Skip to content
Opens in a new window
Listen to this chapter • 2:34

[1] ਜੋ ਦੂਸਰਿਆਂ ਨਾਲੋਂ ਅਲੱਗ ਹੋ ਜਾਂਦਾ ਹੈ ਉਹ ਆਪਣੀ ਇੱਛਾ ਪੂਰੀ ਕਰਨਾ ਚਾਹੁੰਦਾ ਹੈ, ਅਤੇ ਉਹ ਸਭ ਪ੍ਰਕਾਰ ਦੀ ਖਰੀ ਬੁੱਧ ਦੇ ਨਾਲ ਵੈਰ ਰੱਖਦਾ ਹੈ।

[2] ਮੂਰਖ ਸਮਝ ਤੋਂ ਖੁਸ਼ ਨਹੀਂ ਹੁੰਦਾ, ਪਰ ਉਹ ਸਿਰਫ਼ ਆਪਣੇ ਹੀ ਮਨ ਦੀ ਗੱਲ ਨੂੰ ਪ੍ਰਗਟ ਕਰਨਾ ਚਾਹੁੰਦਾ ਹੈ।

[3] ਦੁਸ਼ਟਤਾ ਦੇ ਨਾਲ ਅਪਮਾਨ, ਅਤੇ ਨਿਰਾਦਰੀ ਦੇ ਨਾਲ ਸ਼ਰਮਿੰਦਗੀ ਆਉਂਦੀ ਹੈ।

[4] ਮਨੁੱਖ ਦੇ ਮੂੰਹ ਦੇ ਬਚਨ ਡੂੰਘੇ ਪਾਣੀ ਵਰਗੇ ਹਨ, ਬੁੱਧ ਦਾ ਚਸ਼ਮਾ ਵਗਦੀ ਨਦੀ ਜਿਹਾ ਹੈ।

[5] ਦੁਸ਼ਟਾਂ ਦਾ ਪੱਖ ਲੈਣਾ ਚੰਗਾ ਨਹੀਂ, ਨਾ ਅਦਾਲਤ ਵਿੱਚ ਧਰਮੀਆਂ ਦਾ ਹੱਕ ਮਾਰਨਾ।

[6] ਮੂਰਖ ਦੇ ਬੋਲ ਝਗੜਾ ਖੜ੍ਹਾ ਕਰਦੇ ਹਨ, ਅਤੇ ਆਪਣੇ ਆਪ ਨੂੰ ਮਾਰ ਖਾਣ ਦੇ ਜੋਗ ਠਹਿਰਾਉਂਦਾ ਹੈ।

[7] ਮੂਰਖ ਦੇ ਬਚਨ ਉਹ ਦੀ ਬਰਬਾਦੀ ਹੈ, ਅਤੇ ਉਹ ਦੇ ਬੁੱਲ੍ਹ ਉਹ ਦੀ ਜਾਨ ਲਈ ਫਾਹੀ ਹਨ।

[8] ਚੁਗਲੀ ਕਰਨ ਵਾਲੇ ਦੀਆਂ ਗੱਲਾਂ ਸੁਆਦਲੀਆਂ ਬੁਰਕੀਆਂ ਵਰਗੀਆਂ ਹੁੰਦੀਆਂ ਹਨ, ਉਹ ਢਿੱਡ ਵਿੱਚ ਹੀ ਵੜ ਜਾਂਦੀਆਂ ਹਨ।

[9] ਜਿਹੜਾ ਕੰਮ ਕਰਨ ਵਿੱਚ ਆਲਸੀ ਹੈ, ਉਹ ਉਡਾਊ ਦਾ ਭਰਾ ਹੈ।

[10] ਯਹੋਵਾਹ ਦਾ ਨਾਮ ਇੱਕ ਪੱਕਾ ਬੁਰਜ ਹੈ, ਧਰਮੀ ਭੱਜ ਕੇ ਉਹ ਦੇ ਵਿੱਚ ਜਾਂਦਾ ਤੇ ਬਚਿਆ ਰਹਿੰਦਾ ਹੈ।

[11] ਧਨੀ ਦਾ ਧਨ ਉਹ ਦੀ ਨਜ਼ਰ ਵਿੱਚ, ਪੱਕਾ ਨਗਰ ਅਤੇ ਉੱਚੀ ਸ਼ਹਿਰਪਨਾਹ ਵਾਂਗੂੰ ਹੈ।

[12] ਨਾਸ ਹੋਣ ਤੋਂ ਪਹਿਲਾਂ ਮਨੁੱਖ ਦਾ ਮਨ ਹੰਕਾਰੀ ਹੁੰਦਾ ਹੈ, ਪਰ ਆਦਰ ਤੋਂ ਪਹਿਲਾਂ ਨਮਰਤਾ ਹੁੰਦੀ ਹੈ।

[13] ਗੱਲ ਸੁਣਨ ਤੋਂ ਪਹਿਲਾਂ ਜਿਹੜਾ ਉੱਤਰ ਦਿੰਦਾ ਹੈ, ਇਹ ਉਹ ਦੇ ਲਈ ਮੂਰਖਤਾਈ ਤੇ ਸ਼ਰਮਿੰਦਗੀ ਹੈ।

[14] ਮਨੁੱਖ ਦਾ ਆਤਮਾ ਬਿਮਾਰੀ ਵਿੱਚ ਉਹ ਨੂੰ ਸੰਭਾਲਦਾ ਹੈ, ਪਰ ਜਦੋਂ ਆਤਮਾ ਹਾਰ ਜਾਂਦਾ ਹੈ ਤਾਂ ਉਸ ਨੂੰ ਕੌਣ ਸਹਿ ਸਕਦਾ ਹੈ?

[15] ਸਿਆਣਾ ਮਨੁੱਖ ਗਿਆਨ ਨੂੰ ਪ੍ਰਾਪਤ ਕਰਦਾ ਹੈ, ਅਤੇ ਬੁੱਧਵਾਨ ਦੇ ਕੰਨ ਗਿਆਨ ਦੀ ਭਾਲ ਕਰਦੇ ਹਨ।

[16] ਨਜ਼ਰਾਨਾ ਆਦਮੀ ਦੇ ਲਈ ਰਾਹ ਖੋਲ੍ਹ ਦਿੰਦਾ ਹੈ, ਅਤੇ ਉਹ ਨੂੰ ਵੱਡਿਆਂ ਲੋਕਾਂ ਦੇ ਅੱਗੇ ਪਹੁੰਚਾ ਦਿੰਦਾ ਹੈ।

[17] ਜਿਹੜਾ ਮੁਕੱਦਮੇ ਵਿੱਚ ਪਹਿਲਾਂ ਬੋਲਦਾ ਹੈ ਓਹੋ ਸੱਚਾ ਜਾਪਦਾ ਹੈ, ਪਰ ਫੇਰ ਉਹ ਦਾ ਵਿਰੋਧੀ ਆ ਕੇ ਉਹ ਦੀ ਭੇਤ ਖੋਲਦਾ ਹੈ।

[18] ਪਰਚੀਆਂ ਪਾਉਣ ਨਾਲ ਝਗੜੇ ਮੁੱਕ ਜਾਂਦੇ ਹਨ, ਅਤੇ ਬਲਵਾਨਾਂ ਦੇ ਵਿੱਚ ਫ਼ੈਸਲਾ ਹੋ ਜਾਂਦਾ ਹੈ।

[19] ਰੁੱਸੇ ਹੋਏ ਭਰਾ ਨੂੰ ਮਨਾਉਣਾ ਪੱਕੇ ਸ਼ਹਿਰ ਦੇ ਜਿੱਤਣ ਨਾਲੋਂ ਵੀ ਔਖਾ ਹੈ, ਝਗੜੇ ਕਿਲੇ ਦੇ ਅਰਲਾਂ ਵਰਗੇ ਹੁੰਦੇ ਹਨ।

[20] ਆਦਮੀ ਦਾ ਢਿੱਡ ਉਹ ਦੇ ਮੂੰਹ ਦੀਆਂ ਗੱਲਾਂ ਦੇ ਫਲ ਨਾਲ ਭਰਦਾ ਹੈ, ਅਤੇ ਆਪਣੇ ਬੁੱਲ੍ਹਾਂ ਦੀ ਪ੍ਰਾਪਤੀ ਨਾਲ ਉਹ ਰੱਜਦਾ ਹੈ।

[21] ਮੌਤ ਅਤੇ ਜੀਵਨ ਦੋਵੇਂ ਜੀਭ ਦੇ ਵੱਸ ਵਿੱਚ ਹਨ, ਅਤੇ ਜੋ ਉਸ ਨਾਲ ਪ੍ਰੀਤ ਰੱਖਦੇ ਹਨ ਉਹ ਉਸਦਾ ਫਲ ਖਾਣਗੇ।

[22] ਜਿਹ ਨੂੰ ਪਤਨੀ ਮਿਲੀ ਉਹ ਨੂੰ ਚੰਗੀ ਵਸਤ ਲੱਭੀ, ਅਤੇ ਯਹੋਵਾਹ ਦੀ ਕਿਰਪਾ ਉਸ ਉੱਤੇ ਹੋਈ।

[23] ਕੰਗਾਲ ਤਾਂ ਤਰਲੇ ਕਰਕੇ ਬੋਲਦਾ ਹੈ, ਪਰ ਧਨਵਾਨ ਕਰੜਾਈ ਨਾਲ ਉੱਤਰ ਦਿੰਦਾ ਹੈ।

[24] ਬਹੁਤ ਸਾਰੇ ਮਿੱਤਰ ਨੁਕਸਾਨ ਦਾ ਕਾਰਨ ਹਨ, ਪਰ ਅਜਿਹਾ ਵੀ ਇੱਕ ਮਿੱਤਰ ਹੈ ਜੋ ਭਰਾ ਨਾਲੋਂ ਵੀ ਵੱਧ ਨੇੜੇ ਰਹਿੰਦਾ ਹੈ।

ਕਹਾਉਤਾਂ — Chapters