Skip to content
Opens in a new window
Listen to this chapter • 4:20

[1] ਹਾਏ ਲੁਟੇਰਿਆ ਤੇਰੇ ਉੱਤੇ, ਤੂੰ ਜੋ ਲੁੱਟਿਆ ਨਹੀਂ ਗਿਆ! ਹਾਏ ਠੱਗਾ ਤੇਰੇ ਉੱਤੇ ਜਿਸ ਨੂੰ ਉਹਨਾਂ ਨੇ ਨਹੀਂ ਠੱਗਿਆ! ਜਦ ਤੂੰ ਲੁੱਟ ਚੁੱਕੇਂ ਤਾਂ ਤੂੰ ਲੁੱਟਿਆ ਜਾਏਂਗਾ, ਜਦ ਤੂੰ ਠੱਗ ਹਟੇਂ ਤਾਂ ਉਹ ਤੈਨੂੰ ਠੱਗਣਗੇ!

[2] ਹੇ ਯਹੋਵਾਹ, ਸਾਡੇ ਉੱਤੇ ਕਿਰਪਾ ਕਰ! ਅਸੀਂ ਤੈਨੂੰ ਉਡੀਕਦੇ ਹਾਂ, ਹਰ ਸਵੇਰ ਨੂੰ ਸਾਡਾ ਬਲ ਹੋ, ਨਾਲੇ ਦੁੱਖ ਦੇ ਵੇਲੇ ਸਾਡਾ ਬਚਾਓ।

[3] ਹੰਗਾਮੇ ਦੇ ਰੌਲ਼ੇ ਨਾਲ ਲੋਕ ਭੱਜ ਗਏ, ਤੇਰੇ ਉੱਠਦਿਆਂ ਹੀ ਕੌਮਾਂ ਖਿੰਡ-ਪੁੰਡ ਗਈਆਂ।

[4] ਜਿਵੇਂ ਟਿੱਡੀਆਂ ਚੱਟ ਕਰਦੀਆਂ ਹਨ, ਉਸੇ ਤਰ੍ਹਾਂ ਤੁਹਾਡੀ ਲੁੱਟ ਚੱਟ ਕੀਤੀ ਜਾਵੇਗੀ, ਜਿਵੇਂ ਟਿੱਡੇ ਝਪੱਟਾ ਮਾਰਦੇ ਹਨ, ਉਹ ਉਸ ਉੱਤੇ ਝੱਪਟਣਗੇ।

[5] ਯਹੋਵਾਹ ਮਹਾਨ ਹੈ, ਉਹ ਉਚਿਆਈ ਉੱਤੇ ਵੱਸਦਾ ਹੈ, ਉਹ ਸੀਯੋਨ ਨੂੰ ਇਨਸਾਫ਼ ਅਤੇ ਧਰਮ ਨਾਲ ਭਰ ਦੇਵੇਗਾ।

[6] ਤੇਰੇ ਸਮੇਂ ਦੀ ਬੁਨਿਆਦ ਮੁਕਤੀ, ਬੁੱਧੀ ਅਤੇ ਗਿਆਨ ਦੀ ਬਹੁਤਾਇਤ ਹੋਵੇਗੀ, ਅਤੇ ਯਹੋਵਾਹ ਦਾ ਭੈਅ ਸਿਯੋਨ ਦਾ ਖ਼ਜ਼ਾਨਾ ਹੋਵੇਗਾ।

[7] ਵੇਖੋ, ਉਹਨਾਂ ਦੇ ਸੂਰਮੇ ਬਾਹਰ ਚਿੱਲਾਉਂਦੇ ਹਨ, ਸ਼ਾਂਤੀ ਦੇ ਦੂਤ ਵਿਲਕਦੇ ਹਨ।

[8] ਸ਼ਾਹੀ ਮਾਰਗ ਵਿਰਾਨ ਪਏ ਹੋਏ ਹਨ, ਕੋਈ ਲੰਘਣ ਵਾਲਾ ਨਾ ਰਿਹਾ। ਨੇਮ ਤੋੜੇ ਜਾਂਦੇ ਹਨ, ਸ਼ਹਿਰ ਤੁੱਛ ਕੀਤੇ ਜਾਂਦੇ ਹਨ, ਮਨੁੱਖ ਕਿਸੇ ਗਿਣਤੀ ਵਿੱਚ ਨਹੀਂ।

[9] ਦੇਸ ਸੋਗ ਕਰਦਾ ਅਤੇ ਮਾੜਾ ਹੋ ਜਾਂਦਾ ਹੈ, ਲਬਾਨੋਨ ਘਬਰਾ ਕੇ ਕੁਮਲਾ ਜਾਂਦਾ ਹੈ, ਸ਼ਾਰੋਨ ਰੜੇ ਮੈਦਾਨ ਵਾਂਗੂੰ ਹੋ ਗਿਆ, ਬਾਸ਼ਾਨ ਅਤੇ ਕਰਮਲ ਪੱਤੇ ਝਾੜ ਸੁੱਟਦੇ ਹਨ।

[10] ਹੁਣ ਮੈਂ ਉੱਠਾਂਗਾ, ਯਹੋਵਾਹ ਆਖਦਾ ਹੈ, ਹੁਣ ਮੈਂ ਆਪ ਨੂੰ ਉੱਚਾ ਕਰਾਂਗਾ, ਹੁਣ ਮੈਂ ਸਲਾਹਿਆ ਜਾਂਵਾਂਗਾ।

[11] ਤੁਹਾਡੇ ਗਰਭ ਵਿੱਚ ਕੱਖ ਪਵੇਗਾ ਅਤੇ ਤੁਸੀਂ ਘਾਹ ਜਣੋਗੇ, ਤੁਹਾਡਾ ਸਾਹ ਇੱਕ ਅੱਗ ਹੈ ਜਿਹੜੀ ਤੁਹਾਨੂੰ ਭਸਮ ਕਰੇਗੀ।

[12] ਲੋਕ ਸਾੜੇ ਹੋਏ ਚੂਨੇ ਵਾਂਗੂੰ ਹੋ ਜਾਣਗੇ, ਅਤੇ ਵੱਢੇ ਹੋਏ ਕੰਡਿਆਂ ਵਾਂਗੂੰ ਉਹ ਅੱਗ ਵਿੱਚ ਜਲਾਏ ਜਾਣਗੇ।

[13] ਹੇ ਦੂਰ ਦਿਓ, ਤੁਸੀਂ ਸੁਣੋ ਜੋ ਮੈਂ ਕੀਤਾ, ਹੇ ਨੇੜੇ ਦਿਓ, ਤੁਸੀਂ ਮੇਰੀ ਸ਼ਕਤੀ ਨੂੰ ਜਾਣੋ!

[14] ਸੀਯੋਨ ਵਿੱਚ ਪਾਪੀ ਡਰ ਗਏ, ਕਾਂਬੇ ਨੇ ਕਾਫ਼ਰਾਂ ਨੂੰ ਫੜ ਲਿਆ, ਕੌਣ ਸਾਡੇ ਵਿੱਚੋਂ ਭਸਮ ਕਰਨ ਵਾਲੀ ਅੱਗ ਕੋਲ ਟਿੱਕ ਸਕਦਾ ਹੈ? ਕੌਣ ਸਾਡੇ ਵਿੱਚੋਂ ਸਦੀਪਕ ਸਾੜੇ ਕੋਲ ਰਹਿ ਸਕਦਾ ਹੈ?

[15] ਉਹ ਜਿਹੜਾ ਧਰਮ ਨਾਲ ਚੱਲਦਾ, ਜਿਹੜਾ ਸਿੱਧੀਆਂ ਗੱਲਾਂ ਕਰਦਾ, ਜਿਹੜਾ ਜ਼ੁਲਮ ਦੀ ਕਮਾਈ ਨੂੰ ਤੁੱਛ ਜਾਣਦਾ, ਜਿਹੜਾ ਰਿਸ਼ਵਤ ਲੈਣ ਤੋਂ ਆਪਣਾ ਹੱਥ ਖਿੱਚਦਾ ਹੈ, ਖੂਨ ਦੀ ਗੱਲ ਸੁਣਨ ਤੋਂ ਆਪਣੇ ਕੰਨ ਬੰਦ ਕਰਦਾ ਹੈ, ਅਤੇ ਬਦੀ ਦੇ ਵੇਖਣ ਤੋਂ ਆਪਣੀਆਂ ਅੱਖਾਂ ਮੀਟ ਲੈਂਦਾ ਹੈ।

[16] ਉਹ ਹੀ ਉੱਚਿਆਈਆਂ ਉੱਤੇ ਵੱਸੇਗਾ, ਉਹ ਦੀ ਪਨਾਹਗਾਰ ਚੱਟਾਨਾਂ ਦੇ ਗੜ੍ਹ ਹੋਣਗੇ, ਉਹ ਦੀ ਰੋਟੀ ਉਹ ਨੂੰ ਦਿੱਤੀ ਜਾਵੇਗੀ, ਉਹ ਨੂੰ ਪਾਣੀ ਦੀ ਘਾਟ ਨਾ ਹੋਵੇਗੀ।

[17] ਤੇਰੀਆਂ ਅੱਖਾਂ ਰਾਜੇ ਨੂੰ ਉਹ ਦੇ ਸੁਹੱਪਣ ਵਿੱਚ ਵੇਖਣਗੀਆਂ, ਉਹ ਲੰਮੇ-ਚੌੜੇ ਦੇਸ ਨੂੰ ਵੇਖਣਗੀਆਂ।

[18] ਤੇਰਾ ਮਨ ਉਸ ਬੀਤੇ ਹੋਏ ਭੈਅ ਬਾਰੇ ਸੋਚੇਗਾ, ਲੇਖਾ ਲੈਣ ਵਾਲਾ ਕਿੱਥੇ ਹੈ? ਲਗਾਨ ਵਸੂਲਣ ਵਾਲਾ ਕਿੱਥੇ ਹੈ? ਬੁਰਜ਼ਾਂ ਦਾ ਗਿਣਨ ਵਾਲਾ ਕਿੱਥੇ ਹੈ?

[19] ਤੂੰ ਫੇਰ ਉਹਨਾਂ ਘਮੰਡੀ ਲੋਕਾਂ ਨੂੰ ਨਾ ਵੇਖੇਂਗਾ, ਅਰਥਾਤ ਇੱਕ ਗੁੱਝੀ ਬੋਲੀ ਦੇ ਲੋਕ ਜਿਨ੍ਹਾਂ ਦੀ ਤੂੰ ਸਮਝ ਨਹੀਂ ਸਕਦਾ, ਅਤੇ ਓਪਰੀ ਬੋਲੀ ਵਾਲੇ ਜਿਨ੍ਹਾਂ ਨੂੰ ਤੂੰ ਬੁੱਝ ਨਹੀਂ ਸਕਦਾ।

[20] ਸੀਯੋਨ ਨੂੰ ਵੇਖ, ਸਾਡੇ ਨਿਯੁਕਤ ਕੀਤੇ ਹੋਏ ਪਰਬਾਂ ਦਾ ਨਗਰ, ਤੇਰੀਆਂ ਅੱਖਾਂ ਯਰੂਸ਼ਲਮ ਨੂੰ ਵੇਖਣਗੀਆਂ, ਇੱਕ ਅਰਾਮ ਦਾ ਵਾਸ, ਇੱਕ ਤੰਬੂ ਜਿਹੜਾ ਪੁੱਟਿਆ ਨਾ ਜਾਵੇਗਾ, ਜਿਸ ਦੇ ਕੀਲੇ ਕਦੀ ਉਖਾੜੇ ਨਹੀਂ ਜਾਣਗੇ, ਜਿਸ ਦੀਆਂ ਰੱਸੀਆਂ ਵਿੱਚੋਂ ਇੱਕ ਵੀ ਤੋੜੀ ਨਾ ਜਾਵੇਗੀ।

[21] ਪਰ ਉੱਥੇ ਯਹੋਵਾਹ ਸ਼ਾਨ ਵਿੱਚ ਸਾਡੇ ਅੰਗ-ਸੰਗ ਹੋਵੇਗਾ, ਜਿੱਥੇ ਚੌੜੀਆਂ ਨਦੀਆਂ ਅਤੇ ਦਰਿਆ ਹਨ, ਜਿੱਥੇ ਕੋਈ ਚੱਪੂਆਂ ਵਾਲੀ ਬੇੜੀ ਨਾ ਚੱਲੇਗੀ, ਜਿਹ ਦੇ ਉੱਤੇ ਕੋਈ ਸ਼ਾਨਦਾਰ ਜਹਾਜ਼ ਨਾ ਲੰਘੇਗਾ।

[22] ਯਹੋਵਾਹ ਤਾਂ ਸਾਡਾ ਨਿਆਈਂ ਹੈ, ਯਹੋਵਾਹ ਸਾਡਾ ਬਿਧੀਆਂ ਦੇਣ ਵਾਲਾ ਹੈ, ਯਹੋਵਾਹ ਸਾਡਾ ਰਾਜਾ ਹੈ, ਉਹ ਸਾਨੂੰ ਬਚਾਵੇਗਾ।

[23] ਤੇਰੇ ਰੱਸੇ ਢਿੱਲੇ ਹਨ, ਉਹ ਮਸਤੂਲ ਉਹ ਦੇ ਥਾਂ ਨੂੰ ਕੱਸ ਨਾ ਸਕੇ, ਨਾ ਉਹ ਪਾਲ ਨੂੰ ਉਡਾ ਸਕੇ। ਤਦ ਸ਼ਿਕਾਰ ਅਤੇ ਲੁੱਟ ਬਹੁਤਾਇਤ ਨਾਲ ਵੰਡੀ ਜਾਵੇਗੀ, ਅਤੇ ਲੰਗੜੇ ਵੀ ਲੁੱਟ ਲੁੱਟਣਗੇ।

[24] ਸਿਯੋਨ ਦਾ ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ, ਜਿਹੜੇ ਲੋਕ ਉਸ ਵਿੱਚ ਵੱਸਦੇ ਹਨ, ਉਹਨਾਂ ਦੀ ਬਦੀ ਮਾਫ਼ ਕੀਤੀ ਜਾਵੇਗੀ।

ਯਸਾਯਾਹ — Chapters