[1] ਭਲਾ, ਬੁੱਧ ਨਹੀਂ ਪੁਕਾਰਦੀ? ਭਲਾ, ਸਮਝ ਅਵਾਜ਼ ਨਹੀਂ ਮਾਰਦੀ?
[2] ਉਹ ਰਾਹ ਦੇ ਲਾਗੇ ਉੱਚੇ-ਉੱਚੇ ਥਾਵਾਂ ਵਿੱਚ, ਅਤੇ ਚੌਰਾਹਿਆਂ ਵਿੱਚ ਖੜ੍ਹੀ ਹੁੰਦੀ ਹੈ।
[3] ਫਾਟਕਾਂ ਦੇ ਕੋਲ, ਨਗਰ ਦੇ ਲਾਂਘਿਆਂ ਤੇ, ਅਤੇ ਬੂਹਿਆਂ ਦੇ ਕੋਲ ਉਹ ਹਾਕ ਮਾਰਦੀ ਹੈ,
[4] ਹੇ ਮਨੁੱਖੋ, ਮੈਂ ਤੁਹਾਨੂੰ ਹੀ ਪੁਕਾਰਦੀ ਹਾਂ, ਅਤੇ ਆਦਮ ਵੰਸ਼ੀਆਂ ਲਈ ਮੇਰੀ ਅਵਾਜ਼ ਹੈ!
[5] ਹੇ ਭੋਲਿਓ, ਹੁਸ਼ਿਆਰੀ ਸਿੱਖੋ, ਅਤੇ ਹੇ ਮੂਰਖੋ, ਤੁਸੀਂ ਮਨ ਵਿੱਚ ਚਤਰ ਬਣੋ!
[6] ਸੁਣੋ, ਮੈਂ ਉੱਤਮ ਗੱਲਾਂ ਆਖਾਂਗੀ, ਅਤੇ ਮੇਰੇ ਬੁੱਲ ਖਰੀਆਂ ਗੱਲਾਂ ਲਈ ਖੁੱਲਣਗੇ,
[7] ਕਿਉਂ ਜੋ ਮੇਰੀ ਜੀਭ ਸੱਚੋ-ਸੱਚ ਆਖੇਗੀ, ਅਤੇ ਮੇਰੇ ਬੁੱਲ੍ਹਾਂ ਨੂੰ ਦੁਸ਼ਟਤਾਈ ਤੋਂ ਘਿਣ ਆਉਂਦੀ ਹੈ।
[8] ਮੇਰੇ ਮੂੰਹ ਦੇ ਸਾਰੇ ਬਚਨ ਧਰਮ ਦੇ ਹਨ, ਉਨ੍ਹਾਂ ਵਿੱਚੋਂ ਕੋਈ ਵਿੰਗਾ ਟੇਢਾ ਨਹੀਂ।
[9] ਸਮਝ ਵਾਲੇ, ਦੇ ਲਈ ਓਹ ਸੱਭੇ ਸਰਲ ਹਨ, ਅਤੇ ਗਿਆਨ ਪ੍ਰਾਪਤ ਕਰਨ ਵਾਲਿਆਂ ਦੇ ਲਈ ਓਹ ਖਰੇ ਹਨ।
[10] ਚਾਂਦੀ ਨਾਲੋਂ ਮੇਰੀ ਸਿੱਖਿਆ ਨੂੰ, ਅਤੇ ਚੋਖੇ ਸੋਨੇ ਨਾਲੋਂ ਗਿਆਨ ਨੂੰ ਗ੍ਰਹਿਣ ਕਰੋ,
[11] ਕਿਉਂ ਜੋ ਬੁੱਧ ਹੀਰੇ ਮੋਤੀਆਂ ਨਾਲੋਂ ਵੀ ਉੱਤਮ ਹੈ, ਅਤੇ ਸੱਭੋ ਮਨੋਹਰ ਵਸਤਾਂ ਉਹ ਦੇ ਤੁੱਲ ਨਹੀਂ ਹੁੰਦੀਆਂ।
[12] ਮੈਂ ਬੁੱਧ ਸਿਆਣਪ ਨਾਲ ਵੱਸਦੀ ਹਾਂ, ਅਤੇ ਗਿਆਨ ਤੇ ਸੋਝੀ ਨੂੰ ਮੈਂ ਹੀ ਭਾਲਦੀ ਹਾਂ।
[13] ਯਹੋਵਾਹ ਦਾ ਭੈਅ ਬੁਰਿਆਈ ਤੋਂ ਨਫ਼ਰਤ ਕਰਨਾ ਹੈ, ਘਮੰਡ, ਹੰਕਾਰ ਅਤੇ ਬੁਰੀ ਚਾਲ, ਪੁੱਠੀਆਂ ਸਿੱਧੀਆਂ ਗੱਲਾਂ ਨਾਲ ਵੀ ਮੈਂ ਵੈਰ ਰੱਖਦੀ ਹਾਂ।
[14] ਮੱਤ ਅਤੇ ਸਿਆਣਪ ਮੇਰੀ ਹੈ, ਸਮਝ ਮੈਂ ਹਾਂ, ਸਮਰੱਥਾ ਮੇਰੀ ਹੈ।
[15] ਰਾਜੇ ਮੇਰੀ ਸਹਾਇਤਾ ਨਾਲ ਰਾਜ ਕਰਦੇ, ਅਤੇ ਹਾਕਮ ਧਰਮ ਦੇ ਹੁਕਮ ਚਲਾਉਂਦੇ ਹਨ।
[16] ਮੇਰੇ ਹੀ ਕਾਰਨ ਸਰਦਾਰ ਸਰਦਾਰੀ ਕਰਦੇ ਹਨ, ਨਾਲੇ ਧਰਤੀ ਦੇ ਪਤਵੰਤੇ ਅਤੇ ਸਾਰੇ ਨਿਆਈਂ ਵੀ।
[17] ਜਿਹੜੇ ਮੇਰੇ ਨਾਲ ਪ੍ਰੀਤ ਲਾਉਂਦੇ ਹਨ ਉਨ੍ਹਾਂ ਨਾਲ ਮੈਂ ਵੀ ਪ੍ਰੀਤ ਲਾਉਂਦੀ ਹਾਂ, ਅਤੇ ਜਿਹੜੇ ਮਨ ਨਾਲ ਮੈਨੂੰ ਭਾਲਦੇ ਹਨ ਓਹ ਮੈਨੂੰ ਲੱਭ ਲੈਣਗੇ।
[18] ਧਨ ਅਤੇ ਆਦਰ ਮੇਰੇ ਹੱਥ ਵਿੱਚ ਹਨ, ਸਗੋਂ ਸਦੀਪਕ ਧਨ ਤੇ ਧਰਮ ਵੀ।
[19] ਮੇਰਾ ਫਲ ਸੋਨੇ ਸਗੋਂ ਚੋਖੇ ਸੋਨੇ ਨਾਲੋਂ ਚੰਗਾ ਹੈ, ਅਤੇ ਮੇਰੀ ਪ੍ਰਾਪਤੀ ਉੱਤਮ ਚਾਂਦੀ ਨਾਲੋਂ ਵੀ ਚੰਗੀ ਹੈ।
[20] ਮੈਂ ਧਰਮ ਦੇ ਮਾਰਗ ਵਿੱਚ, ਅਤੇ ਨਿਆਂ ਦੇ ਰਾਹਾਂ ਦੇ ਵਿਚਕਾਰ ਤੁਰਦੀ ਹਾਂ,
[21] ਤਾਂ ਜੋ ਆਪਣੇ ਪ੍ਰੇਮੀਆਂ ਨੂੰ ਧਨ ਦੇ ਵਾਰਿਸ ਬਣਾਵਾਂ ਅਤੇ ਉਨ੍ਹਾਂ ਦੇ ਖ਼ਜ਼ਾਨੇ ਭਰ ਦੇਵਾਂ।
[22] ਯਹੋਵਾਹ ਨੇ ਆਪਣੇ ਕੰਮ ਦੇ ਅਰੰਭ ਵਿੱਚ, ਸਗੋਂ ਆਪਣੇ ਪ੍ਰਾਚੀਨ ਕਾਲ ਦੇ ਕੰਮਾਂ ਤੋਂ ਵੀ ਪਹਿਲਾਂ ਮੈਨੂੰ ਰਚਿਆ।
[23] ਆਦ ਤੋਂ ਸਗੋਂ ਧਰਤੀ ਦੀ ਸਿਰਜਣਾ ਤੋਂ ਪਹਿਲਾਂ ਹੀ, ਮੁੱਢੋਂ ਹੀ ਮੈਂ ਠਹਿਰਾਈ ਗਈ।
[24] ਜਿਸ ਵੇਲੇ ਗਹਿਰੇ ਸਾਗਰ ਨਹੀਂ ਸਨ, ਜਦ ਵਗਦੇ ਸੋਤੇ ਨਹੀਂ ਸਨ, ਤਦ ਤੋਂ ਹੀ ਮੈਂ ਪੈਦਾ ਹੋਈ।
[25] ਪਹਾੜਾਂ ਅਤੇ ਪਹਾੜੀਆਂ ਦੀ ਸਥਾਪਨਾ ਤੋਂ ਪਹਿਲਾਂ ਹੀ ਮੈਂ ਪੈਦਾ ਹੋਈ।
[26] ਜਦੋਂ ਪਰਮੇਸ਼ੁਰ ਨੇ ਨਾ ਹੀ ਧਰਤੀ, ਨਾ ਮੈਦਾਨ, ਨਾ ਜਗਤ ਦੀ ਪਹਿਲੀ ਧੂੜ ਹੀ ਬਣਾਈ ਸੀ, ਇਸ ਤੋਂ ਪਹਿਲਾਂ ਹੀ ਤੋਂ ਮੈਂ ਪੈਦਾ ਹੋਈ।
[27] ਜਦ ਉਹ ਨੇ ਅਕਾਸ਼ ਸਥਿਰ ਕੀਤੇ, ਮੈਂ ਉੱਥੇ ਹੀ ਸੀ, ਜਦ ਗਹਿਰੇ ਸਾਗਰਾਂ ਉੱਤੇ ਅਕਾਸ਼ ਮੰਡਲ ਠਹਿਰਾਇਆ।
[28] ਜਦ ਉਹ ਨੇ ਬੱਦਲਾਂ ਨੂੰ ਉੱਪਰੋਂ ਸਥਿਰ ਕੀਤਾ, ਅਤੇ ਡੂੰਘਿਆਈ ਦੇ ਚਸ਼ਮੇ ਬਣਾਏ,
[29] ਜਦ ਉਹ ਨੇ ਸਮੁੰਦਰ ਦੀਆਂ ਹੱਦਾਂ ਠਹਿਰਾਈਆਂ, ਤਾਂ ਜੋ ਪਾਣੀ ਉਹ ਦੇ ਹੁਕਮੋਂ ਬਾਹਰ ਨਾ ਜਾਵੇ, ਅਤੇ ਜਦ ਉਹ ਨੇ ਧਰਤੀ ਦੀਆਂ ਨੀਹਾਂ ਠਹਿਰਾਈਆਂ,
[30] ਤਦ ਮੈਂ ਰਾਜ ਮਿਸਤਰੀ ਦੇ ਵਾਂਗੂੰ ਉਹ ਦੇ ਨਾਲ ਸੀ, ਮੈਂ ਹਰ ਰੋਜ਼ ਉਸ ਦਾ ਅਨੰਦ ਸੀ, ਹਰ ਵੇਲੇ ਉਹ ਦੇ ਸਾਹਮਣੇ ਮਗਨ ਰਹਿੰਦੀ ਸੀ,
[31] ਮੈਂ ਉਹ ਦੀ ਵਸਾਈ ਹੋਈ ਧਰਤੀ ਉੱਤੇ ਪ੍ਰਸੰਨ ਰਹਿੰਦੀ, ਅਤੇ ਮੈਂ ਮਨੁੱਖਾਂ ਦੀ ਸੰਗਤੀ ਨਾਲ ਸੁਖੀ ਰਹਿੰਦੀ ਸੀ।
[32] ਸੋ ਹੁਣ, ਹੇ ਮੇਰੇ ਪੁੱਤਰੋ, ਤੁਸੀਂ ਮੇਰੀ ਸੁਣੋ, ਕਿਉਂ ਜੋ ਧੰਨ ਓਹ ਹਨ ਜਿਹੜੇ ਮੇਰੇ ਰਾਹਾਂ ਦੀ ਪਾਲਣਾ ਕਰਦੇ ਹਨ।
[33] ਸਿੱਖਿਆ ਨੂੰ ਸੁਣੋ ਤੇ ਬੁੱਧਵਾਨ ਬਣੋ, ਅਤੇ ਉਸ ਨੂੰ ਅਣਸੁਣੀ ਨਾ ਕਰੋ।
[34] ਧੰਨ ਹੈ ਉਹ ਆਦਮੀ ਜੋ ਮੇਰੀ ਸੁਣਦਾ ਹੈ, ਜੋ ਮੇਰੇ ਬੂਹਿਆਂ ਉੱਤੇ ਨਿੱਤ ਉਡੀਕ ਕਰਦਾ, ਅਤੇ ਮੇਰੇ ਦਰਵਾਜ਼ਿਆਂ ਦੀਆਂ ਚੁਗਾਠਾਂ ਦੇ ਕੋਲ ਤੱਕਦਾ ਰਹਿੰਦਾ ਹੈ।
[35] ਜਿਹੜਾ ਮੈਨੂੰ ਪ੍ਰਾਪਤ ਕਰਦਾ ਹੈ, ਉਹ ਜੀਵਨ ਨੂੰ ਪ੍ਰਾਪਤ ਕਰਦਾ ਹੈ, ਅਤੇ ਯਹੋਵਾਹ ਤੋਂ ਕਿਰਪਾ ਪਾਵੇਗਾ।
[36] ਪਰ ਜੋ ਮੇਰਾ ਪਾਪ ਕਰਦਾ ਹੈ ਉਹ ਆਪਣੀ ਜਾਨ ਦਾ ਨੁਕਸਾਨ ਕਰਦਾ ਹੈ, ਜਿੰਨੇ ਮੇਰੇ ਨਾਲ ਵੈਰ ਰੱਖਦੇ ਹਨ ਉਹ ਮੌਤ ਨਾਲ ਪ੍ਰੀਤ ਰੱਖਦੇ ਹਨ!