Skip to content
Opens in a new window
Listen to this chapter • 3:54

[1] ਹੇ ਮੇਰੇ ਪੁੱਤਰ, ਜੇ ਤੂੰ ਆਪਣੇ ਗੁਆਂਢੀ ਦਾ ਜ਼ਮਾਨਤੀ ਹੋਇਆ ਜਾਂ ਕਿਸੇ ਪਰਾਏ ਦੇ ਲਈ ਹੱਥ ਉੱਤੇ ਹੱਥ ਮਾਰ ਕੇ ਜ਼ਿੰਮੇਵਾਰੀ ਲਈ ਹੋਵੇ,

[2] ਤਾਂ ਤੂੰ ਆਪਣੇ ਹੀ ਮੂੰਹ ਦੇ ਬਚਨਾਂ ਨਾਲ ਫਸ ਗਿਆ, ਤੂੰ ਆਪਣੇ ਹੀ ਮੂੰਹ ਦੇ ਬਚਨਾਂ ਨਾਲ ਫੜ੍ਹਿਆ ਗਿਆ।

[3] ਸੋ ਹੇ ਮੇਰੇ ਪੁੱਤਰ, ਜਦੋਂ ਤੂੰ ਆਪਣੇ ਗੁਆਂਢੀ ਦੇ ਹੱਥ ਪੈ ਗਿਆ, ਹੁਣ ਅਜਿਹਾ ਕਰ ਤਾਂ ਤੂੰ ਛੁਟੇਂਗਾ, ਜਾ, ਨੀਵਾਂ ਹੋ ਕੇ ਆਪਣੇ ਗੁਆਂਢੀ ਨੂੰ ਮਨਾ ਲੈ।

[4] ਨਾ ਆਪਣੀਆਂ ਅੱਖਾਂ ਵਿੱਚ ਨੀਂਦ ਆਉਣ ਦੇ, ਨਾ ਆਪਣੀਆਂ ਪਲਕਾਂ ਨੂੰ ਝਪਕਣ ਦੇ।

[5] ਜਿਵੇਂ ਸ਼ਿਕਾਰੀ ਦੇ ਹੱਥੋਂ ਹਿਰਨੀ ਅਤੇ ਚਿੜ੍ਹੀਮਾਰ ਦੇ ਹੱਥੋਂ ਚਿੜ੍ਹੀ, ਉਸੇ ਤਰ੍ਹਾਂ ਹੀ ਆਪਣੇ ਆਪ ਨੂੰ ਛੁਡਾ ਲੈ।

[6] ਹੇ ਆਲਸੀ, ਤੂੰ ਕੀੜੀ ਕੋਲ ਜਾ, ਉਹ ਦੇ ਰਾਹਾਂ ਨੂੰ ਵੇਖ ਅਤੇ ਬੁੱਧਵਾਨ ਬਣ,

[7] ਜਿਸ ਦਾ ਨਾ ਕੋਈ ਆਗੂ, ਨਾ ਪ੍ਰਧਾਨ, ਨਾ ਹਾਕਮ ਹੈ,

[8] ਉਹ ਆਪਣਾ ਭੋਜਨ ਗਰਮੀਆਂ ਵਿੱਚ ਜੋੜਦੀ ਅਤੇ ਵਾਢੀ ਦੇ ਵੇਲੇ ਆਪਣੀਆਂ ਖਾਣ ਵਾਲੀਆਂ ਵਸਤਾਂ ਇਕੱਠੀਆਂ ਕਰਦੀ ਹੈ।

[9] ਹੇ ਆਲਸੀ, ਤੂੰ ਕਦੋਂ ਤੱਕ ਪਿਆ ਰਹੇਂਗਾ? ਤੂੰ ਕਦੋਂ ਆਪਣੀ ਨੀਂਦ ਤੋਂ ਉੱਠੇਂਗਾ?

[10] ਰੱਤੀ ਕੁ ਨੀਂਦ, ਰੱਤੀ ਕੁ ਊਂਘ, ਰੱਤੀ ਕੁ ਹੱਥ ਇਕੱਠੇ ਕਰਕੇ ਲੰਮਾ ਪੈਣਾ,

[11] ਇਸੇ ਤਰ੍ਹਾਂ ਗਰੀਬੀ ਡਾਕੂ ਵਾਂਗੂੰ, ਅਤੇ ਤੰਗੀ ਸ਼ਸਤਰਧਾਰੀ ਵਾਂਗੂੰ ਤੇਰੇ ਉੱਤੇ ਆ ਪਵੇਗੀ!

[12] ਨਿਕੰਮਾ ਆਦਮੀ ਅਤੇ ਬੁਰਾ ਮਨੁੱਖ, ਪੁੱਠੀਆਂ ਗੱਲਾਂ ਬਕਦਾ ਹੈ।

[13] ਉਹ ਅੱਖਾਂ ਮਾਰਦਾ ਹੈ ਅਤੇ ਪੈਰਾਂ ਨੂੰ ਘਸਾਉਂਦਾ, ਅਤੇ ਉਂਗਲਾਂ ਨਾਲ ਇਸ਼ਾਰੇ ਕਰਦਾ ਹੈ।

[14] ਉਹ ਦਾ ਮਨ ਟੇਢਾ ਹੈ, ਉਹ ਨਿੱਤ ਬੁਰਿਆਈ ਦੀਆਂ ਜੁਗਤਾਂ ਕਰਦਾ, ਅਤੇ ਝਗੜੇ ਪਾਉਂਦਾ ਹੈ,

[15] ਇਸ ਲਈ ਬਿਪਤਾ ਅਚਾਨਕ ਹੀ ਉਹ ਦੇ ਉੱਤੇ ਆ ਪਵੇਗੀ, ਇੱਕ ਪਲ ਵਿੱਚ ਹੀ ਉਹ ਨਾਸ ਹੋ ਜਾਵੇਗਾ ਅਤੇ ਬਚਣ ਦਾ ਕੋਈ ਉਪਾਅ ਨਾ ਹੋਵੇਗਾ।

[16] ਛੇ ਗੱਲਾਂ ਨਾਲ ਯਹੋਵਾਹ ਵੈਰ ਰੱਖਦਾ ਹੈ, ਸਗੋਂ ਸੱਤ ਹਨ ਜਿਹੜੀਆਂ ਉਹ ਨੂੰ ਘਿਣਾਉਣੀਆਂ ਲੱਗਦੀਆਂ ਹਨ,

[17] ਉੱਚੀਆਂ ਅੱਖਾਂ, ਝੂਠੀ ਜੀਭ, ਅਤੇ ਬੇਦੋਸ਼ ਦਾ ਖ਼ੂਨ ਕਰਨ ਵਾਲੇ ਹੱਥ,

[18] ਉਹ ਮਨ ਜਿਹੜਾ ਖੋਟੀਆਂ ਜੁਗਤਾਂ ਕਰਦਾ ਹੈ, ਉਹ ਪੈਰ ਜਿਹੜੇ ਬੁਰਿਆਈ ਕਰਨ ਨੂੰ ਫੁਰਤੀ ਨਾਲ ਭੱਜਦੇ ਹਨ,

[19] ਝੂਠਾ ਗਵਾਹ ਜਿਹੜਾ ਝੂਠ ਮਾਰਦਾ ਹੈ ਅਤੇ ਭਾਈਆਂ ਵਿੱਚ ਝਗੜਾ ਪਾਉਣ ਵਾਲਾ।

[20] ਹੇ ਮੇਰੇ ਪੁੱਤਰ ਤੂੰ ਆਪਣੇ ਪਿਤਾ ਦੀ ਆਗਿਆ ਮੰਨ ਅਤੇ ਆਪਣੀ ਮਾਤਾ ਦੀ ਸਿੱਖਿਆ ਨੂੰ ਨਾ ਛੱਡ।

[21] ਉਹਨਾਂ ਨੂੰ ਸਦਾ ਆਪਣੇ ਮਨ ਵਿੱਚ ਬੰਨ੍ਹੀ ਰੱਖ, ਅਤੇ ਉਹਨਾਂ ਨੂੰ ਆਪਣੇ ਗਲ਼ ਦਾ ਹਾਰ ਬਣਾ ਲੈ।

[22] ਜਦ ਤੂੰ ਕਿਤੇ ਜਾਵੇਂਗਾ ਤਾਂ ਉਹ ਤੇਰੀ ਅਗਵਾਈ ਕਰਨਗੀਆਂ, ਜਦ ਤੂੰ ਲੰਮਾ ਪਵੇਂਗਾ ਤਾਂ ਉਹ ਤੇਰੀ ਰਾਖੀ ਕਰਨਗੀਆਂ,

[23] ਕਿਉਂ ਜੋ ਹੁਕਮ ਦੀਵਾ, ਸਿੱਖਿਆ ਜੋਤ, ਅਤੇ ਸਿਖਾਉਣ ਵਾਲੇ ਦੀ ਤਾੜ ਜੀਵਨ ਦਾ ਰਾਹ ਹੈ।

[24] ਤਾਂ ਜੋ ਉਹ ਤੈਨੂੰ ਬੁਰੀ ਔਰਤ ਤੋਂ, ਅਤੇ ਓਪਰੀ ਦੀ ਜੀਭ ਦੀਆਂ ਭਰਮਾਉਣ ਵਾਲੀਆਂ ਗੱਲਾਂ ਤੋਂ ਬਚਾਉਣ।

[25] ਆਪਣੇ ਦਿਲ ਵਿੱਚ ਉਹ ਦੇ ਸੁਹੱਪਣ ਦੀ ਕਾਮਨਾ ਨਾ ਕਰ, ਨਾ ਉਹ ਆਪਣੀਆਂ ਪਲਕਾਂ ਨਾਲ ਤੈਨੂੰ ਫਸਾ ਲਵੇ,

[26] ਕਿਉਂ ਜੋ ਵੇਸਵਾ ਦੇ ਕਾਰਨ ਆਦਮੀ ਰੋਟੀ ਦੇ ਟੁੱਕੜੇ ਤੱਕ ਮੋਹਤਾਜ਼ ਹੋ ਜਾਂਦਾ ਹੈ ਅਤੇ ਪਰਾਈ ਔਰਤ ਅਣਮੋਲ ਜੀਵਨ ਦਾ ਸ਼ਿਕਾਰ ਕਰ ਲੈਂਦੀ ਹੈ।

[27] ਭਲਾ, ਕੋਈ ਮਨੁੱਖ ਆਪਣੀ ਬੁੱਕਲ ਵਿੱਚ ਅੱਗ ਲੈ ਸਕਦਾ ਹੈ, ਅਤੇ ਉਹ ਦੇ ਕੱਪੜੇ ਨਾ ਸੜਨ?

[28] ਕੋਈ ਅੰਗਿਆਰਿਆਂ ਉੱਤੇ ਤੁਰੇ, ਅਤੇ ਉਹ ਦੇ ਪੈਰ ਨਾ ਝੁਲਸਣ?

[29] ਅਜਿਹਾ ਹੀ ਉਹ ਹੈ ਜੋ ਆਪਣੇ ਗੁਆਂਢੀ ਦੀ ਔਰਤ ਕੋਲ ਜਾਂਦਾ ਹੈ, ਜੋ ਕੋਈ ਉਹ ਨੂੰ ਹੱਥ ਲਾਵੇ ਉਹ ਬਿਨ੍ਹਾਂ ਦੰਡ ਭੋਗੇ ਨਾ ਛੁੱਟੇਗਾ।

[30] ਚੋਰ ਜਿਹੜਾ ਭੁੱਖ ਦੇ ਮਾਰੇ ਢਿੱਡ ਭਰਨ ਨੂੰ ਚੋਰੀ ਕਰਦਾ ਹੈ, ਉਹ ਨੂੰ ਲੋਕ ਬੁਰਾ ਨਹੀਂ ਜਾਣਦੇ,

[31] ਪਰ ਜੇ ਫੜ੍ਹਿਆ ਜਾਵੇ, ਤਾਂ ਉਹ ਨੂੰ ਸੱਤ ਗੁਣਾ ਭਰਨਾ, ਸਗੋਂ ਆਪਣੇ ਘਰ ਦਾ ਸਾਰਾ ਮਾਲ ਦੇਣਾ ਪਵੇਗਾ।

[32] ਜਿਹੜਾ ਕਿਸੇ ਔਰਤ ਨਾਲ ਭੋਗ ਕਰਦਾ ਹੈ ਉਹ ਨਿਰਬੁੱਧ ਹੈ, ਜਿਹੜਾ ਇਹ ਕਰਦਾ ਹੈ, ਉਹ ਆਪਣੀ ਜਾਨ ਦਾ ਨਾਸ ਕਰਦਾ ਹੈ।

[33] ਉਹ ਦੇ ਲਈ ਜ਼ਖਮ ਅਤੇ ਬੇਇੱਜ਼ਤੀ ਹੋਵੇਗੀ, ਅਤੇ ਉਹ ਦੀ ਬਦਨਾਮੀ ਕਦੇ ਨਾ ਮਿਟੇਗੀ।

[34] ਅਣਖ ਤਾਂ ਮਰਦ ਨੂੰ ਕ੍ਰੋਧਿਤ ਕਰਦੀ ਹੈ, ਅਤੇ ਬਦਲਾ ਲੈਣ ਦੇ ਸਮੇਂ ਉਹ ਤਰਸ ਨਹੀਂ ਖਾਵੇਗਾ।

[35] ਉਹ ਕੋਈ ਮੁਆਵਜ਼ਾ ਕਬੂਲ ਨਹੀਂ ਕਰੇਗਾ, ਅਤੇ ਭਾਵੇਂ ਤੂੰ ਬਹੁਤ ਹਰਜ਼ਾਨਾ ਦੇਵੇਂ ਪਰ ਉਹ ਨਹੀਂ ਮੰਨੇਗਾ।

ਕਹਾਉਤਾਂ — Chapters