Skip to content
Opens in a new window
Listen to this chapter • 7:08

[1] ਉਨ੍ਹਾਂ ਨੇ ਮਹੀਨ ਉਣਤੀ ਦਾ ਨੀਲਾ ਬੈਂਗਣੀ ਅਤੇ ਕਿਰਮਚੀ ਬਸਤਰ ਪਵਿੱਤਰ ਸਥਾਨ ਦੀ ਉਪਾਸਨਾ ਲਈ ਬਣਾਇਆ ਅਤੇ ਹਾਰੂਨ ਲਈ ਪਵਿੱਤਰ ਬਸਤਰ ਬਣਾਏ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।

[2] ਅਤੇ ਉਸ ਨੇ ਏਫ਼ੋਦ ਨੂੰ ਸੋਨੇ, ਨੀਲੇ ਬੈਂਗਣੀ ਅਤੇ ਕਿਰਮਚੀ ਮਹੀਨ ਉਣੇ ਹੋਏ ਕਤਾਨ ਦਾ ਬਣਾਇਆ।

[3] ਫੇਰ ਉਨ੍ਹਾਂ ਨੇ ਸੋਨੇ ਨੂੰ ਕੁੱਟ ਕੇ ਪਤਲੇ-ਪਤਲੇ ਪੱਤ੍ਰ ਬਣਾਏ ਅਤੇ ਉਨ੍ਹਾਂ ਤੋਂ ਬਰੀਕ ਤਾਰਾਂ ਬਣਾਈਆਂ ਅਤੇ ਉਸ ਨੂੰ ਨੀਲੇ, ਬੈਂਗਣੀ ਅਤੇ ਕਿਰਮਚੀ ਮਹੀਨ ਕਤਾਨ ਵਿੱਚ ਕਾਰੀਗਰੀ ਨਾਲ ਉਣਿਆ।

[4] ਉਨ੍ਹਾਂ ਨੇ ਮੋਢਿਆਂ ਦੀਆਂ ਕਤਰਾਂ ਬਣਾ ਕੇ ਜੋੜੀਆਂ ਅਤੇ ਉਹ ਉਸ ਦੇ ਦੋਹਾਂ ਸਿਰਿਆਂ ਨਾਲ ਜੁੜ ਗਈਆਂ।

[5] ਕਾਰੀਗਰੀ ਨਾਲ ਕੱਢਿਆ ਹੋਇਆ ਪਟਕਾ ਜਿਹੜਾ ਉਹ ਦੇ ਉੱਤੇ ਕੱਸਣ ਲਈ ਸੀ ਉਸ ਦੇ ਕੰਮ ਅਨੁਸਾਰ ਉਸੇ ਤੋਂ ਸੀ ਅਰਥਾਤ ਸੋਨੇ ਅਤੇ ਨੀਲੇ ਬੈਂਗਣੀ ਕਿਰਮਚੀ ਮਹੀਨ ਉਣੇ ਹੋਏ ਕਤਾਨ ਦਾ ਸੀ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।

[6] ਉਨ੍ਹਾਂ ਨੇ ਸੁਲੇਮਾਨੀ ਪੱਥਰ ਸੋਨੇ ਦੇ ਖ਼ਾਨਿਆਂ ਵਿੱਚ ਪਾਉਣ ਲਈ ਛਾਪ ਦੀ ਉੱਕਰਾਈ ਵਾਂਗੂੰ ਇਸਰਾਏਲ ਦੇ ਪੁੱਤਰਾਂ ਦੇ ਨਾਮਾਂ ਅਨੁਸਾਰ ਉੱਕਰ ਕੇ ਬਣਾਏ।

[7] ਉਸ ਨੇ ਉਨ੍ਹਾਂ ਨੂੰ ਏਫ਼ੋਦ ਦੇ ਮੋਢਿਆਂ ਦੀਆਂ ਕਤਰਾਂ ਉੱਤੇ ਰੱਖਿਆ ਤਾਂ ਜੋ ਇਸਰਾਏਲ ਦੇ ਪੁੱਤਰਾਂ ਦੀ ਯਾਦਗਿਰੀ ਦੇ ਪੱਥਰ ਹੋਣ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।

[8] ਉਸ ਨੇ ਸੀਨਾ ਬੰਦ ਨੂੰ ਏਫ਼ੋਦ ਦੇ ਕੰਮ ਵਾਂਗੂੰ ਕਾਰੀਗਰੀ ਦੀ ਬਣਤ ਦਾ ਅਰਥਾਤ ਸੋਨੇ, ਨੀਲੇ, ਬੈਂਗਣੀ ਅਤੇ ਕਿਰਮਚੀ ਮਹੀਨ ਉਣੇ ਹੋਏ ਕਤਾਨ ਦਾ ਬਣਾਇਆ।

[9] ਉਨ੍ਹਾਂ ਨੇ ਸੀਨੇ ਬੰਦ ਨੂੰ ਚੌਰਸ ਅਤੇ ਦੋਹਰਾ ਬਣਾਇਆ। ਉਸ ਦੀ ਲੰਬਾਈ ਇੱਕ ਗਿੱਠ ਅਤੇ ਉਸ ਦੀ ਚੌੜਾਈ ਇੱਕ ਗਿੱਠ ਅਤੇ ਉਹ ਦੋਹਰਾ ਸੀ।

[10] ਉਨ੍ਹਾਂ ਨੇ ਉਸ ਵਿੱਚ ਪੱਥਰ ਦੀਆਂ ਚਾਰ ਪਾਲਾਂ ਬਣਾਈਆਂ। ਇੱਕ ਪਾਲ ਵਿੱਚ ਲਾਲ ਅਕੀਕ, ਸੁਨਹਿਲਾ, ਅਤੇ ਜ਼ਬਰਜਦ ਇਹ ਪਹਿਲੀ ਪਾਲ ਸੀ।

[11] ਦੂਜੀ ਪਾਲ ਵਿੱਚ ਪੰਨਾ, ਨੀਲਮ, ਦੁਧੀਯਾ ਬਿਲੌਰ

[12] ਤੀਜੀ ਪਾਲ ਵਿੱਚ ਜ਼ਕਰਨ, ਹਰੀ ਅਕੀਕ, ਕਟੈਹਿਲਾ

[13] ਚੌਥੀ ਪਾਲ ਵਿੱਚ ਬੈਰੂਜ਼, ਸੁਲੇਮਾਨੀ ਅਤੇ ਯਸ਼ਬ, ਇਹ ਆਪੋ ਆਪਣੇ ਖ਼ਾਨਿਆਂ ਵਿੱਚ ਸੋਨੇ ਨਾਲ ਜੁੜੇ ਹੋਏ ਸਨ।

[14] ਅਤੇ ਉਹ ਪੱਥਰ ਇਸਰਾਏਲ ਦੇ ਪੁੱਤਰਾਂ ਦੇ ਨਾਮਾਂ ਅਨੁਸਾਰ ਸਨ ਅਰਥਾਤ ਉਨ੍ਹਾਂ ਦੇ ਬਾਰਾਂ ਨਾਮਾਂ ਦੇ ਅਨੁਸਾਰ ਛਾਪ ਦੀ ਉੱਕਰਾਈ ਵਾਂਗੂੰ ਹਰ ਇੱਕ ਦੇ ਨਾਮ ਦੇ ਅਨੁਸਾਰ ਉਹ ਬਾਰਾਂ ਗੋਤਾਂ ਲਈ ਸਨ।

[15] ਉਨ੍ਹਾਂ ਨੇ ਸੀਨੇ ਬੰਦ ਉੱਤੇ ਖ਼ਾਲਸ ਸੋਨੇ ਦੀ ਜੰਜ਼ੀਰੀ ਰੱਸਿਆਂ ਵਾਂਗੂੰ ਗੁੰਦੇ ਹੋਏ ਕੰਮ ਦੀ ਬਣਾਈ।

[16] ਉਨ੍ਹਾਂ ਨੇ ਸੋਨੇ ਦੇ ਖ਼ਾਨੇ ਅਤੇ ਸੋਨੇ ਦੇ ਦੋ ਕੜੇ ਬਣਾਏ ਅਤੇ ਉਨ੍ਹਾਂ ਨੇ ਉਹ ਦੋਨੋਂ ਕੜੇ ਸੀਨੇ ਬੰਦ ਦੇ ਸਿਰਿਆਂ ਵਿੱਚ ਪਾਏ।

[17] ਉਨ੍ਹਾਂ ਨੇ ਦੋ ਗੁੰਦੀਆਂ ਹੋਈਆਂ ਸੋਨੇ ਦੀਆਂ ਜੰਜ਼ੀਰੀਆਂ ਸੀਨੇ ਬੰਦ ਦੇ ਸਿਰਿਆਂ ਉੱਤੇ ਦੋਹਾਂ ਕੜਿਆਂ ਵਿੱਚ ਪਾਈਆਂ

[18] ਅਤੇ ਦੂਜੇ ਦੋਵੇਂ ਸਿਰੇ ਗੁੰਦੀਆਂ ਹੋਈਆਂ ਜੰਜ਼ੀਰੀਆਂ ਦੇ ਦੋਹਾਂ ਖ਼ਾਨਿਆਂ ਉੱਤੇ ਰੱਖੇ ਅਤੇ ਉਨ੍ਹਾਂ ਨੂੰ ਏਫ਼ੋਦ ਦੇ ਮੋਢਿਆਂ ਦੀਆਂ ਕਤਰਾਂ ਉੱਤੇ ਅਗਲੇ ਪਾਸੇ ਰੱਖਿਆ।

[19] ਉਨ੍ਹਾਂ ਨੇ ਸੋਨੇ ਦੇ ਦੋ ਕੜੇ ਬਣਾਏ ਅਤੇ ਉਨ੍ਹਾਂ ਨੂੰ ਸੀਨੇ ਬੰਦ ਦੇ ਦੋਹਾਂ ਸਿਰਿਆਂ ਵਿੱਚ ਪਾਇਆ ਜਿਹੜੇ ਏਫ਼ੋਦ ਦੀ ਕਿਨਾਰੀ ਦੇ ਅੰਦਰਲੇ ਪਾਸੇ ਸਨ।

[20] ਉਨ੍ਹਾਂ ਨੇ ਸੋਨੇ ਦੇ ਦੋ ਹੋਰ ਕੜੇ ਬਣਾਏ ਅਤੇ ਉਨ੍ਹਾਂ ਨੂੰ ਏਫ਼ੋਦ ਦੀਆਂ ਦੋਹਾਂ ਕਤਰਾਂ ਉੱਤੇ ਅਗਲੇ ਪਾਸੇ ਹੇਠਲੀ ਵੱਲ ਸੀਣ ਦੇ ਨੇੜੇ ਏਫ਼ੋਦ ਦੇ ਕਾਰੀਗਰੀ ਨਾਲ ਕੱਢੇ ਹੋਏ ਪਟਕੇ ਦੇ ਉੱਤੇ ਰੱਖਿਆ।

[21] ਤਾਂ ਉਨ੍ਹਾਂ ਨੇ ਸੀਨੇ ਬੰਦ ਉਸ ਦੇ ਕੜਿਆਂ ਨਾਲ ਏਫ਼ੋਦ ਦੇ ਕੜਿਆਂ ਵਿੱਚ ਨੀਲੇ ਰੰਗ ਦੀ ਰੱਸੀ ਨਾਲ ਅਜਿਹਾ ਬੰਨ੍ਹਿਆ ਕਿ ਉਹ ਏਫ਼ੋਦ ਦੇ ਕੱਢੇ ਹੋਏ ਪਟਕੇ ਦੇ ਉੱਤੇ ਰਹੇ ਅਤੇ ਸੀਨੇ ਬੰਦ ਏਫ਼ੋਦ ਦੇ ਉੱਤੇ ਨਾ ਖੁਲ੍ਹੇ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।

[22] ਉਸ ਨੇ ਏਫ਼ੋਦ ਦਾ ਚੋਗਾ ਸਾਰਾ ਨੀਲੇ ਰੰਗ ਦਾ ਅਤੇ ਬੁਣਤ ਦਾ ਬਣਾਇਆ

[23] ਅਤੇ ਚੋਗੇ ਦੇ ਵਿਚਕਾਰ ਸੰਜੋ ਦੇ ਛੇਕ ਵਰਗਾ ਛੇਕ ਰੱਖਿਆ ਅਤੇ ਛੇਕ ਦੇ ਚੁਫ਼ੇਰੇ ਇੱਕ ਬੰਨੀ ਬਣਾਈ ਤਾਂ ਜੋ ਉਹ ਨਾ ਪਾਟੇ।

[24] ਉਨ੍ਹਾਂ ਨੇ ਉਸ ਦੇ ਪੱਲੇ ਦੇ ਹੇਠਲੇ ਘੇਰੇ ਉੱਤੇ ਨੀਲੇ ਬੈਂਗਣੀ ਅਤੇ ਕਿਰਮਚੀ ਕਤਾਨ ਦੇ ਅਨਾਰ ਬਣਾਏ।

[25] ਅਨਾਰਾਂ ਦੇ ਵਿਚਕਾਰ ਅਤੇ ਆਲੇ-ਦੁਆਲੇ ਖ਼ਾਲਸ ਸੋਨੇ ਦੇ ਘੁੰਗਰੂ ਚੋਗੇ ਦੇ ਹੇਠਲੇ ਪੱਲੇ ਉੱਤੇ ਪਾਏ

[26] ਅਰਥਾਤ ਸੋਨੇ ਦਾ ਇੱਕ ਘੁੰਗਰੂ ਅਤੇ ਇੱਕ ਅਨਾਰ ਫੇਰ ਇੱਕ ਘੁੰਗਰੂ ਅਤੇ ਇੱਕ ਅਨਾਰ ਚੋਗੇ ਦੇ ਹੇਠਲੇ ਪੱਲੇ ਦੇ ਘੇਰੇ ਉੱਤੇ ਸੀ ਅਤੇ ਇਹ ਉਪਾਸਨਾ ਲਈ ਸੀ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।

[27] ਉਨ੍ਹਾਂ ਦੇ ਹਾਰੂਨ ਅਤੇ ਉਸ ਦੇ ਪੁੱਤਰਾਂ ਲਈ ਮਹੀਨ ਕਤਾਨ ਦੇ ਕੁੜਤੇ ਬੁਣਤ ਦੇ ਬਣਾਏ

[28] ਅਤੇ ਮਹੀਨ ਕਤਾਨ ਦੀ ਪਗੜੀ, ਮਹੀਨ ਕਤਾਨ ਦਾ ਅਮਾਮਾ ਅਤੇ ਮਹੀਨ ਕਤਾਨ ਦੀਆਂ ਉਣੀਆਂ ਹੋਈਆਂ ਕੱਛਾਂ ਬਣਾਈਆਂ

[29] ਅਤੇ ਮਹੀਨ ਕਤਾਨ ਦਾ ਉਣਿਆ ਹੋਇਆ ਨੀਲਾ ਬੈਂਗਣੀ ਅਤੇ ਕਿਰਮਚੀ ਪਟਕਾ ਕਸੀਦੇਕਾਰੀ ਦੇ ਕੰਮ ਦਾ ਬਣਾਇਆ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।

[30] ਉਨ੍ਹਾਂ ਨੇ ਮੱਥੇ ਲਈ ਪਵਿੱਤਰ ਚਮਕੀਲਾ ਪੱਤਰ ਖ਼ਾਲਸ ਸੋਨੇ ਦਾ ਬਣਾਇਆ ਅਤੇ ਉਸ ਦੇ ਉੱਤੇ ਉਨ੍ਹਾਂ ਨੇ ਲਿਖਤ ਛਾਪ ਦੀ ਉੱਕਰਾਈ ਵਾਂਗੂੰ ਲਿਖੀ “ਯਹੋਵਾਹ ਲਈ ਪਵਿੱਤਰਤਾਈ”

[31] ਉਨ੍ਹਾਂ ਨੇ ਉਸ ਵਿੱਚ ਨੀਲੀ ਡੋਰ ਪਾਈ ਤਾਂ ਜੋ ਉਹ ਅਮਾਮੇ ਦੇ ਉੱਤੇ ਬੰਨ੍ਹਿਆ ਜਾਵੇ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।

[32] ਸੋ ਡੇਰੇ ਦੀ ਮੰਡਲੀ ਦੇ ਤੰਬੂ ਦਾ ਸਾਰਾ ਕੰਮ ਪੂਰਾ ਹੋਇਆ ਅਤੇ ਇਸ ਤਰ੍ਹਾਂ ਇਸਰਾਏਲੀਆਂ ਨੇ ਸਾਰਾ ਕੁਝ ਕੀਤਾ। ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਉਨ੍ਹਾਂ ਨੇ ਤਿਵੇਂ ਹੀ ਕੀਤਾ।

[33] ਤਾਂ ਉਹ ਡੇਰਾ ਮੂਸਾ ਕੋਲ ਲਿਆਏ ਅਰਥਾਤ ਤੰਬੂ ਅਤੇ ਉਸ ਦਾ ਸਾਰਾ ਸਮਾਨ, ਉਸ ਦੀਆਂ ਕੁੰਡੀਆਂ, ਉਸ ਦੇ ਫੱਟੇ, ਉਸ ਦੇ ਹੋੜੇ, ਉਸ ਦੀਆਂ ਥੰਮ੍ਹੀਆਂ, ਅਤੇ ਉਸ ਦੀਆਂ ਚੀਥੀਆਂ

[34] ਅਤੇ ਛੱਤ੍ਰਿਆਂ ਦੀਆਂ ਲਾਲ ਰੰਗੀਆਂ ਹੋਈਆਂ ਖੱਲਾਂ ਦਾ ਢੱਕਣ ਅਤੇ ਸਮੁੰਦਰੀ ਜੀਵ ਦੀਆਂ ਖੱਲਾਂ ਦਾ ਢੱਕਣ ਅਤੇ ਓਟ ਦਾ ਪਰਦਾ

[35] ਸਾਖੀ ਦਾ ਸੰਦੂਕ ਚੋਬਾਂ ਸਣੇ ਅਤੇ ਪ੍ਰਾਸਚਿਤ ਦਾ ਸਰਪੋਸ਼

[36] ਮੇਜ਼ ਅਤੇ ਉਸ ਦੇ ਸਾਰੇ ਭਾਂਡੇ ਅਤੇ ਹਜ਼ੂਰੀ ਦੀ ਰੋਟੀ

[37] ਖ਼ਾਲਸ ਸ਼ਮਾਦਾਨ ਉਸ ਦੇ ਦੀਵਿਆਂ ਸਣੇ ਜਿਨ੍ਹਾਂ ਦੀਵਿਆਂ ਨੂੰ ਸੁਆਰਨਾ ਸੀ ਅਤੇ ਉਸ ਦਾ ਸਾਰਾ ਸਮਾਨ ਅਤੇ ਚਾਨਣ ਲਈ ਤੇਲ

[38] ਸੋਨੇ ਦੀ ਜਗਵੇਦੀ ਅਤੇ ਮਸਹ ਕਰਨ ਦਾ ਤੇਲ ਅਤੇ ਸੁਗੰਧੀ ਧੂਪ ਅਤੇ ਡੇਰੇ ਦੇ ਦਰਵਾਜ਼ੇ ਦੀ ਓਟ

[39] ਪਿੱਤਲ ਦੀ ਜਗਵੇਦੀ ਅਤੇ ਉਸ ਦੀ ਪਿੱਤਲ ਦੀ ਝੰਜਰੀ ਉਸ ਦੀਆਂ ਚੋਬਾਂ ਸਣੇ ਅਤੇ ਉਸ ਦਾ ਸਾਰਾ ਸਮਾਨ, ਹੌਦ ਅਤੇ ਉਸ ਦੀ ਚੌਂਕੀ

[40] ਵਿਹੜੇ ਦੀਆਂ ਕਨਾਤਾਂ ਉਸ ਦੀਆਂ ਥੰਮ੍ਹੀਆਂ ਅਤੇ ਉਸ ਦੀਆਂ ਚੀਥੀਆਂ ਅਤੇ ਵਿਹੜੇ ਦੇ ਫਾਟਕ ਦੀ ਓਟ ਅਤੇ ਉਸ ਦੀਆਂ ਲਾਸਾਂ ਅਤੇ ਉਸ ਦੀਆਂ ਕੀਲੀਆਂ ਅਤੇ ਡੇਰੇ ਦੀ ਮੰਡਲੀ ਦੇ ਤੰਬੂ ਦੀ ਉਪਾਸਨਾ ਦਾ ਸਾਰਾ ਸਮਾਨ

[41] ਅਤੇ ਪਵਿੱਤਰ ਸਥਾਨ ਵਿੱਚ ਉਪਾਸਨਾ ਲਈ ਮਹੀਨ ਉਣਿਆ ਹੋਇਆ ਬਸਤਰ ਅਰਥਾਤ ਹਾਰੂਨ ਜਾਜਕ ਦੇ ਪਵਿੱਤਰ ਬਸਤਰ ਅਤੇ ਉਸ ਦੇ ਪੁੱਤਰਾਂ ਦੇ ਬਸਤਰ ਕਿ ਉਹ ਜਾਜਕਾਈ ਦਾ ਕੰਮ ਕਰਨ।

[42] ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਤਿਵੇਂ ਹੀ ਇਸਰਾਏਲੀਆਂ ਨੇ ਸਾਰਾ ਕੰਮ ਕੀਤਾ।

[43] ਮੂਸਾ ਨੇ ਇਸ ਸਾਰੇ ਕੰਮ ਨੂੰ ਡਿੱਠਾ ਅਤੇ ਵੇਖੋ ਉਨ੍ਹਾਂ ਨੇ ਉਹ ਨੂੰ ਪੂਰਾ ਕਰ ਦਿੱਤਾ ਸੀ। ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਸੀ ਉਨ੍ਹਾਂ ਨੇ ਤਿਵੇਂ ਹੀ ਬਣਾਇਆ ਸੋ ਮੂਸਾ ਨੇ ਉਨ੍ਹਾਂ ਨੂੰ ਅਸੀਸ ਦਿੱਤੀ।

ਕੂਚ — Chapters