Skip to content
Opens in a new window
Listen to this chapter • 3:37

[1] ਮਨ ਦੀਆਂ ਯੋਜਨਾਵਾਂ ਤਾਂ ਆਦਮੀ ਦੇ ਵੱਸ ਵਿੱਚ ਹਨ, ਪਰ ਜ਼ੁਬਾਨੋ ਉੱਤਰ ਯਹੋਵਾਹ ਵੱਲੋਂ ਹੁੰਦਾ ਹੈ।

[2] ਮਨੁੱਖ ਦੀ ਸਾਰੀ ਚਾਲ ਉਹ ਦੀ ਆਪਣੀ ਨਿਗਾਹ ਵਿੱਚ ਸ਼ੁੱਧ ਹੈ, ਪਰ ਯਹੋਵਾਹ ਮਨਾਂ ਨੂੰ ਜਾਚਦਾ ਹੈ।

[3] ਆਪਣੇ ਕੰਮਾਂ ਨੂੰ ਯਹੋਵਾਹ ਉੱਤੇ ਛੱਡ ਦੇ, ਤਾਂ ਤੇਰੇ ਮਨੋਰਥ ਪੂਰੇ ਹੋਣਗੇ।

[4] ਯਹੋਵਾਹ ਨੇ ਸਾਰੀਆਂ ਵਸਤਾਂ ਖ਼ਾਸ ਮਕਸਦ ਲਈ ਬਣਾਈਆਂ, ਹਾਂ, ਦੁਸ਼ਟ ਨੂੰ ਵੀ ਬਿਪਤਾ ਦੇ ਦਿਨ ਲਈ ਬਣਾਇਆ।

[5] ਹਰੇਕ ਜਿਹ ਦੇ ਮਨ ਵਿੱਚ ਹੰਕਾਰ ਹੈ ਉਸ ਤੋਂ ਯਹੋਵਾਹ ਨੂੰ ਘਿਣ ਆਉਂਦੀ ਹੈ, ਮੈਂ ਦਲੇਰੀ ਨਾਲ ਆਖਦਾ ਹਾਂ ਕਿ ਅਜਿਹੇ ਲੋਕ ਬਿਨ੍ਹਾਂ ਸਜ਼ਾ ਤੋਂ ਨਾ ਛੁੱਟਣਗੇ।

[6] ਦਯਾ ਅਤੇ ਸਚਿਆਈ ਨਾਲ ਕੁਧਰਮ ਢੱਕਿਆ ਜਾਂਦਾ ਹੈ, ਅਤੇ ਯਹੋਵਾਹ ਦਾ ਭੈਅ ਮੰਨਣ ਕਰਕੇ ਲੋਕ ਬੁਰਿਆਈ ਤੋਂ ਬਚੇ ਰਹਿੰਦੇ ਹਨ।

[7] ਜਦ ਕਿਸੇ ਦੀ ਚਾਲ ਯਹੋਵਾਹ ਨੂੰ ਭਾਉਂਦੀ ਹੈ, ਤਾਂ ਉਹ ਉਸ ਦੇ ਵੈਰੀਆਂ ਨਾਲ ਵੀ ਉਸ ਦਾ ਮੇਲ ਕਰਾਉਂਦਾ ਹੈ।

[8] ਧਰਮ ਨਾਲ ਥੋੜਾ ਜਿਹਾ ਲਾਭ ਬੇਇਮਾਨੀ ਦੀ ਵੱਡੀ ਆਮਦਨੀ ਨਾਲੋਂ ਚੰਗਾ ਹੈ।

[9] ਆਦਮੀ ਦੇ ਮਨ ਦੇ ਵਿਚਾਰ ਉਹ ਦੇ ਰਾਹਾਂ ਨੂੰ ਠਹਿਰਾਉਂਦੇ ਹਨ, ਪਰ ਯਹੋਵਾਹ ਉਹ ਦੇ ਪੈਰਾਂ ਦੀ ਅਗਵਾਈ ਕਰਦਾ ਹੈ।

[10] ਰਾਜੇ ਦੇ ਮੂੰਹ ਤੋਂ ਸਵਰਗੀ ਬਚਨ ਨਿੱਕਲਦਾ ਹੈ, ਨਿਆਂ ਕਰਨ ਦੇ ਸਮੇਂ ਉਹ ਦਾ ਮੂੰਹ ਭੁੱਲ ਨਹੀਂ ਕਰਦਾ।

[11] ਸੱਚੀ ਤੱਕੜੀ ਦੇ ਪੱਲੇ ਯਹੋਵਾਹ ਦੇ ਹਨ, ਗੁੱਥਲੀ ਦੇ ਸਾਰੇ ਵੱਟੇ ਓਸੇ ਦਾ ਕੰਮ ਹਨ।

[12] ਬੁਰਿਆਈ ਕਰਨੀ ਰਾਜੇ ਲਈ ਘਿਣਾਉਣੀ ਹੈ, ਕਿਉਂ ਜੋ ਧਰਮ ਨਾਲ ਹੀ ਉਨ੍ਹਾਂ ਦੀ ਗੱਦੀ ਦਾ ਟਿਕਾਓ ਹੁੰਦਾ ਹੈ।

[13] ਧਰਮੀ ਦੇ ਬੋਲਾਂ ਤੋਂ ਰਾਜਾ ਪ੍ਰਸੰਨ ਹੁੰਦਾ ਹੈ, ਅਤੇ ਜਿਹੜਾ ਸਿੱਧੀ ਗੱਲ ਕਰਦਾ ਹੈ ਉਹ ਦੇ ਨਾਲ ਉਹ ਪ੍ਰੇਮ ਰੱਖਦਾ ਹੈ।

[14] ਰਾਜੇ ਦਾ ਗੁੱਸਾ ਮੌਤ ਦੇ ਦੂਤ ਵਰਗਾ ਹੈ, ਪਰ ਬੁੱਧਵਾਨ ਮਨੁੱਖ ਉਹ ਨੂੰ ਠੰਡਾ ਕਰਦਾ ਹੈ।

[15] ਰਾਜੇ ਦੇ ਮੁੱਖ ਦੀ ਚਮਕ ਵਿੱਚ ਜੀਵਨ ਹੈ, ਅਤੇ ਉਹ ਦੀ ਕਿਰਪਾ ਬਰਸਾਤ ਦੀ ਆਖਰੀ ਬੱਦਲੀ ਵਰਗੀ ਹੁੰਦੀ ਹੈ।

[16] ਬੁੱਧ ਦੀ ਪ੍ਰਾਪਤੀ ਚੋਖੇ ਸੋਨੇ ਨਾਲੋਂ ਕਿੰਨੀ ਉੱਤਮ ਹੈ, ਅਤੇ ਚਾਂਦੀ ਨਾਲੋਂ ਸਮਝ ਦਾ ਪ੍ਰਾਪਤ ਕਰਨਾ ਚੁਣਨਾ ਚਾਹੀਦਾ ਹੈ।

[17] ਬੁਰਿਆਈ ਤੋਂ ਦੂਰ ਰਹਿਣਾ ਸਚਿਆਰਾਂ ਦੇ ਲਈ ਰਾਜ ਮਾਰਗ ਹੈ, ਜਿਹੜਾ ਆਪਣੀ ਚਾਲ ਦੀ ਚੌਕਸੀ ਕਰਦਾ ਹੈ ਉਹ ਆਪਣੀ ਜਾਨ ਨੂੰ ਬਚਾਉਂਦਾ ਹੈ।

[18] ਨਾਸ ਤੋਂ ਪਹਿਲਾਂ ਹੰਕਾਰ ਅਤੇ ਡਿੱਗਣ ਤੋਂ ਪਹਿਲਾਂ ਘਮੰਡੀ ਰੂਹ ਆਉਂਦੀ ਹੈ।

[19] ਘਮੰਡੀਆਂ ਨਾਲ ਲੁੱਟ ਦਾ ਮਾਲ ਵੰਡਣ ਨਾਲੋਂ ਕੰਗਾਲਾਂ ਦੇ ਨਾਲ ਨੀਵਾਂ ਹੋ ਕੇ ਰਹਿਣਾ ਚੰਗਾ ਹੈ।

[20] ਜਿਹੜਾ ਬਚਨ ਉੱਤੇ ਮਨ ਲਾਉਂਦਾ ਹੈ ਉਹ ਦਾ ਭਲਾ ਹੋਵੇਗਾ, ਅਤੇ ਜਿਹੜਾ ਯਹੋਵਾਹ ਉੱਤੇ ਭਰੋਸਾ ਰੱਖਦਾ ਹੈ ਉਹ ਧੰਨ ਹੋਵੇਗਾ!

[21] ਜਿਹੜਾ ਬੁੱਧਵਾਨ ਹੈ ਉਹ ਸਮਝਦਾਰ ਕਹਾਉਂਦਾ ਹੈ, ਅਤੇ ਮਿੱਠਾ ਬੋਲਣ ਨਾਲ ਸਿਖਾਉਣ ਦੀ ਸ਼ਕਤੀ ਵੱਧ ਜਾਂਦੀ ਹੈ।

[22] ਬੁੱਧਵਾਨ ਦੇ ਲਈ ਬੁੱਧ ਜੀਵਨ ਦਾ ਸੋਤਾ ਹੈ, ਪਰ ਮੂਰਖਾਂ ਨੂੰ ਸਿਖਾਉਣਾ ਮੂਰਖਤਾਈ ਹੀ ਹੈ।

[23] ਬੁੱਧਵਾਨ ਦਾ ਮਨ ਉਹ ਦੇ ਮੂੰਹ ਨੂੰ ਸਿਖਾਉਂਦਾ ਹੈ, ਅਤੇ ਉਹ ਦੇ ਬੋਲਾਂ ਵਿੱਚ ਗਿਆਨ ਹੁੰਦਾ ਹੈ।

[24] ਮਨਭਾਉਂਦੇ ਬਚਨ ਸ਼ਹਿਦ ਦੇ ਛੱਤੇ ਵਾਂਗੂੰ ਹਨ, ਉਹ ਜਾਨ ਨੂੰ ਮਿੱਠੇ ਲੱਗਦੇ ਹਨ ਅਤੇ ਹੱਡੀਆਂ ਨੂੰ ਸਿਹਤ ਦਿੰਦੇ ਹਨ।

[25] ਇੱਕ ਅਜਿਹਾ ਰਾਹ ਵੀ ਹੈ ਜੋ ਮਨੁੱਖ ਨੂੰ ਸਿੱਧਾ ਜਾਪਦਾ ਹੈ, ਪਰ ਉਹ ਦੇ ਅੰਤ ਵਿੱਚ ਮੌਤ ਮਿਲਦੀ ਹੈ।

[26] ਮਜ਼ਦੂਰ ਦੀ ਲਾਲਸਾ ਉਸ ਤੋਂ ਮਜ਼ਦੂਰੀ ਕਰਾਉਂਦੀ ਹੈ, ਉਹ ਦੀ ਭੁੱਖ ਉਹ ਨੂੰ ਉਭਾਰਦੀ ਹੈ।

[27] ਕੁਧਰਮੀ ਮਨੁੱਖ ਬੁਰਿਆਈ ਦੀਆਂ ਯੋਜਨਾਵਾਂ ਬਣਾਉਂਦਾ ਹੈ, ਤੇ ਉਹ ਦੇ ਬੁੱਲ੍ਹਾਂ ਵਿੱਚ ਜਾਣੋ ਸਾੜਨ ਵਾਲੀ ਅੱਗ ਹੁੰਦੀ ਹੈ।

[28] ਟੇਢਾ ਮਨੁੱਖ ਝਗੜੇ ਚੁੱਕਦਾ ਹੈ, ਅਤੇ ਚੁਗਲੀ ਕਰਨ ਵਾਲਾ ਆਪਣੇ ਜਾਨੀ ਮਿੱਤਰਾਂ ਵਿੱਚ ਫੁੱਟ ਪਾ ਦਿੰਦਾ ਹੈ।

[29] ਹਨ੍ਹੇਰ ਕਰਨ ਵਾਲਾ ਆਪਣੇ ਗੁਆਂਢੀ ਨੂੰ ਫੁਸਲਾ ਕੇ, ਭੈੜੇ ਰਾਹ ਵਿੱਚ ਪਾ ਦਿੰਦਾ ਹੈ।

[30] ਅੱਖੀਆਂ ਮਟਕਾਉਣ ਵਾਲਾ ਟੇਢੇ ਕੰਮ ਸੋਚਦਾ ਹੈ, ਬੁੱਲ੍ਹ ਘੁੱਟਣ ਵਾਲਾ ਬੁਰਿਆਈ ਕਰ ਛੱਡਦਾ ਹੈ।

[31] ਧੌਲਾ ਸਿਰ ਸਜਾਵਟ ਦਾ ਮੁਕਟ ਹੈ, ਉਹ ਧਰਮ ਦੇ ਮਾਰਗ ਤੋਂ ਪ੍ਰਾਪਤ ਹੁੰਦਾ ਹੈ।

[32] ਜਿਹੜਾ ਕ੍ਰੋਧ ਵਿੱਚ ਧੀਮਾ ਹੈ ਉਹ ਸੂਰਬੀਰ ਨਾਲੋਂ, ਅਤੇ ਆਪਣੀ ਰੂਹ ਨੂੰ ਵੱਸ ਵਿੱਚ ਰੱਖਣ ਵਾਲਾ, ਸ਼ਹਿਰ ਦੇ ਜਿੱਤਣ ਵਾਲੇ ਨਾਲੋਂ ਚੰਗਾ ਹੈ।

[33] ਬੁੱਕਲ ਵਿੱਚ ਪਰਚੀਆਂ ਪਾਈਆਂ ਜਾਂਦੀਆਂ ਹਨ, ਪਰ ਉਨ੍ਹਾਂ ਦਾ ਫੈਸਲਾ ਯਹੋਵਾਹ ਵੱਲੋਂ ਹੀ ਹੁੰਦਾ ਹੈ।

ਕਹਾਉਤਾਂ — Chapters