[1] ਵੱਡੇ ਧਨ ਨਾਲੋਂ ਨੇਕਨਾਮੀ ਚੁਣਨੀ ਚਾਹੀਦੀ ਹੈ, ਅਤੇ ਸੋਨੇ ਚਾਂਦੀ ਨਾਲੋਂ ਕਿਰਪਾ ਚੰਗੀ ਹੈ।
[2] ਧਨੀ ਅਤੇ ਕੰਗਾਲ ਇੱਕ ਸਮਾਨਤਾ ਹੈ, ਕਿ ਉਨ੍ਹਾਂ ਸਭਨਾਂ ਦਾ ਸਿਰਜਣਹਾਰ ਯਹੋਵਾਹ ਹੈ।
[3] ਸਿਆਣਾ ਤਾਂ ਬਿਪਤਾ ਨੂੰ ਵੇਖ ਕੇ ਲੁੱਕ ਜਾਂਦਾ ਹੈ, ਪਰ ਭੋਲੇ ਅਗਾਹਾਂ ਵਧ ਕੇ ਕਸ਼ਟ ਭੋਗਦੇ ਹਨ।
[4] ਨਮਰਤਾ ਅਤੇ ਯਹੋਵਾਹ ਦਾ ਭੈਅ ਮੰਨਣ ਦਾ ਫਲ ਧਨ, ਆਦਰ ਅਤੇ ਜੀਵਨ ਹੈ।
[5] ਟੇਢਿਆਂ ਦੇ ਰਾਹ ਵਿੱਚ ਕੰਡੇ ਅਤੇ ਫਾਹੀਆਂ ਹੁੰਦੀਆਂ ਹਨ, ਜਿਹੜਾ ਆਪਣੀ ਜਾਨ ਦੀ ਰੱਖਿਆ ਕਰਦਾ ਹੈ ਉਹ ਉਨ੍ਹਾਂ ਤੋਂ ਦੂਰ ਰਹਿੰਦਾ ਹੈ।
[6] ਬੱਚੇ ਨੂੰ ਉਸ ਰਾਹ ਦੀ ਸਿੱਖਿਆ ਦੇ ਜਿਸ ਵਿੱਚ ਉਸ ਨੂੰ ਚੱਲਣਾ ਚਾਹੀਦਾ ਹੈ, ਤਾਂ ਉਹ ਬੁੱਢਾ ਹੋ ਕੇ ਵੀ ਉਸ ਤੋਂ ਕਦੀ ਨਾ ਹਟੇਗਾ।
[7] ਧਨਵਾਨ ਕੰਗਾਲਾਂ ਉੱਤੇ ਹੁਕਮ ਚਲਾਉਂਦਾ ਹੈ, ਅਤੇ ਉਧਾਰ ਲੈਣ ਵਾਲਾ ਉਧਾਰ ਦੇਣ ਵਾਲੇ ਦਾ ਦਾਸ ਹੁੰਦਾ ਹੈ।
[8] ਜਿਹੜਾ ਬੁਰਾਈ ਬੀਜਦਾ ਹੈ ਉਹ ਬਿਪਤਾ ਹੀ ਵੱਢੇਗਾ, ਅਤੇ ਉਹ ਦੇ ਕਹਿਰ ਦੀ ਲਾਠੀ ਟੁੱਟ ਜਾਵੇਗੀ।
[9] ਜਿਹੜਾ ਭਲਿਆਈ ਦੀ ਨਿਗਾਹ ਕਰਦਾ ਹੈ ਉਹ ਮੁਬਾਰਕ ਹੈ, ਕਿਉਂ ਜੋ ਉਹ ਗਰੀਬ ਨੂੰ ਆਪਣੀ ਰੋਟੀ ਵਿੱਚੋਂ ਦਿੰਦਾ ਹੈ।
[10] ਠੱਠਾ ਕਰਨ ਵਾਲੇ ਨੂੰ ਕੱਢ ਦੇ ਤਾਂ ਝਗੜਾ ਮੁੱਕ ਜਾਵੇਗਾ, ਨਾਲੇ ਬਹਿਸ ਅਤੇ ਨਿਰਾਦਰ ਮਿਟ ਜਾਣਗੇ।
[11] ਜਿਹੜਾ ਮਨ ਦੀ ਸ਼ੁੱਧਤਾ ਨਾਲ ਪ੍ਰੇਮ ਰੱਖਦਾ ਹੈ, ਜਿਹ ਦੇ ਬੁੱਲ ਦਯਾਵਾਨ ਹਨ, ਰਾਜਾ ਉਹ ਦਾ ਮਿੱਤਰ ਹੋਵੇਗਾ।
[12] ਯਹੋਵਾਹ ਦੀ ਨਿਗਾਹ ਗਿਆਨ ਦੀ ਰੱਖਿਆ ਕਰਦੀ ਹੈ, ਪਰ ਧੋਖੇਬਾਜ਼ ਦੀਆਂ ਗੱਲਾਂ ਨੂੰ ਉਹ ਉਲਟ ਪੁਲਟ ਕਰ ਦਿੰਦਾ ਹੈ।
[13] ਆਲਸੀ ਆਖਦਾ ਹੈ ਭਈ ਬਾਹਰ ਤਾਂ ਸ਼ੇਰ ਹੈ, ਮੈਂ ਗਲੀਆਂ ਵਿੱਚ ਪਾੜਿਆ ਜਾਂਵਾਂਗਾ!
[14] ਪਰਾਈ ਔਰਤ ਦਾ ਮੂੰਹ ਇੱਕ ਡੂੰਘਾ ਟੋਆ ਹੈ, ਉਹ ਦੇ ਵਿੱਚ ਉਹ ਡਿੱਗਦਾ ਹੈ ਜਿਸ ਉੱਤੇ ਯਹੋਵਾਹ ਕ੍ਰੋਧਿਤ ਹੈ।
[15] ਬਾਲਕ ਦੇ ਮਨ ਵਿੱਚ ਮੂਰਖਤਾਈ ਬੱਧੀ ਹੋਈ ਹੁੰਦੀ ਹੈ, ਤਾੜਨ ਦੀ ਸੋਟੀ ਉਹ ਨੂੰ ਉਸ ਤੋਂ ਦੂਰ ਕਰ ਦਿੰਦੀ ਹੈ।
[16] ਜਿਹੜਾ ਆਪਣਾ ਧਨ ਵਧਾਉਣ ਲਈ ਗਰੀਬ ਉੱਤੇ ਅਨ੍ਹੇਰ ਕਰਦਾ, ਅਤੇ ਜੋ ਧਨਵਾਨ ਨੂੰ ਭੇਂਟ ਦਿੰਦਾ ਹੈ ਉਹਨਾਂ ਨੂੰ ਘਾਟਾ ਹੀ ਹੁੰਦਾ ਹੈ।
[17] ਕੰਨ ਲਾ ਕੇ ਬੁੱਧਵਾਨਾਂ ਦੇ ਬਚਨ ਸੁਣ, ਅਤੇ ਮੇਰੇ ਗਿਆਨ ਵੱਲ ਆਪਣਾ ਮਨ ਲਾ,
[18] ਜੇ ਤੂੰ ਆਪਣੇ ਮਨ ਵਿੱਚ ਉਹਨਾਂ ਦੀ ਪਾਲਣਾ ਕਰੇਂ ਅਤੇ ਓਹ ਸਭ ਤੇਰੇ ਮੂੰਹ ਵਿੱਚੋਂ ਨਿੱਕਲਣ, ਤਾਂ ਇਹ ਮਨ ਭਾਉਣੀ ਗੱਲ ਹੈ।
[19] ਮੈਂ ਅੱਜ ਦੇ ਦਿਨ ਓਹ ਤੈਨੂੰ, ਹਾਂ, ਤੈਨੂੰ ਹੀ ਸਿਖਾ ਦਿੱਤੀਆਂ ਹਨ, ਭਈ ਤੇਰਾ ਭਰੋਸਾ ਯਹੋਵਾਹ ਉੱਤੇ ਹੋਵੇ।
[20] ਭਲਾ, ਮੈਂ ਤੇਰੇ ਲਈ ਤੀਹ ਕਹਾਉਤਾਂ ਉਪਦੇਸ਼ ਅਤੇ ਗਿਆਨ ਲਈ ਨਹੀਂ ਲਿਖੀਆਂ,
[21] ਭਈ ਮੈਂ ਤੈਨੂੰ ਸਚਿਆਈ ਦੇ ਬਚਨਾਂ ਦੀ ਖਰਿਆਈ ਸਿਖਾਵਾਂ, ਕਿ ਤੂੰ ਸਚਿਆਈ ਦੇ ਬਚਨ ਆਪਣੇ ਘੱਲਣ ਵਾਲਿਆਂ ਕੋਲ ਲੈ ਜਾਵੇਂ?
[22] ਕੰਗਾਲ ਨੂੰ ਨਾ ਲੁੱਟ ਕਿਉਂ ਜੋ ਉਹ ਗਰੀਬ ਹੈ, ਅਤੇ ਨਾ ਦੁਖੀਏ ਉੱਤੇ ਫਾਟਕ ਵਿੱਚ ਅਨ੍ਹੇਰ ਕਰ,
[23] ਕਿਉਂ ਜੋ ਯਹੋਵਾਹ ਉਨ੍ਹਾਂ ਦਾ ਮੁਕੱਦਮਾ ਲੜੇਗਾ, ਅਤੇ ਉਹਨਾਂ ਦੇ ਲੁੱਟਣ ਵਾਲਿਆਂ ਦੀ ਜਾਨ ਨੂੰ ਲੁੱਟੇਗਾ।
[24] ਕ੍ਰੋਧੀ ਦਾ ਸਾਥੀ ਨਾ ਬਣੀਂ ਅਤੇ ਛੇਤੀ ਗੁੱਸਾ ਕਰਨ ਵਾਲੇ ਦੇ ਨਾਲ ਨਾ ਤੁਰੀਂ,
[25] ਕਿਤੇ ਅਜਿਹਾ ਨਾ ਹੋਵੇ ਜੋ ਤੂੰ ਉਹ ਦੀ ਚਾਲ ਸਿੱਖ ਲਵੇਂ, ਅਤੇ ਤੇਰੀ ਜਾਨ ਫਾਹੀ ਵਿੱਚ ਫਸ ਜਾਵੇ।
[26] ਜਿਹੜੇ ਹੱਥ ਤੇ ਹੱਥ ਮਾਰਦੇ ਅਤੇ ਕਰਜ਼ਾਈ ਦੇ ਜ਼ਮਾਨਤੀ ਬਣਦੇ ਹਨ, ਤੂੰ ਉਹਨਾਂ ਦੇ ਵਿੱਚ ਨਾ ਹੋ।
[27] ਜੇ ਤੇਰੇ ਕੋਲ ਭਰਨ ਨੂੰ ਕੁਝ ਨਾ ਹੋਵੇ, ਤਾਂ ਉਹ ਤੇਰੇ ਵਿਛਾਉਣੇ ਨੂੰ ਤੇਰੇ ਹੇਠੋਂ ਖਿੱਚ ਲੈ ਜਾਵੇਗਾ।
[28] ਜਿਹੜੇ ਪੁਰਾਣੇ ਬੰਨੇ ਤੇਰੇ ਵੱਡਿਆਂ ਨੇ ਲਾਏ ਸਨ, ਉਹਨਾਂ ਨੂੰ ਤੂੰ ਨਾ ਸਰਕਾ।
[29] ਜੇ ਤੂੰ ਕਿਸੇ ਨੂੰ ਉਹ ਦੇ ਕੰਮ ਵਿੱਚ ਨਿਪੁੰਨ ਵੇਖਦਾ ਹੈਂ? ਉਹ ਰਾਜੇ ਦੇ ਸਨਮੁਖ ਖੜ੍ਹਾ ਹੋਵੇਗਾ, ਉਹ ਛੋਟਿਆਂ ਦੇ ਅੱਗੇ ਖੜ੍ਹਾ ਨਾ ਹੋਵੇਗਾ।