Skip to content
Opens in a new window
Listen to this chapter • 2:59

[1] ਜਿਵੇਂ ਗਰਮੀ ਵਿੱਚ ਬਰਫ਼ ਅਤੇ ਵਾਢੀ ਵਿੱਚ ਵਰਖਾ, ਤਿਵੇਂ ਮੂਰਖ ਨੂੰ ਆਦਰ ਸੂਤ ਨਹੀਂ।

[2] ਜਿਵੇਂ ਚਿੜ੍ਹੀ ਭਟਕਦੀ ਅਤੇ ਬਾਲ ਕਟਾਰਾ ਉੱਡਦਾ ਫਿਰਦਾ ਹੈ, ਓਵੇਂ ਹੀ ਮੱਲੋ-ਮੱਲੀ ਦਾ ਸਰਾਪ ਨਹੀਂ ਪੈਂਦਾ।

[3] ਘੋੜੇ ਦੇ ਲਈ ਚਾਬੁਕ, ਗਧੇ ਦੇ ਲਈ ਲਗਾਮ, ਅਤੇ ਮੂਰਖ ਦੀ ਪਿੱਠ ਲਈ ਸੋਟੀ ਹੁੰਦੀ ਹੈ।

[4] ਮੂਰਖ ਨੂੰ ਉਹ ਦੀ ਮੂਰਖਤਾਈ ਦੇ ਅਨੁਸਾਰ ਉੱਤਰ ਨਾ ਦੇ, ਕਿਤੇ ਤੂੰ ਵੀ ਉਹ ਦੇ ਵਰਗਾ ਨਾ ਹੋ ਜਾਵੇਂ।

[5] ਮੂਰਖ ਨੂੰ ਉਹ ਦੀ ਮੂਰਖਤਾਈ ਦੇ ਅਨੁਸਾਰ ਉੱਤਰ ਦੇ, ਕਿਤੇ ਉਹ ਆਪਣੇ ਲੇਖੇ ਵਿੱਚ ਬੁੱਧਵਾਨ ਨਾ ਬਣ ਬੈਠੇ।

[6] ਜਿਹੜਾ ਮੂਰਖ ਦੇ ਹੱਥ ਸੁਨੇਹਾ ਘੱਲਦਾ ਹੈ, ਉਹ ਆਪਣੇ ਪੈਰ ਤੇ ਕੁਹਾੜੀ ਮਾਰਦਾ ਅਤੇ ਜ਼ਹਿਰ ਪੀਂਦਾ ਹੈ।

[7] ਜਿਵੇਂ ਲੰਗੜੇ ਦੀਆਂ ਲਮਕਦੀਆਂ ਲੱਤਾਂ ਨਿਕੰਮੀਆਂ ਹਨ, ਓਵੇਂ ਮੂਰਖਾਂ ਦੇ ਮੂੰਹ ਵਿੱਚ ਕਹਾਉਤਾਂ ਹਨ।

[8] ਜਿਵੇਂ ਪੱਥਰਾਂ ਦੇ ਢੇਰ ਵਿੱਚ ਰਤਨਾਂ ਨੂੰ ਰੱਖਣਾ ਹੈ, ਓਵੇਂ ਮੂਰਖ ਨੂੰ ਆਦਰ ਦੇਣਾ ਹੈ,

[9] ਜਿਵੇਂ ਸ਼ਰਾਬੀ ਦੇ ਹੱਥ ਵਿੱਚ ਕੰਡਾ ਚੁੱਭਦਾ ਹੈ, ਤਿਵੇਂ ਮੂਰਖਾਂ ਦੇ ਮੂੰਹ ਵਿੱਚ ਦ੍ਰਿਸ਼ਟਾਂਤ ਹੈ।

[10] ਜਿਵੇਂ ਤੀਰ-ਅੰਦਾਜ਼ ਸਭਨਾਂ ਨੂੰ ਫੱਟੜ ਕਰਦਾ ਹੈ, ਤਿਵੇਂ ਉਹ ਹੈ ਜੋ ਮੂਰਖ ਅਤੇ ਲੰਘਣ ਵਾਲੇ ਨੂੰ ਮਜ਼ਦੂਰੀ ਤੇ ਲਾਉਂਦਾ ਹੈ।

[11] ਜਿਵੇਂ ਕੁੱਤਾ ਆਪਣੀ ਉਲਟੀ ਨੂੰ ਚੱਟ ਲੈਂਦਾ ਹੈ, ਓਵੇਂ ਮੂਰਖ ਆਪਣੀ ਮੂਰਖਤਾਈ ਨੂੰ ਦੁਹਰਾਉਂਦਾ ਹੈ।

[12] ਕੀ ਤੂੰ ਉਸ ਮਨੁੱਖ ਨੂੰ ਵੇਖਦਾ ਹੈਂ ਜੋ ਆਪਣੀ ਨਿਗਾਹ ਵਿੱਚ ਬੁੱਧਵਾਨ ਹੈ? ਉਹ ਦੇ ਨਾਲੋਂ ਮੂਰਖ ਲਈ ਵਧੇਰੀ ਆਸ ਹੈ!

[13] ਆਲਸੀ ਆਖਦਾ ਹੈ, ਰਾਹ ਵਿੱਚ ਤਾਂ ਸ਼ੇਰ ਹੈ, ਗਲੀਆਂ ਵਿੱਚ ਬੱਬਰ ਸ਼ੇਰ ਹੈ!

[14] ਜਿਵੇਂ ਦਰਵਾਜ਼ਾ ਕਬਜ਼ੇ ਉੱਤੇ ਘੁੰਮਦਾ ਹੈ, ਓਵੇਂ ਆਲਸੀ ਆਪਣੇ ਮੰਜੇ ਉੱਤੇ।

[15] ਆਲਸੀ ਆਪਣਾ ਹੱਥ ਥਾਲੀ ਵਿੱਚ ਪਾਉਂਦਾ ਹੈ, ਪਰ ਉਸ ਨੂੰ ਫੇਰ ਮੂੰਹ ਤੱਕ ਲਿਆਉਣ ਨਾਲ ਉਹ ਥੱਕ ਜਾਂਦਾ ਹੈ।

[16] ਆਲਸੀ ਆਪਣੀ ਆਪ ਨੂੰ ਉਹਨਾਂ ਸੱਤਾਂ ਜਣਿਆਂ ਨਾਲੋਂ ਵੀ ਜੋ ਠੀਕ ਉੱਤਰ ਦੇਣ ਜੋਗ ਹਨ, ਬੁੱਧਵਾਨ ਸਮਝਦਾ ਹੈ।

[17] ਜਿਹੜਾ ਰਾਹ ਤੁਰਦਿਆਂ ਪਰਾਏ ਝਗੜੇ ਵਿੱਚ ਪੈਰ ਅੜਾਉਂਦਾ ਹੈ, ਉਹ ਉਸ ਵਰਗਾ ਹੈ ਜੋ ਕੁੱਤੇ ਨੂੰ ਕੰਨੋਂ ਫੜੇ।

[18] ਜਿਵੇਂ ਇੱਕ ਅੱਗ ਅਤੇ ਮੌਤ ਦੇ ਤੀਰ ਸੁੱਟਦਾ ਹੈ,

[19] ਤਿਹਾ ਹੀ ਉਹ ਹੈ ਜਿਹੜਾ ਆਪਣੇ ਗੁਆਂਢੀ ਨੂੰ ਧੋਖਾ ਦੇ ਕੇ ਆਖਦਾ ਹੈ, ਭਲਾ, ਮੈਂ ਮਜ਼ਾਕ ਨਹੀਂ ਸੀ ਕਰਦਾ?

[20] ਜਿੱਥੇ ਬਾਲਣ ਨਹੀਂ ਉੱਥੇ ਅੱਗ ਬੁੱਝ ਜਾਂਦੀ ਹੈ, ਅਤੇ ਜਿੱਥੇ ਚੁਗਲੀਆਂ ਨਹੀਂ ਉੱਥੇ ਝਗੜਾ ਮੁੱਕ ਜਾਂਦਾ ਹੈ।

[21] ਜਿਵੇਂ ਅੰਗਿਆਰਿਆਂ ਉੱਤੇ ਕੋਇਲੇ ਅਤੇ ਅੱਗ ਉੱਤੇ ਲੱਕੜਾਂ, ਓਵੇਂ ਝਗੜੇ ਨੂੰ ਵਧਾਉਣ ਲਈ ਝਗੜਾਲੂ ਮਨੁੱਖ ਹੁੰਦਾ ਹੈ।

[22] ਚੁਗਲੀ ਕਰਨ ਵਾਲੇ ਦੀਆਂ ਗੱਲਾਂ ਸੁਆਦਲੀਆਂ ਬੁਰਕੀਆਂ ਵਰਗੀਆਂ ਹੁੰਦੀਆਂ ਹਨ, ਉਹ ਢਿੱਡ ਵਿੱਚ ਹੀ ਵੜ ਜਾਂਦੀਆਂ ਹਨ।

[23] ਜਿਵੇਂ ਮਿੱਟੀ ਦੇ ਭਾਂਡੇ ਉੱਤੇ ਚਾਂਦੀ ਦਾ ਪਾਣੀ ਚੜ੍ਹਾਇਆ ਹੋਵੇ, ਤਿਵੇਂ ਬੁਰੇ ਦਿਲ ਵਾਲੇ ਪ੍ਰੇਮ ਭਰੇ ਬਚਨ ਹੁੰਦੇ ਹਨ।

[24] ਵੈਰੀ ਆਪਣੇ ਬੁੱਲ੍ਹਾਂ ਨਾਲ ਤਾਂ ਕਪਟ ਕਰਦਾ, ਅਤੇ ਆਪਣੇ ਅੰਦਰ ਧੋਖਾ ਰੱਖ ਛੱਡਦਾ ਹੈ।

[25] ਜਦ ਉਹ ਮਿੱਠੀਆਂ-ਮਿੱਠੀਆਂ ਗੱਲਾਂ ਕਰੇ ਤਾਂ ਉਹ ਦਾ ਵਿਸ਼ਵਾਸ ਨਾ ਕਰੀਂ, ਕਿਉਂ ਜੋ ਉਹ ਦੇ ਦਿਲ ਵਿੱਚ ਸੱਤ ਘਿਣਾਉਣੀਆਂ ਗੱਲਾਂ ਹਨ।

[26] ਭਾਵੇਂ ਉਹ ਦਾ ਵੈਰ ਧੋਖੇ ਦੇ ਕਾਰਨ ਲੁਕਿਆ ਵੀ ਰਹੇ, ਤਾਂ ਵੀ ਉਹ ਦੀ ਬੁਰਿਆਈ ਸਭਾ ਦੇ ਵਿੱਚ ਪਰਗਟ ਕੀਤੀ ਜਾਵੇਗੀ।

[27] ਜਿਹੜਾ ਟੋਆ ਪੁੱਟਦਾ ਹੈ ਉਹ ਆਪੇ ਉਸ ਵਿੱਚ ਡਿੱਗੇਗਾ, ਅਤੇ ਜਿਹੜਾ ਪੱਥਰ ਰੇੜ੍ਹਦਾ ਹੈ ਉਹ ਮੁੜ ਕੇ ਓਸੇ ਉੱਤੇ ਆਣ ਪਵੇਗਾ।

[28] ਝੂਠੀ ਜੀਭ ਉਹਨਾਂ ਨਾਲ ਵੈਰ ਰੱਖਦੀ ਹੈ ਜਿਨ੍ਹਾਂ ਨੂੰ ਉਸ ਨੇ ਕੁਚਲਿਆ, ਅਤੇ ਚਾਪਲੂਸ ਮੂੰਹ ਨਾਸ ਕਰਦਾ ਹੈ।

ਕਹਾਉਤਾਂ — Chapters