Skip to content
Opens in a new window
Listen to this chapter • 5:31

[1] ਫੇਰ ਯਹੋਵਾਹ ਮੋਆਬ ਦੇ ਮੈਦਾਨ ਵਿੱਚ ਯਰਦਨ ਉੱਤੇ ਯਰੀਹੋ ਕੋਲ ਮੂਸਾ ਨੂੰ ਬੋਲਿਆ,

[2] ਇਸਰਾਏਲੀਆਂ ਨੂੰ ਹੁਕਮ ਦੇ, ਕਿ ਉਹ ਲੇਵੀਆਂ ਨੂੰ ਆਪਣੇ ਕਬਜ਼ੇ ਦੀ ਜ਼ਮੀਨ ਵਿੱਚੋਂ ਰਹਿਣ ਲਈ ਨਗਰ ਦੇਣ ਅਤੇ ਨਗਰਾਂ ਦੇ ਦੁਆਲੇ ਦੀ ਸ਼ਾਮਲਾਟ ਲੇਵੀਆਂ ਨੂੰ ਦੇਣ।

[3] ਨਗਰ ਉਨ੍ਹਾਂ ਦੇ ਰਹਿਣ ਲਈ ਅਤੇ ਸ਼ਾਮਲਾਟ ਉਨ੍ਹਾਂ ਦੇ ਪਸ਼ੂਆਂ ਲਈ, ਉਨ੍ਹਾਂ ਦੇ ਸਭ ਕੁਝ ਲਈ ਅਤੇ ਉਨ੍ਹਾਂ ਦੇ ਜਾਨਵਰਾਂ ਲਈ ਹੋਵੇ।

[4] ਅਤੇ ਨਗਰਾਂ ਦੀ ਸ਼ਾਮਲਾਟ ਜਿਹੜੀ ਤੁਸੀਂ ਲੇਵੀਆਂ ਨੂੰ ਦਿਓ ਨਗਰ ਦੀਆਂ ਕੰਧਾਂ ਤੋਂ ਲੈ ਕੇ ਬਾਹਰ ਵੱਲ ਆਲੇ-ਦੁਆਲੇ ਇੱਕ-ਇੱਕ ਹਜ਼ਾਰ ਹੱਥ ਹੋਵੇ।

[5] ਤੁਸੀਂ ਨਗਰ ਤੋਂ ਬਾਹਰ ਪੂਰਬ ਦੇ ਪਾਸੇ ਵੱਲ ਦੋ ਹਜ਼ਾਰ ਹੱਥ ਮਿਣੋ, ਦੱਖਣ ਦੇ ਪਾਸੇ ਵੱਲ ਦੋ ਹਜ਼ਾਰ, ਲਹਿੰਦੇ ਪਾਸੇ ਦੋ ਹਜ਼ਾਰ ਅਤੇ ਉੱਤਰ ਦੇ ਪਾਸੇ ਵੱਲ ਦੋ ਹਜ਼ਾਰ ਹੱਥ ਅਤੇ ਨਗਰ ਵਿਚਕਾਰ ਹੋਵੇ। ਇਹ ਉਨ੍ਹਾਂ ਦੇ ਨਗਰਾਂ ਦੀਆਂ ਸ਼ਾਮਲਾਟਾਂ ਹੋਣ।

[6] ਜਿਹੜੇ ਨਗਰ ਤੁਸੀਂ ਲੇਵੀਆਂ ਨੂੰ ਦਿਓਗੇ ਉਹ ਛੇ ਨਗਰ ਪਨਾਹ ਦੇ ਨਗਰ ਹੋਣ ਜਿਨ੍ਹਾਂ ਨੂੰ ਤੁਸੀਂ ਖੂਨੀ ਦੇ ਭੱਜ ਜਾਣ ਲਈ ਠਹਿਰਾਓ ਅਤੇ ਉਨ੍ਹਾਂ ਤੋਂ ਬਿਨ੍ਹਾਂ ਤੁਸੀਂ ਬਿਆਲੀ ਨਗਰ ਹੋਰ ਦਿਓ।

[7] ਸੋ ਸਾਰੇ ਨਗਰ ਜਿਹੜੇ ਤੁਸੀਂ ਲੇਵੀਆਂ ਨੂੰ ਦਿਓ ਅਠਤਾਲੀ ਨਗਰ ਸ਼ਾਮਲਾਟ ਨਾਲ ਹੋਣ।

[8] ਅਤੇ ਉਹ ਨਗਰ ਜਿਹੜੇ ਤੁਸੀਂ ਇਸਰਾਏਲੀਆਂ ਦੀ ਜ਼ਮੀਨ ਤੋਂ ਦੇਣੇ ਉਹ ਬਹੁਤਿਆਂ ਵਿੱਚੋਂ ਬਹੁਤੇ ਅਤੇ ਥੋੜ੍ਹਿਆਂ ਵਿੱਚੋਂ ਥੋੜ੍ਹੇ ਦਿਓ। ਹਰ ਇੱਕ ਆਪਣੀ ਜ਼ਮੀਨ ਅਨੁਸਾਰ ਜਿਹੜੀ ਉਹ ਨੂੰ ਮਿਲੀ ਹੈ ਆਪਣੇ ਨਗਰਾਂ ਵਿੱਚੋਂ ਲੇਵੀਆਂ ਨੂੰ ਦੇਵੇ।

[9] ਯਹੋਵਾਹ ਨੇ ਮੂਸਾ ਨੂੰ ਆਖਿਆ,

[10] ਇਸਰਾਏਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਆਖ, ਜਦ ਤੁਸੀਂ ਕਨਾਨ ਦੇਸ ਨੂੰ ਯਰਦਨ ਪਾਰ ਲੰਘੋ

[11] ਤਾਂ ਤੁਸੀਂ ਆਪਣੇ ਲਈ ਨਗਰ ਠਹਿਰਾਓ ਜਿਹੜੇ ਤੁਹਾਡੇ ਲਈ ਪਨਾਹ ਦੇ ਨਗਰ ਹੋਣ ਜਿੱਥੇ ਖੂਨੀ ਭੱਜ ਜਾਵੇ ਜਿਸ ਕਿਸੇ ਨੂੰ ਭੁੱਲ ਨਾਲ ਮਾਰਿਆ ਹੋਵੇ।

[12] ਅਤੇ ਇਹ ਨਗਰ ਤੁਹਾਡੇ ਲਈ ਬਦਲਾ ਲੈਣ ਵਾਲੇ ਤੋਂ ਪਨਾਹ ਲਈ ਹੋਣ ਤਾਂ ਜੋ ਖੂਨੀ ਮਰ ਨਾ ਜਾਵੇ ਜਿੰਨਾਂ ਚਿਰ ਉਹ ਮੰਡਲੀ ਦੇ ਅੱਗੇ ਨਿਆਂ ਲਈ ਖੜ੍ਹਾ ਨਾ ਕੀਤਾ ਜਾਵੇ।

[13] ਅਤੇ ਜਿਹੜੇ ਨਗਰ ਤੁਸੀਂ ਦਿਓ ਉਹ ਤੁਹਾਡੇ ਲਈ ਛੇ ਨਗਰ ਪਨਾਹ ਦੇ ਨਗਰ ਹੋਣ।

[14] ਤਿੰਨ ਨਗਰ ਯਰਦਨ ਤੋਂ ਪਾਰ ਅਤੇ ਤਿੰਨ ਨਗਰ ਕਨਾਨ ਦੇਸ ਵਿੱਚ ਠਹਿਰਾਓ ਅਤੇ ਉਹ ਪਨਾਹ ਦੇ ਨਗਰ ਹੋਣ।

[15] ਇਸਰਾਏਲੀਆਂ ਲਈ, ਪਰਦੇਸੀਆਂ ਲਈ ਅਤੇ ਉਸ ਲਈ ਜਿਹੜਾ ਉਨ੍ਹਾਂ ਵਿੱਚ ਵੱਸਦਾ ਹੋਵੇ ਇਹ ਛੇ ਨਗਰ ਪਨਾਹ ਲਈ ਹੋਣ ਤਾਂ ਜੋ ਜੇ ਕੋਈ ਕਿਸੇ ਨੂੰ ਭੁੱਲ ਨਾਲ ਮਾਰ ਦੇਵੇ ਉਹ ਉੱਥੇ ਭੱਜ ਜਾਵੇ।

[16] ਪਰ ਜੇ ਉਸ ਨੇ ਕਿਸੇ ਨੂੰ ਲੋਹੇ ਦੇ ਕਿਸੇ ਹਥਿਆਰ ਨਾਲ ਮਾਰਿਆ ਹੋਵੇ ਕਿ ਉਹ ਮਰ ਗਿਆ ਹੋਵੇ ਤਾਂ ਉਹ ਖੂਨੀ ਹੈ ਅਤੇ ਉਹ ਖੂਨੀ ਜ਼ਰੂਰ ਮਾਰਿਆ ਜਾਵੇ।

[17] ਜਿਸ ਨੇ ਹੱਥ ਵਿੱਚ ਪੱਥਰ ਲੈ ਕੇ ਜਿਸ ਤੋਂ ਕੋਈ ਮਰ ਸਕੇ ਕਿਸੇ ਨੂੰ ਮਾਰਿਆ ਹੋਵੇ ਅਤੇ ਉਹ ਮਰ ਗਿਆ ਹੋਵੇ ਤਾਂ ਉਹ ਖੂਨੀ ਹੈ। ਉਹ ਖੂਨੀ ਜ਼ਰੂਰ ਮਾਰਿਆ ਜਾਵੇ।

[18] ਜਾਂ ਜੇ ਉਸ ਨੇ ਲੱਕੜੀ ਦੇ ਹਥਿਆਰ ਨੂੰ ਹੱਥ ਵਿੱਚ ਲੈ ਕੇ ਜਿਸ ਤੋਂ ਕੋਈ ਮਰ ਸਕੇ ਉਹ ਨੂੰ ਮਾਰਿਆ ਹੋਵੇ ਅਤੇ ਉਹ ਮਰ ਗਿਆ ਹੋਵੇ ਤਾਂ ਉਹ ਖੂਨੀ ਹੈ। ਉਹ ਖੂਨੀ ਜ਼ਰੂਰ ਮਾਰਿਆ ਜਾਵੇ।

[19] ਖੂਨ ਦਾ ਬਦਲਾ ਲੈਣ ਵਾਲਾ ਆਪ ਉਸ ਖੂਨੀ ਨੂੰ ਮਾਰੇ ਜਦ ਉਹ ਉਸ ਨੂੰ ਲੱਭੇ ਤਾਂ ਉਹ ਉਸ ਨੂੰ ਮਾਰ ਸੁੱਟੇ।

[20] ਜੇ ਕੋਈ ਕਿਸੇ ਨੂੰ ਵੈਰ ਨਾਲ ਧੱਕਾ ਮਾਰੇ ਜਾਂ ਘਾਤ ਲਾ ਕੇ ਉਸ ਉੱਤੇ ਕੁਝ ਸੁੱਟਿਆ ਹੋਵੇ ਕਿ ਉਹ ਮਰ ਗਿਆ ਹੋਵੇ

[21] ਜਾਂ ਦੁਸ਼ਮਣੀ ਨਾਲ ਆਪਣੇ ਹੱਥੀਂ ਮਾਰੇ ਕਿ ਉਹ ਮਰ ਜਾਵੇ ਤਾਂ ਮਾਰਨ ਵਾਲਾ ਜ਼ਰੂਰ ਮਾਰਿਆ ਜਾਵੇ, ਉਹ ਖੂਨੀ ਹੈ। ਬਦਲਾ ਲੈਣ ਵਾਲਾ ਜਦ ਕਦੀ ਉਹ ਲੱਭੇ ਉਸ ਖੂਨੀ ਨੂੰ ਮਾਰ ਸੁੱਟੇ।

[22] ਪਰ ਜੇ ਉਸ ਨੇ ਉਹ ਨੂੰ ਅਚਾਨਕ ਦੁਸ਼ਮਣੀ ਤੋਂ ਬਿਨ੍ਹਾਂ ਧੱਕਾ ਮਾਰਿਆ ਹੋਵੇ ਜਾਂ ਉਹ ਦੇ ਉੱਤੇ ਘਾਤ ਲਾਉਣ ਤੋਂ ਬਿਨ੍ਹਾਂ ਕੁਝ ਸੁੱਟਿਆ ਹੋਵੇ।

[23] ਜਾਂ ਕਿਸੇ ਪੱਥਰ ਨਾਲ ਜਿਸ ਦੇ ਨਾਲ ਕੋਈ ਮਰ ਸਕੇ ਵੇਖੇ ਬਿਨ੍ਹਾਂ ਉਹ ਦੇ ਉੱਤੇ ਸੁੱਟਿਆ ਹੋਵੇ ਅਤੇ ਉਹ ਮਰ ਜਾਵੇ ਅਤੇ ਉਹ ਉਸ ਦਾ ਵੈਰੀ ਨਹੀਂ ਸੀ ਨਾ ਉਹ ਉਸ ਦਾ ਨੁਕਸਾਨ ਚਾਹੁੰਦਾ ਸੀ।

[24] ਤਾਂ ਮੰਡਲੀ ਨੂੰ ਮਾਰਨ ਵਾਲਾ ਅਤੇ ਖੂਨ ਦਾ ਬਦਲਾ ਲੈਣ ਵਾਲਾ ਇਨ੍ਹਾਂ ਨਿਯਮਾਂ ਦੇ ਅਨੁਸਾਰ ਫ਼ੈਸਲਾ ਕਰੇ।

[25] ਅਤੇ ਮੰਡਲੀ ਉਸ ਖੂਨੀ ਨੂੰ ਬਦਲਾ ਲੈਣ ਵਾਲੇ ਦੇ ਹੱਥੋਂ ਛੁਡਾ ਕੇ, ਉਸ ਨੂੰ ਉਸ ਦੇ ਪਨਾਹ ਦੇ ਨਗਰ ਵਿੱਚ ਮੋੜ ਦੇਵੇ ਜਿੱਥੇ ਨੂੰ ਉਹ ਭੱਜ ਗਿਆ ਸੀ ਅਤੇ ਉਸ ਵਿੱਚ ਪ੍ਰਧਾਨ ਜਾਜਕ ਦੀ ਮੌਤ ਤੱਕ ਜਿਹੜਾ ਪਵਿੱਤਰ ਤੇਲ ਨਾਲ ਮਸਹ ਹੋਇਆ ਹੈ, ਵੱਸੇ।

[26] ਅਤੇ ਜੇ ਕਦੀ ਉਹ ਖੂਨੀ ਪਨਾਹ ਦੇ ਨਗਰ ਦੀ ਹੱਦ ਤੋਂ ਬਾਹਰ ਜਿੱਥੇ ਨੂੰ ਉਹ ਨੱਠਾ ਸੀ ਜਾਵੇ।

[27] ਅਤੇ ਖੂਨ ਦਾ ਬਦਲਾ ਲੈਣ ਵਾਲਾ ਉਸ ਨੂੰ ਪਨਾਹ ਦੇ ਨਗਰ ਦੀ ਹੱਦੋਂ ਬਾਹਰ ਮਿਲੇ ਅਤੇ ਖੂਨ ਦਾ ਬਦਲਾ ਲੈਣ ਉਸ ਖੂਨੀ ਨੂੰ ਮਾਰ ਦੇਵੇ ਤਾਂ ਉਹ ਖੂਨ ਦਾ ਦੋਸ਼ੀ ਨਾ ਹੋਵੇਗਾ।

[28] ਕਿਉਂ ਜੋ ਉਸ ਨੂੰ ਚਾਹੀਦਾ ਸੀ ਕਿ ਪ੍ਰਧਾਨ ਜਾਜਕ ਦੀ ਮੌਤ ਤੱਕ ਆਪਣੇ ਪਨਾਹ ਦੇ ਨਗਰ ਵਿੱਚ ਰਹਿੰਦਾ, ਪਰ ਪ੍ਰਧਾਨ ਜਾਜਕ ਦੀ ਮੌਤ ਪਿੱਛੋਂ ਉਹ ਖੂਨੀ ਆਪਣੀ ਜ਼ਮੀਨ ਦੀ ਧਰਤੀ ਵਿੱਚ ਮੁੜ ਜਾਵੇ

[29] ਅਤੇ ਇਹ ਤੁਹਾਡੇ ਲਈ ਨਿਆਂ ਦੀ ਬਿਧੀ ਪੀੜ੍ਹੀਓਂ ਪੀੜ੍ਹੀ ਤੁਹਾਡੀਆਂ ਸਾਰੀਆਂ ਰਹਿਣ ਦੀਆਂ ਥਾਵਾਂ ਵਿੱਚ ਹੋਵੇ।

[30] ਜੇ ਕੋਈ ਕਿਸੇ ਮਨੁੱਖ ਨੂੰ ਮਾਰੇ, ਉਹ ਗਵਾਹਾਂ ਦੀ ਗਵਾਹੀ ਨਾਲ ਮਾਰਿਆ ਜਾਵੇ, ਪਰ ਇੱਕੋ ਹੀ ਗਵਾਹ ਦੀ ਗਵਾਹੀ ਤੋਂ ਕੋਈ ਨਾ ਮਾਰਿਆ ਜਾਵੇ।

[31] ਤੁਸੀਂ ਕਿਸੇ ਖੂਨੀ ਦੀ ਜਾਨ ਦਾ ਜੁਰਮਾਨਾ ਨਾ ਲਓ, ਜੋ ਮੌਤ ਦਾ ਦੋਸ਼ੀ ਹੋਵੇ। ਉਹ ਜ਼ਰੂਰ ਮਾਰਿਆ ਜਾਵੇ।

[32] ਜਿਹੜਾ ਆਪਣੇ ਪਨਾਹ ਨਗਰ ਨੂੰ ਭੱਜ ਗਿਆ ਹੋਵੇ ਅਤੇ ਮੁੜ ਕੇ ਆਪਣੇ ਦੇਸ ਵਿੱਚ ਜਾਜਕ ਦੀ ਮੌਤ ਤੋਂ ਪਹਿਲਾਂ ਆ ਵੱਸੇ ਉਸ ਤੋਂ ਤੁਸੀਂ ਕੋਈ ਜੁਰਮਾਨਾ ਉਸ ਦੇ ਬਦਲੇ ਨਾ ਲਓ।

[33] ਤੁਸੀਂ ਉਸ ਜਗ੍ਹਾ ਨੂੰ ਭਰਿਸ਼ਟ ਨਾ ਕਰੋ ਜਿਸ ਦੇ ਵਿੱਚ ਤੁਸੀਂ ਵੱਸਦੇ ਹੋ, ਕਿਉਂ ਜੋ ਜ਼ਮੀਨ ਖੂਨ ਦੇ ਨਾਲ ਭਰਿਸ਼ਟ ਹੋ ਜਾਂਦੀ ਹੈ ਅਤੇ ਜਿਸ ਨਗਰ ਵਿੱਚ ਖੂਨ ਵਹਾਇਆ ਜਾਵੇ ਤਾਂ ਉਸ ਖੂਨ ਵਹਾਉਣ ਵਾਲੇ ਦੇ ਖੂਨ ਨਾਲ ਹੀ ਉਸ ਜ਼ਮੀਨ ਦਾ ਪ੍ਰਾਸਚਿਤ ਹੋ ਸਕਦਾ ਹੈ।

[34] ਜਿਸ ਦੇਸ ਵਿੱਚ ਤੁਸੀਂ ਵਾਸ ਕਰੋਗੇ ਮੈਂ ਤੁਹਾਡੇ ਵਿਚਕਾਰ ਵੱਸਾਂਗਾ, ਉਸ ਨਗਰ ਨੂੰ ਤੁਸੀਂ ਭਰਿਸ਼ਟ ਨਾ ਕਰਨਾ, ਕਿਉਂ ਜੋ ਮੈਂ ਯਹੋਵਾਹ ਇਸਰਾਏਲੀਆਂ ਵਿੱਚ ਵੱਸਦਾ ਹਾਂ।

ਗਿਣਤੀ — Chapters