Skip to content
Opens in a new window
Listen to this chapter • 8:33

[1] ਕਹਾਥ ਦੇ ਪੋਤੇ ਯਿਸਹਾਰ ਦੇ ਪੁੱਤਰ ਕੋਰਹ ਲੇਵੀ ਨੇ ਅਤੇ ਅਲੀਆਬ ਦੇ ਪੁੱਤਰਾਂ ਦਾਥਾਨ ਅਤੇ ਅਬੀਰਾਮ ਨੇ ਅਤੇ ਪਲਤ ਦੇ ਪੁੱਤਰ ਓਨ ਨੇ ਜਿਹੜੇ ਰਊਬੇਨੀ ਸਨ, ਮਨੁੱਖਾਂ ਨੂੰ ਨਾਲ ਲਿਆ।

[2] ਉਹ ਅਤੇ ਇਸਰਾਏਲੀਆਂ ਵਿੱਚੋਂ ਢਾਈ ਸੌ ਮਨੁੱਖ ਜਿਹੜੇ ਮੰਡਲੀ ਦੇ ਪ੍ਰਧਾਨ ਅਤੇ ਮੰਡਲੀ ਦੇ ਚੁਣਵੇਂ ਅਤੇ ਨਾਮੀ ਸਨ, ਮੂਸਾ ਦੇ ਅੱਗੇ ਉੱਠੇ।

[3] ਅਤੇ ਉਹ ਮੂਸਾ ਦੇ ਵਿਰੁੱਧ ਅਤੇ ਹਾਰੂਨ ਦੇ ਵਿਰੁੱਧ ਇਕੱਠੇ ਹੋਏ ਅਤੇ ਉਨ੍ਹਾਂ ਨੂੰ ਆਖਿਆ, ਹੁਣ ਤਾਂ ਬਸ ਕਰੋ ਕਿਉਂ ਜੋ ਸਾਰੀ ਮੰਡਲੀ ਦੇ ਲੋਕ ਪਵਿੱਤਰ ਹਨ ਅਤੇ ਯਹੋਵਾਹ ਉਨ੍ਹਾਂ ਦੇ ਵਿੱਚ ਹੈ। ਤੁਸੀਂ ਫਿਰ ਕਿਵੇਂ ਆਪਣੇ ਆਪ ਨੂੰ ਯਹੋਵਾਹ ਦੀ ਸਭਾ ਨਾਲੋਂ ਉੱਚਾ ਬਣਾਉਂਦੇ ਹੋ?

[4] ਜਦ ਮੂਸਾ ਨੇ ਸੁਣਿਆ ਤਾਂ ਉਹ ਆਪਣੇ ਮੂੰਹ ਦੇ ਭਾਰ ਡਿੱਗਿਆ।

[5] ਉਹ ਕੋਰਹ ਅਤੇ ਉਹ ਦੀ ਸਾਰੀ ਟੋਲੀ ਨੂੰ ਬੋਲਿਆ ਕਿ ਸਵੇਰ ਨੂੰ ਯਹੋਵਾਹ ਦੱਸੇਗਾ ਕਿ ਕੌਣ ਉਸ ਦਾ ਹੈ ਅਤੇ ਕੌਣ ਪਵਿੱਤਰ ਹੈ ਅਤੇ ਕਿਸਨੂੰ ਆਪਣੇ ਨੇੜੇ ਲਿਆਵੇਗਾ, ਜਿਸ ਨੂੰ ਉਹ ਚੁਣੇਗਾ ਉਹ ਨੂੰ ਨੇੜੇ ਲਿਆਵੇਗਾ।

[6] ਇਹ ਕਰੋ ਕਿ ਕੋਰਹ ਅਤੇ ਉਸ ਦੀ ਸਾਰੀ ਟੋਲੀ ਆਪਣੇ ਲਈ ਧੂਪਦਾਨ ਲਓ।

[7] ਅਤੇ ਕੱਲ ਨੂੰ ਉਨ੍ਹਾਂ ਵਿੱਚ ਅੱਗ ਪਾਓ ਅਤੇ ਉਨ੍ਹਾਂ ਦੇ ਵਿੱਚ ਯਹੋਵਾਹ ਦੇ ਅੱਗੇ ਧੂਪ ਪਾਓ ਤਾਂ ਅਜਿਹਾ ਹੋਵੇਗਾ ਕਿ ਉਹ ਮਨੁੱਖ ਜਿਸ ਨੂੰ ਯਹੋਵਾਹ ਚੁਣੇਗਾ ਉਹ ਪਵਿੱਤਰ ਹੋਵੇਗਾ। ਹੁਣ ਲੇਵੀਓ, ਤੁਸੀਂ ਵੀ ਬਸ ਕਰੋ!

[8] ਤਾਂ ਮੂਸਾ ਨੇ ਕੋਰਹ ਨੂੰ ਆਖਿਆ, ਹੇ ਲੇਵੀਓ ਸੁਣੋ!

[9] ਕਿ ਇਹ ਗੱਲ ਤੁਹਾਡੇ ਲਈ ਛੋਟੀ ਹੈ ਕਿ ਇਸਰਾਏਲ ਦੇ ਪਰਮੇਸ਼ੁਰ ਨੇ ਤੁਹਾਨੂੰ ਇਸਰਾਏਲੀਆਂ ਦੀ ਮੰਡਲੀ ਤੋਂ ਵੱਖਰਾ ਕੀਤਾ ਤਾਂ ਜੋ ਉਹ ਤੁਹਾਨੂੰ ਨੇੜੇ ਲਿਆਵੇ ਕਿ ਤੁਸੀਂ ਯਹੋਵਾਹ ਦੇ ਡੇਰੇ ਦੀ ਟਹਿਲ ਸੇਵਾ ਕਰੋ ਅਤੇ ਮੰਡਲੀ ਦੇ ਅੱਗੇ ਖਲੋ ਕੇ ਉਹਨਾਂ ਦੀ ਸੇਵਾ ਕਰੋ?

[10] ਨਾਲੇ ਉਹ ਤੈਨੂੰ ਅਤੇ ਤੇਰੇ ਸਾਰੇ ਭਰਾਵਾਂ ਨੂੰ ਜਿਹੜੇ ਲੇਵੀ ਹਨ ਤੇਰੇ ਨੇੜੇ ਲਿਆਇਆ? ਹੁਣ ਕੀ ਤੁਸੀਂ ਜਾਜਕਾਈ ਨੂੰ ਵੀ ਦੰਦ ਮਾਰਦੇ ਹੋ?

[11] ਇਸੇ ਲਈ ਤੂੰ ਅਤੇ ਤੇਰੀ ਸਾਰੀ ਟੋਲੀ ਯਹੋਵਾਹ ਦੇ ਵਿਰੁੱਧ ਇਕੱਠੀ ਹੋਈ ਅਤੇ ਹਾਰੂਨ, ਉਹ ਵਿਚਾਰਾ ਕੌਣ ਹੈ ਜੋ ਤੁਸੀਂ ਉਹ ਦੇ ਵਿਰੁੱਧ ਬੁੜ-ਬੁੜਾਉਂਦੇ ਹੋ?

[12] ਤਾਂ ਮੂਸਾ ਨੇ ਅਲੀਆਬ ਦੇ ਪੁੱਤਰਾਂ ਦਾਥਾਨ ਅਤੇ ਅਬੀਰਾਮ ਨੂੰ ਸੱਦਾ ਭੇਜਿਆ ਪਰ ਉਨ੍ਹਾਂ ਨੇ ਆਖਿਆ, ਅਸੀਂ ਨਹੀਂ ਆਵਾਂਗੇ।

[13] ਕੀ ਇਹ ਛੋਟੀ ਗੱਲ ਹੈ ਕਿ ਤੂੰ ਸਾਨੂੰ ਇੱਕ ਦੇਸ ਤੋਂ ਕੱਢ ਲਿਆਇਆ ਹੈਂ ਜਿੱਥੇ ਦੁੱਧ ਅਤੇ ਸ਼ਹਿਦ ਵਗਦਾ ਸੀ ਤਾਂ ਜੋ ਸਾਨੂੰ ਉਜਾੜ ਵਿੱਚ ਮਾਰੇਂ ਅਤੇ ਹੁਣ ਧੱਕੇ ਨਾਲ ਸਾਡੇ ਉੱਤੇ ਆਪਣੇ ਆਪ ਨੂੰ ਰਾਜਾ ਬਣਾਈ ਬੈਠਾ ਹੈ?

[14] ਨਾਲੇ ਤੂੰ ਸਾਨੂੰ ਅਜਿਹੇ ਦੇਸ ਵਿੱਚ ਵੀ ਨਹੀਂ ਲਿਆਂਦਾ ਜਿੱਥੇ ਦੁੱਧ ਅਤੇ ਸ਼ਹਿਦ ਵਗਦਾ ਹੈ, ਨਾ ਸਾਨੂੰ ਖੇਤਾਂ ਅਤੇ ਬਾਗ਼ਾਂ ਦਾ ਅਧਿਕਾਰ ਦਿੱਤਾ ਹੈ। ਕੀ ਤੂੰ ਇਨ੍ਹਾਂ ਮਨੁੱਖਾਂ ਦੀਆਂ ਅੱਖਾਂ ਕੱਢ ਸੁੱਟੇਂਗਾ? ਅਸੀਂ ਤਾਂ ਅੱਗੇ ਨਹੀਂ ਜਾਣਾ!

[15] ਤਦ ਮੂਸਾ ਡਾਢਾ ਕ੍ਰੋਧਵਾਨ ਹੋਇਆ ਅਤੇ ਉਸ ਨੇ ਯਹੋਵਾਹ ਨੂੰ ਆਖਿਆ, ਤੂੰ ਉਨ੍ਹਾਂ ਦੀ ਮੈਦੇ ਦੀ ਭੇਟ ਵੱਲ ਨਾ ਵੇਖ! ਮੈਂ ਤਾਂ ਉਨ੍ਹਾਂ ਦੀ ਇੱਕ ਗਧੀ ਵੀ ਨਹੀਂ ਲਈ, ਨਾ ਉਨ੍ਹਾਂ ਵਿੱਚੋਂ ਕਿਸੇ ਦਾ ਨੁਕਸਾਨ ਕੀਤਾ।

[16] ਮੂਸਾ ਨੇ ਕੋਰਹ ਨੂੰ ਆਖਿਆ, ਤੂੰ ਅਤੇ ਤੇਰੀ ਸਾਰੀ ਟੋਲੀ ਕੱਲ ਨੂੰ ਯਹੋਵਾਹ ਅੱਗੇ ਹਾਜ਼ਰ ਹੋਵੇ, ਤੂੰ, ਉਹ ਅਤੇ ਹਾਰੂਨ।

[17] ਤੁਹਾਡੇ ਵਿੱਚੋਂ ਹਰ ਮਨੁੱਖ ਆਪਣਾ ਧੂਪਦਾਨ ਲਵੇ ਅਤੇ ਤੁਸੀਂ ਉਨ੍ਹਾਂ ਵਿੱਚ ਧੂਪ ਪਾਓ ਅਤੇ ਹਰ ਮਨੁੱਖ ਆਪਣਾ ਧੂਪਦਾਨ ਅਰਥਾਤ ਢਾਈ ਸੋ ਧੂਪਦਾਨ, ਤੂੰ ਵੀ ਅਤੇ ਹਾਰੂਨ ਵੀ ਹਰ ਇੱਕ ਆਪੋ ਆਪਣਾ ਧੂਪਦਾਨ ਯਹੋਵਾਹ ਅੱਗੇ ਲਿਆਓ।

[18] ਤਾਂ ਹਰ ਮਨੁੱਖ ਨੇ ਆਪਣਾ-ਆਪਣਾ ਧੂਪਦਾਨ ਲੈ ਕੇ ਉਸ ਉੱਤੇ ਅੱਗ ਪਾਈ ਅਤੇ ਉਨ੍ਹਾਂ ਉੱਤੇ ਧੂਪ ਵੀ ਪਾਈ ਅਤੇ ਮੂਸਾ ਅਤੇ ਹਾਰੂਨ ਦੇ ਨਾਲ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਖਲੋ ਗਏ।

[19] ਤਾਂ ਕੋਰਹ ਨੇ ਸਾਰੀ ਟੋਲੀ ਨੂੰ ਉਨ੍ਹਾਂ ਦੇ ਵਿਰੁੱਧ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਉੱਤੇ ਇਕੱਠਾ ਕੀਤਾ ਤਦ ਯਹੋਵਾਹ ਦਾ ਪਰਤਾਪ ਸਾਰੀ ਮੰਡਲੀ ਉੱਤੇ ਪਰਗਟ ਹੋਇਆ।

[20] ਤਾਂ ਯਹੋਵਾਹ ਮੂਸਾ ਨਾਲ ਅਤੇ ਹਾਰੂਨ ਨਾਲ ਬੋਲਿਆ,

[21] ਇਸ ਮੰਡਲੀ ਦੇ ਵਿੱਚੋਂ ਤੁਸੀਂ ਆਪਣੇ ਆਪ ਨੂੰ ਇੱਕ ਪਾਸੇ ਕਰ ਲਓ ਕਿ ਮੈਂ ਉਨ੍ਹਾਂ ਨੂੰ ਇੱਕ ਅੱਖ ਦੇ ਫੇਰ ਵਿੱਚ ਭੱਖ ਲਵਾਂ।

[22] ਤਾਂ ਉਹ ਮੂੰਹ ਦੇ ਭਾਰ ਡਿੱਗ ਪਏ ਅਤੇ ਆਖਿਆ, ਹੇ ਪਰਮੇਸ਼ੁਰ, ਤੂੰ ਜੋ ਸਾਰੇ ਸਰੀਰਾਂ ਦੀਆਂ ਆਤਮਾਵਾਂ ਦਾ ਪਰਮੇਸ਼ੁਰ ਹੈਂ, ਕੀ ਜੇ ਇੱਕ ਮਨੁੱਖ ਪਾਪ ਕਰੇ ਤਾਂ ਤੂੰ ਸਾਰੀ ਮੰਡਲੀ ਦੇ ਵਿਰੁੱਧ ਕ੍ਰੋਧਵਾਨ ਹੋਵੇਂਗਾ?

[23] ਤਾਂ ਯਹੋਵਾਹ ਮੂਸਾ ਨਾਲ ਬੋਲਿਆ,

[24] ਮੰਡਲੀ ਨੂੰ ਬੋਲ ਕਿ ਉਹ ਕੋਰਹ ਅਤੇ ਦਾਥਾਨ ਅਤੇ ਅਬੀਰਾਮ ਦੀ ਵੱਸੋਂ ਦੇ ਆਲੇ-ਦੁਆਲੇ ਤੋਂ ਉਤਾਹਾਂ ਚੱਲੇ ਜਾਣ।

[25] ਸੋ ਮੂਸਾ ਉੱਠ ਕੇ ਦਾਥਾਨ ਅਤੇ ਅਬੀਰਾਮ ਦੇ ਕੋਲ ਗਿਆ ਅਤੇ ਇਸਰਾਏਲ ਦੇ ਬਜ਼ੁਰਗ ਵੀ ਉਸ ਦੇ ਪਿੱਛੇ-ਪਿੱਛੇ ਗਏ

[26] ਉਹ ਮੰਡਲੀ ਨੂੰ ਬੋਲਿਆ ਕਿ ਇਨ੍ਹਾਂ ਦੁਸ਼ਟ ਮਨੁੱਖਾਂ ਦੇ ਤੰਬੂਆਂ ਤੋਂ ਇੱਕ ਪਾਸੇ ਹੋ ਕੇ ਦੂਰ ਹੋ ਜਾਓ ਅਤੇ ਉਨ੍ਹਾਂ ਦੀ ਕਿਸੇ ਵੀ ਵਸਤੂ ਨੂੰ ਨਾ ਛੂਹਣਾ, ਕਿਤੇ ਤੁਸੀਂ ਵੀ ਉਨ੍ਹਾਂ ਦੇ ਸਾਰੇ ਪਾਪਾਂ ਵਿੱਚ ਸਾਂਝੀ ਹੋਵੋ!

[27] ਸੋ ਉਹ ਕੋਰਹ, ਦਾਥਾਨ ਅਤੇ ਅਬੀਰਾਮ ਦੀ ਵੱਸੋਂ ਦੇ ਆਲੇ-ਦੁਆਲੇ ਤੋਂ ਉਤਾਹਾਂ ਨੂੰ ਚੱਲੇ ਗਏ ਤਾਂ ਦਾਥਾਨ ਅਤੇ ਅਬੀਰਾਮ ਬਾਹਰ ਆਏ ਅਤੇ ਆਪਣੇ ਤੰਬੂਆਂ ਦੇ ਦਰਵਾਜਿਆਂ ਵਿੱਚ ਆਪਣੀਆਂ ਪਤਨੀਆਂ, ਪੁੱਤਰਾਂ ਅਤੇ ਬਾਲ-ਬੱਚਿਆਂ ਦੇ ਨਾਲ ਖੜ੍ਹੇ ਹੋ ਗਏ।

[28] ਫੇਰ ਮੂਸਾ ਨੇ ਆਖਿਆ, ਤੁਸੀਂ ਇਸ ਤੋਂ ਜਾਣ ਲਵੋਗੇ ਕਿ ਯਹੋਵਾਹ ਨੇ ਮੈਨੂੰ ਭੇਜਿਆ ਹੈ, ਨਾ ਕਿ ਮੈਂ ਆਪਣੇ ਮਨ ਨਾਲ ਆਇਆ ਹਾਂ, ਜੋ ਮੈਂ ਇਨ੍ਹਾਂ ਸਾਰਿਆਂ ਕੰਮਾਂ ਨੂੰ ਕਰਾਂ।

[29] ਜੇਕਰ ਉਹਨਾਂ ਮਨੁੱਖਾਂ ਦੀ ਮੌਤ ਸਭਨਾਂ ਮਨੁੱਖਾਂ ਦੇ ਵਾਂਗੂੰ ਹੋਵੇ ਅਤੇ ਉਹਨਾਂ ਦੀ ਸਜ਼ਾ ਸਭਨਾਂ ਮਨੁੱਖਾਂ ਦੇ ਵਾਲੀ ਹੋਵੇ, ਅਖ਼ੀਰ ਇਸ ਗੱਲ ਨੂੰ ਜਾਣੋ ਕਿ ਯਹੋਵਾਹ ਨੇ ਮੈਨੂੰ ਭੇਜਿਆ ਹੀ ਨਹੀਂ।

[30] ਪਰ ਜੇ ਯਹੋਵਾਹ ਕੋਈ ਅਣੋਖਾ ਕੰਮ ਕਰੇ, ਅਤੇ ਭੂਮੀ ਆਪਣਾ ਮੂੰਹ ਖੋਲ੍ਹ ਕੇ ਉਹਨਾਂ ਨੂੰ ਅਤੇ ਉਹਨਾਂ ਦੀਆਂ ਸਭਨਾਂ ਵਸਤੂਆਂ ਨੂੰ ਨਿਗਲ ਲਵੇ ਅਤੇ ਉਹ ਜੀਉਂਦੇ ਜੀ ਪਤਾਲ ਵਿੱਚ ਉਤਰ ਜਾਣ ਤਾਂ ਤੁਸੀਂ ਜਾਣ ਲਓ ਕਿ ਇਨ੍ਹਾਂ ਮਨੁੱਖਾਂ ਨੇ ਯਹੋਵਾਹ ਦਾ ਨਿਰਾਦਰ ਕੀਤਾ ਹੈ!

[31] ਤਦ ਅਜਿਹਾ ਹੋਇਆ ਕਿ ਜਦ ਉਹ ਇਹ ਸਾਰੀਆਂ ਗੱਲਾਂ ਬੋਲ ਚੁੱਕਿਆ ਤਾਂ ਭੂਮੀ ਜਿਹੜੀ ਉਨ੍ਹਾਂ ਦੇ ਹੇਠ ਸੀ, ਫੱਟ ਗਈ

[32] ਅਤੇ ਧਰਤੀ ਨੇ ਆਪਣਾ ਮੂੰਹ ਖੋਲ੍ਹ ਕੇ ਉਨ੍ਹਾਂ ਨੂੰ, ਉਨ੍ਹਾਂ ਦੇ ਘਰਾਣਿਆਂ ਨੂੰ ਅਤੇ ਸਾਰੇ ਆਦਮੀਆਂ ਨੂੰ ਜਿਹੜੇ ਕੋਰਹ ਵੱਲ ਸਨ, ਉਨ੍ਹਾਂ ਦਾ ਸਭ ਕੁਝ ਨਿਗਲ ਲਿਆ।

[33] ਇਸ ਤਰ੍ਹਾਂ ਉਹ ਅਤੇ ਉਨ੍ਹਾਂ ਦੇ ਨਾਲ ਦੇ ਜੀਉਂਦੇ ਜੀ ਪਤਾਲ ਵਿੱਚ ਉਤਰ ਗਏ ਅਤੇ ਧਰਤੀ ਨੇ ਉਨ੍ਹਾਂ ਨੂੰ ਢੱਕ ਲਿਆ ਅਤੇ ਉਹ ਸਭਾ ਵਿੱਚੋਂ ਨਾਸ ਹੋ ਗਏ।

[34] ਤਦ ਸਾਰੇ ਇਸਰਾਏਲੀ ਜਿਹੜੇ ਉਨ੍ਹਾਂ ਦੇ ਆਲੇ-ਦੁਆਲੇ ਸਨ, ਉਨ੍ਹਾਂ ਦੀਆਂ ਚੀਕਾਂ ਸੁਣ ਕੇ ਇਹ ਕਹਿੰਦੇ ਹੋਏ ਦੌੜ ਗਏ ਕਿਤੇ ਅਜਿਹਾ ਨਾ ਹੋਵੇ ਕਿ ਧਰਤੀ ਸਾਨੂੰ ਵੀ ਨਿਗਲ ਲਵੇ!

[35] ਤਦ ਯਹੋਵਾਹ ਵੱਲੋਂ ਅੱਗ ਨਿੱਕਲੀ ਅਤੇ ਉਹ ਉਨ੍ਹਾਂ ਧੂਪ ਧੁਖਾਉਣ ਵਾਲੇ ਢਾਈ ਸੌ ਮਨੁੱਖਾਂ ਨੂੰ ਭਸਮ ਕਰ ਗਈ।

[36] ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,

[37] ਹਾਰੂਨ ਜਾਜਕ ਦੇ ਪੁੱਤਰ ਅਲਆਜ਼ਾਰ ਨੂੰ ਆਖ ਕਿ ਉਹਨਾਂ ਧੂਪਦਾਨਾਂ ਨੂੰ ਅੱਗ ਦੇ ਵਿੱਚੋਂ ਚੁੱਕ ਲੈ ਅਤੇ ਤੂੰ ਅੱਗ ਨੂੰ ਖਿਲਾਰ ਦੇ, ਕਿਉਂ ਜੋ ਉਹ ਪਵਿੱਤਰ ਹਨ।

[38] ਜਿਹਨਾਂ ਨੇ ਪਾਪ ਕਰਕੇ ਆਪਣੀ ਜਾਨ ਦਾ ਨੁਕਸਾਨ ਕੀਤਾ ਹੈ ਉਹਨਾਂ ਦੇ ਧੂਪਦਾਨਾਂ ਨੂੰ ਕੁੱਟ ਕੇ ਜਗਵੇਦੀ ਦੇ ਢੱਕਣ ਲਈ ਪੱਤਰ ਬਣਾਇਆ ਜਾਵੇ, ਕਿਉਂ ਜੋ ਉਨ੍ਹਾਂ ਨੇ ਉਹਨਾਂ ਨੂੰ ਯਹੋਵਾਹ ਅੱਗੇ ਅਰਪਣ ਕੀਤਾ ਸੀ, ਇਸ ਲਈ ਉਹ ਪਵਿੱਤਰ ਹਨ ਅਤੇ ਉਹ ਇਸਰਾਏਲੀਆਂ ਦੇ ਲਈ ਇੱਕ ਨਿਸ਼ਾਨ ਹੋਵੇਗਾ।

[39] ਇਸ ਲਈ ਅਲਆਜ਼ਾਰ ਜਾਜਕ ਨੇ ਉਹਨਾਂ ਪਿੱਤਲ ਦੇ ਧੂਪਦਾਨਾਂ ਨੂੰ ਲੈ ਕੇ, ਜਿਹੜੇ ਭਸਮ ਹੋਇਆਂ ਮਨੁੱਖਾਂ ਨੇ ਅਰਪਣ ਕੀਤੇ ਸਨ, ਉਹਨਾਂ ਨੂੰ ਜਗਵੇਦੀ ਦੇ ਢੱਕਣ ਲਈ ਕੁੱਟਿਆ।

[40] ਇਹ ਇਸਰਾਏਲੀਆਂ ਲਈ ਇੱਕ ਯਾਦਗਾਰੀ ਹੋਵੇ ਅਤੇ ਜੇਕਰ ਕੋਈ ਮਨੁੱਖ ਜੋ ਹਾਰੂਨ ਦੀ ਅੰਸ ਦਾ ਨਾ ਹੋਵੇ, ਉਹ ਯਹੋਵਾਹ ਦੇ ਅੱਗੇ ਧੂਪ ਨਾ ਧੁਖਾਵੇ ਅਜਿਹਾ ਨਾ ਹੋਵੇ ਕਿ ਕੋਰਹ ਅਤੇ ਉਸ ਦੀ ਟੋਲੀ ਵਾਂਗੂੰ ਉਹ ਨਾਸ ਨਾ ਹੋ ਜਾਵੇ, ਜਿਵੇਂ ਯਹੋਵਾਹ ਨੇ ਉਸ ਨੂੰ ਮੂਸਾ ਦੇ ਰਾਹੀਂ ਆਖਿਆ ਸੀ।

[41] ਦੂਸਰੇ ਦਿਨ ਇਸਰਾਏਲੀਆਂ ਦੀ ਸਾਰੀ ਮੰਡਲੀ ਇਹ ਆਖ ਕੇ ਮੂਸਾ ਅਤੇ ਹਾਰੂਨ ਦੇ ਵਿਰੁੱਧ ਬੁੜ-ਬੁੜਾਉਣ ਲੱਗੀ ਕਿ ਤੁਸੀਂ ਯਹੋਵਾਹ ਦੀ ਪਰਜਾ ਨੂੰ ਮਾਰ ਸੁੱਟਿਆ!

[42] ਜਦ ਮੰਡਲੀ ਦੇ ਲੋਕ ਮੂਸਾ ਅਤੇ ਹਾਰੂਨ ਦੇ ਵਿਰੁੱਧ ਇਕੱਠੇ ਹੋਏ, ਤਦ ਉਨ੍ਹਾਂ ਨੇ ਮੰਡਲੀ ਦੇ ਤੰਬੂ ਵੱਲ ਵੇਖਿਆ ਅਤੇ ਵੇਖੋ, ਬੱਦਲ ਨੇ ਉਸ ਨੂੰ ਢੱਕ ਲਿਆ ਅਤੇ ਯਹੋਵਾਹ ਦਾ ਪਰਤਾਪ ਪ੍ਰਗਟ ਹੋਇਆ।

[43] ਤਦ ਮੂਸਾ ਅਤੇ ਹਾਰੂਨ ਮੰਡਲੀ ਦੇ ਤੰਬੂ ਦੇ ਅੱਗੇ ਆਏ।

[44] ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,

[45] ਤੁਸੀਂ ਇਸ ਮੰਡਲੀ ਵਿੱਚੋਂ ਨਿੱਕਲ ਜਾਓ ਤਾਂ ਜੋ ਮੈਂ ਇਨ੍ਹਾਂ ਨੂੰ ਥੋੜ੍ਹੇ ਸਮੇਂ ਵਿੱਚ ਹੀ ਨਾਸ ਕਰ ਦੇਵਾਂ! ਤਦ ਉਹ ਮੂੰਹ ਦੇ ਭਾਰ ਡਿੱਗੇ।

[46] ਮੂਸਾ ਨੇ ਹਾਰੂਨ ਨੂੰ ਆਖਿਆ, ਆਪਣਾ ਧੂਪਦਾਨ ਲੈ ਕੇ ਉਸ ਉੱਤੇ ਜਗਵੇਦੀ ਦੀ ਅੱਗ ਪਾ ਅਤੇ ਧੂਪ ਪਾ ਕੇ ਛੇਤੀ ਮੰਡਲੀ ਦੇ ਕੋਲ ਲੈ ਜਾ ਅਤੇ ਉਨ੍ਹਾਂ ਲਈ ਪ੍ਰਾਸਚਿਤ ਕਰ, ਕਿਉਂ ਜੋ ਯਹੋਵਾਹ ਦਾ ਕ੍ਰੋਧ ਭੜਕਿਆ ਹੈ ਅਤੇ ਬਵਾ ਸ਼ੁਰੂ ਹੋ ਚੁੱਕੀ ਹੈ!

[47] ਤਦ ਮੂਸਾ ਦੇ ਆਖਣ ਅਨੁਸਾਰ ਹਾਰੂਨ ਧੂਪਦਾਨ ਲੈ ਕੇ ਸਭਾ ਵਿੱਚ ਦੌੜ ਗਿਆ ਅਤੇ ਵੇਖੋ, ਪਰਜਾ ਵਿੱਚ ਬਵਾ ਫੈਲੀ ਹੋਈ ਸੀ ਅਤੇ ਉਸ ਨੇ ਧੂਪ ਪਾ ਕੇ ਪਰਜਾ ਲਈ ਪ੍ਰਾਸਚਿਤ ਕੀਤਾ।

[48] ਉਹ ਮੁਰਦਿਆਂ ਅਤੇ ਜੀਉਂਦਿਆਂ ਦੇ ਵਿਚਕਾਰ ਖੜ੍ਹਾ ਸੀ, ਤਦ ਬਵਾ ਰੁਕ ਗਈ।

[49] ਜਿਹੜੇ ਕੋਰਹ ਦੀ ਮੰਡਲੀ ਨਾਲ ਮਰੇ, ਉਹਨਾਂ ਤੋਂ ਇਲਾਵਾ ਬਵਾ ਨਾਲ ਮਰਨ ਵਾਲਿਆਂ ਦੀ ਗਿਣਤੀ ਚੌਦਾਂ ਹਜ਼ਾਰ ਸੱਤ ਸੌ ਸੀ।

[50] ਫੇਰ ਹਾਰੂਨ ਮੂਸਾ ਦੇ ਕੋਲ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਮੁੜ ਆਇਆ, ਤਦ ਬਵਾ ਰੁਕ ਗਈ।

ਗਿਣਤੀ — Chapters