭਨਾਂ ਨਾਲੋਂ ਉੱਤਮ ਹੈਂ।

[30] ਸ਼ੋਭਾ ਝੂਠ ਛਲ ਹੈ ਅਤੇ ਸੁਹੱਪਣ ਵਿਅਰਥ ਹੈ, ਪਰ ਉਹ ਇਸਤ੍ਰੀ ਜੋ ਯਹੋਵਾਹ ਦਾ ਭੈਅ ਮੰਨਦੀ ਹੈ, ਉਹ ਦੀ ਵਡਿਆਈ ਕੀਤੀ ਜਾਵੇਗੀ।

[31] ਉਹ ਦੇ ਹੱਥਾਂ ਦਾ ਫਲ ਉਹ ਨੂੰ ਦਿਓ, ਅਤੇ ਉਹ ਦੇ ਕੰਮਾਂ ਅਨੁਸਾਰ ਸਭਾ ਵਿੱਚ ਉਹ ਦੀ ਵਡਿਆਈ ਹੋਵੇ!

ਕਹਾਉਤਾਂ — Chapters