Skip to content
Opens in a new window
Listen to this chapter • 5:38

[1] ਉਸ ਨੇ ਹੋਮ ਦੀ ਜਗਵੇਦੀ ਸ਼ਿੱਟੀਮ ਦੀ ਲੱਕੜੀ ਦੀ ਬਣਾਈ। ਉਸ ਦੀ ਲੰਬਾਈ ਪੰਜ ਹੱਥ ਉਸ ਦੀ ਚੌੜਾਈ ਪੰਜ ਹੱਥ ਅਤੇ ਉਹ ਚੌਰਸ ਸੀ ਅਤੇ ਉਸ ਦੀ ਉਚਾਈ ਤਿੰਨ ਹੱਥ ਸੀ।

[2] ਉਸ ਨੇ ਉਸ ਦੇ ਸਿੰਗ ਉਸੇ ਤੋਂ ਉਸ ਦੇ ਚੌਹਾਂ ਖੂੰਜਿਆਂ ਉੱਤੇ ਬਣਾਏ ਅਤੇ ਉਸ ਨੂੰ ਪਿੱਤਲ ਨਾਲ ਮੜ੍ਹਿਆ।

[3] ਜਗਵੇਦੀ ਦਾ ਸਾਰਾ ਸਮਾਨ ਉਸ ਨੇ ਬਣਾਇਆ ਅਰਥਾਤ ਤਸਲੇ, ਕੜਛੇ, ਬਾਟੇ, ਤ੍ਰਿਸੂਲੀਆਂ ਅਤੇ ਅੰਗੀਠੀਆਂ ਬਣਾਈਆਂ। ਉਸ ਦੇ ਸਾਰੇ ਭਾਂਡੇ ਪਿੱਤਲ ਦੇ ਸਨ।

[4] ਉਸ ਨੇ ਜਗਵੇਦੀ ਲਈ ਪਿੱਤਲ ਦੀ ਇੱਕ ਜਾਲੀਦਾਰ ਝੰਜਰੀ ਬਣਾਈ।

[5] ਉਹ ਉਸ ਦੇ ਥੜੇ ਦੇ ਹੇਠ ਅਤੇ ਉਸ ਦੇ ਵਿਚਕਾਰ ਸੀ ਅਤੇ ਉਸ ਨੇ ਚੌਹਾਂ ਖੂੰਜਿਆਂ ਲਈ ਚਾਰ ਕੜੇ ਪਿੱਤਲ ਦੀ ਝੰਜਰੀ ਲਈ ਬਣਾਏ ਜਿਹੜੇ ਚੋਬਾਂ ਦੇ ਥਾਵਾਂ ਲਈ ਸਨ।

[6] ਉਸ ਨੇ ਸ਼ਿੱਟੀਮ ਦੀ ਲੱਕੜੀ ਦੀਆਂ ਚੋਬਾਂ ਬਣਾਈਆਂ ਅਤੇ ਉਨ੍ਹਾਂ ਨੂੰ ਪਿੱਤਲ ਨਾਲ ਮੜ੍ਹਿਆ।

[7] ਉਸ ਨੇ ਉਹ ਦੀਆਂ ਚੋਬਾਂ ਨੂੰ ਜਗਵੇਦੀ ਦੇ ਪਾਸਿਆਂ ਦੇ ਕੜਿਆਂ ਵਿੱਚ ਪਾਇਆ ਜਿਨ੍ਹਾਂ ਨਾਲ ਉਹ ਚੁੱਕੀ ਜਾਵੇ। ਉਸ ਨੇ ਉਹ ਨੂੰ ਫੱਟੀਆਂ ਨਾਲ ਖੋਖਲਾ ਬਣਾਇਆ।

[8] ਉਸ ਨੇ ਪਿੱਤਲ ਦਾ ਇੱਕ ਹੌਦ ਅਤੇ ਉਹ ਦੀ ਪਿੱਤਲ ਦੀ ਇੱਕ ਚੌਂਕੀ ਬਣਾਈ ਅਤੇ ਉਹ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਦੀਆਂ ਸੇਵਾਦਾਰਨੀਆਂ ਦਿਆਂ ਦਰਪਣਾਂ ਤੋਂ ਬਣਾਏ।

[9] ਉਸ ਨੇ ਵਿਹੜਾ ਬਣਾਇਆ ਅਤੇ ਦੱਖਣ ਦੇ ਪਾਸੇ ਵੱਲ ਵਿਹੜੇ ਲਈ ਮਹੀਨ ਉਣੀ ਹੋਈ ਕਤਾਨ ਦੀਆਂ ਸੌ ਹੱਥ ਲੰਮੀਆਂ ਕਨਾਤਾਂ ਬਣਾਈਆਂ

[10] ਅਤੇ ਉਨ੍ਹਾਂ ਦੀਆਂ ਥੰਮ੍ਹੀਆਂ ਵੀਹ ਅਤੇ ਉਨ੍ਹਾਂ ਦੀਆਂ ਵੀਹ ਚੀਥੀਆਂ ਪਿੱਤਲ ਦੀਆਂ ਸਨ ਅਤੇ ਥੰਮ੍ਹੀਆਂ ਦੇ ਕੁੰਡੇ ਅਤੇ ਉਨ੍ਹਾਂ ਦੇ ਕੜੇ ਚਾਂਦੀ ਦੇ ਸਨ।

[11] ਅਤੇ ਉੱਤਰ ਦੇ ਪਾਸੇ ਵੱਲ ਸੌ ਹੱਥ। ਉਨ੍ਹਾਂ ਦੀਆਂ ਥੰਮ੍ਹੀਆਂ ਵੀਹ ਅਤੇ ਉਨ੍ਹਾਂ ਦੀਆਂ ਵੀਹ ਚੀਥੀਆਂ ਪਿੱਤਲ ਦੀਆਂ ਸਨ ਅਤੇ ਉਨ੍ਹਾਂ ਥੰਮ੍ਹੀਆਂ ਦੇ ਕੁੰਡੇ ਅਤੇ ਕੜੇ ਚਾਂਦੀ ਦੇ ਸਨ।

[12] ਅਤੇ ਲਹਿੰਦੇ ਪਾਸੇ ਵੱਲ ਕਨਾਤਾਂ ਪੰਜਾਹ ਹੱਥ ਸਨ। ਉਨ੍ਹਾਂ ਦੀਆਂ ਥੰਮ੍ਹੀਆਂ ਦਸ ਉਨ੍ਹਾਂ ਦੀਆਂ ਚੀਥੀਆਂ ਦਸ ਸਨ ਅਤੇ ਥੰਮ੍ਹੀਆਂ ਦੇ ਕੁੰਡੇ ਅਤੇ ਕੜੇ ਚਾਂਦੀ ਦੇ ਸਨ।

[13] ਅਤੇ ਸਾਹਮਣੇ ਚੜ੍ਹਦੇ ਪਾਸੇ ਵੱਲ ਪੰਜਾਹ ਹੱਥ

[14] ਦਰਵਾਜ਼ੇ ਦੇ ਇੱਕ ਪਾਸੇ ਦੀਆਂ ਕਨਾਤਾਂ ਪੰਦਰਾਂ ਹੱਥ ਸਨ ਅਤੇ ਉਨ੍ਹਾਂ ਦੀਆਂ ਥੰਮ੍ਹੀਆਂ ਤਿੰਨ ਅਤੇ ਉਨ੍ਹਾਂ ਦੀਆਂ ਚੀਥੀਆਂ ਤਿੰਨ ਸਨ

[15] ਅਤੇ ਇਸ ਤਰ੍ਹਾਂ ਦੂਜੇ ਪਾਸੇ ਲਈ ਸੀ ਅਰਥਾਤ ਵਿਹੜੇ ਦੇ ਫਾਟਕ ਦੇ ਦੋਵੇਂ ਪਾਸੇ ਪੰਦਰਾਂ-ਪੰਦਰਾਂ ਹੱਥ ਦੀਆਂ ਕਨਾਤਾਂ ਸਨ ਅਤੇ ਉਨ੍ਹਾਂ ਦੀਆਂ ਥੰਮ੍ਹੀਆਂ ਤਿੰਨ ਅਤੇ ਉਨ੍ਹਾਂ ਦੀਆਂ ਚੀਥੀਆਂ ਤਿੰਨ ਸਨ।

[16] ਵਿਹੜੇ ਦੇ ਚੌਹਾਂ ਪਾਸਿਆਂ ਦੀਆਂ ਕਨਾਤਾਂ ਉਣੀ ਹੋਈ ਕਤਾਨ ਦੀਆਂ ਸਨ

[17] ਅਤੇ ਥੰਮ੍ਹੀਆਂ ਦੀਆਂ ਚੀਥੀਆਂ ਪਿੱਤਲ ਦੀਆਂ ਸਨ ਅਤੇ ਥੰਮ੍ਹੀਆਂ ਦੇ ਕੁੰਡੇ ਅਤੇ ਕੜੇ ਚਾਂਦੀ ਦੇ ਸਨ ਅਤੇ ਉਨ੍ਹਾਂ ਦੇ ਸਿਰਿਆਂ ਦਾ ਮੜ੍ਹ ਚਾਂਦੀ ਦਾ ਸੀ ਅਤੇ ਵਿਹੜੇ ਦੀਆਂ ਸਾਰੀਆਂ ਥੰਮ੍ਹੀਆਂ ਚਾਂਦੀ ਨਾਲ ਮੜ੍ਹੀਆਂ ਹੋਈਆਂ ਸਨ।

[18] ਵਿਹੜੇ ਦੇ ਫਾਟਕ ਲਈ ਇੱਕ ਓਟ ਨੀਲੇ ਬੈਂਗਣੀ ਅਤੇ ਕਿਰਮਚੀ ਮਹੀਨ ਉਣੇ ਹੋਏ ਕਤਾਨ ਦੀ ਸੀ ਅਤੇ ਉਹ ਕਸੀਦੇਕਾਰ ਦਾ ਕੰਮ ਸੀ। ਉਹ ਦੀ ਲੰਬਾਈ ਵੀਹ ਹੱਥ ਅਤੇ ਉਹ ਦੀ ਉਚਾਈ ਚੌੜਾਈ ਜਿੰਨੀ ਪੰਜ ਹੱਥ ਵਿਹੜੇ ਦੀਆਂ ਕਨਾਤਾਂ ਵਾਂਗੂੰ ਸੀ।

[19] ਉਨ੍ਹਾਂ ਦੀਆਂ ਥੰਮ੍ਹੀਆਂ ਚਾਰ ਅਤੇ ਉਨ੍ਹਾਂ ਦੀਆਂ ਚੀਥੀਆਂ ਚਾਰ ਪਿੱਤਲ ਦੀਆਂ ਸਨ। ਉਨ੍ਹਾਂ ਦੇ ਕੁੰਡੇ ਚਾਂਦੀ ਦੇ ਅਤੇ ਉਨ੍ਹਾਂ ਦੇ ਸਿਰਿਆਂ ਦਾ ਮੜ੍ਹ ਅਤੇ ਉਨ੍ਹਾਂ ਦੇ ਕੜੇ ਚਾਂਦੀ ਦੇ ਸਨ।

[20] ਡੇਰੇ ਅਤੇ ਵਿਹੜੇ ਦੇ ਆਲੇ-ਦੁਆਲੇ ਦੀਆਂ ਸਾਰੀਆਂ ਕੀਲੀਆਂ ਪਿੱਤਲ ਦੀਆਂ ਸਨ।

[21] ਇਹ ਡੇਰੇ ਦਾ ਲੇਖਾ ਹੈ ਅਰਥਾਤ ਸਾਖੀ ਦੇ ਡੇਰੇ ਦਾ ਜਿਵੇਂ ਉਹ ਮੂਸਾ ਦੇ ਹੁਕਮ ਅਨੁਸਾਰ ਲੇਵੀਆਂ ਦੀ ਉਪਾਸਨਾ ਦੇ ਕੰਮ ਲਈ ਹਾਰੂਨ ਜਾਜਕ ਦੇ ਪੁੱਤਰ ਈਥਾਮਾਰ ਦੇ ਰਾਹੀਂ ਗਿਣਿਆ ਗਿਆ।

[22] ਸੋ ਹੂਰ ਦੇ ਪੋਤੇ ਅਤੇ ਊਰੀ ਦੇ ਪੁੱਤਰ ਬਸਲਏਲ ਨੇ ਜਿਹੜਾ ਯਹੂਦਾਹ ਦੇ ਗੋਤ ਦਾ ਸੀ ਜੋ ਕੁਝ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਬਣਾਇਆ।

[23] ਉਹ ਦੇ ਨਾਲ ਆਹਾਲੀਆਬ ਅਹੀਸਾਮਾਕ ਦਾ ਪੁੱਤਰ ਸੀ ਜਿਹੜਾ ਦਾਨ ਦੇ ਗੋਤ ਦਾ ਸੀ। ਉਹ ਨਿਪੁੰਨ ਕਾਰੀਗਰ ਅਤੇ ਨੀਲੇ ਬੈਂਗਣੀ ਕਿਰਮਚੀ ਮਹੀਨ ਕਤਾਨ ਦਾ ਕਸੀਦੇਕਾਰ ਸੀ।

[24] ਸਾਰਾ ਸੋਨਾ ਜਿਹੜਾ ਪਵਿੱਤਰ ਸਥਾਨ ਦੇ ਕੰਮ ਦੇ ਵਰਤਣ ਵਿੱਚ ਆਇਆ ਅਰਥਾਤ ਭੇਟ ਦਾ ਸੋਨਾ ਉੱਨਤੀ ਕਿੱਕਾਰ ਅਤੇ ਸੱਤ ਸੌ ਤੀਹ ਸ਼ਕਲ ਪਵਿੱਤਰ ਸਥਾਨ ਦੇ ਸ਼ਕਲ ਅਨੁਸਾਰ ਹੋਇਆ

[25] ਅਤੇ ਮੰਡਲੀ ਦੇ ਲੋਕਾਂ ਦੀ ਚਾਂਦੀ ਜਿਨ੍ਹਾਂ ਦਾ ਲੇਖਾ ਹੋਇਆ ਇੱਕ ਸੌ ਕਿੱਕਾਰ ਅਤੇ ਇੱਕ ਹਜ਼ਾਰ ਸੱਤ ਸੌ ਪੰਝੱਤਰ ਸ਼ਕਲ ਪਵਿੱਤਰ ਸਥਾਨ ਦੇ ਸ਼ਕਲ ਅਨੁਸਾਰ ਸੀ

[26] ਅਰਥਾਤ ਜੀਆਂ ਪ੍ਰਤੀ ਅੱਧਾ ਸ਼ਕਲ ਪਵਿੱਤਰ ਸਥਾਨ ਦੇ ਸ਼ਕਲ ਅਨੁਸਾਰ ਉਨ੍ਹਾਂ ਸਾਰਿਆਂ ਤੋਂ ਜਿਹੜੇ ਗਿਣਿਆ ਹੋਇਆਂ ਵਿੱਚ ਰਲਦੇ ਸਨ ਲਿਆ ਜਿਹੜੇ ਵੀਹ ਸਾਲਾਂ ਦੇ ਅਤੇ ਉੱਤੇ ਦੇ ਸਨ ਉਹ ਛੇ ਲੱਖ ਤਿੰਨ ਹਜ਼ਾਰ ਪੰਜ ਸੌ ਪੰਜਾਹ ਸਨ।

[27] ਅਤੇ ਚਾਂਦੀ ਦੇ ਸੌ ਕਿੱਕਾਰ ਪਵਿੱਤਰ ਸਥਾਨ ਦੀਆਂ ਚੀਥੀਆਂ ਅਤੇ ਪਰਦੇ ਦੀਆਂ ਚੀਥੀਆਂ ਲਈ ਵਰਤੇ ਗਏ ਅਰਥਾਤ ਸੌ ਚੀਥੀਆਂ ਸੌ ਕਿੱਕਾਰ ਇੱਕ ਚੀਥੀ ਇੱਕ ਕਿੱਕਾਰ।

[28] ਅਤੇ ਇੱਕ ਹਜ਼ਾਰ ਸੱਤ ਸੌ ਪੰਝੱਤਰ ਸ਼ਕਲ ਤੋਂ ਉਸ ਨੇ ਥੰਮ੍ਹੀਆਂ ਦੇ ਕੁੰਡੇ ਬਣਾਏ ਅਤੇ ਉਨ੍ਹਾਂ ਦੇ ਸਿਰਿਆਂ ਨੂੰ ਮੜ੍ਹਿਆ ਅਤੇ ਉਨ੍ਹਾਂ ਦੇ ਕੜੇ ਬਣਾਏ।

[29] ਭੇਟ ਦਾ ਪਿੱਤਲ ਸੱਤਰ ਕਿੱਕਾਰ ਅਤੇ ਦੋ ਹਜ਼ਾਰ ਚਾਰ ਸੌ ਸ਼ਕਲ ਸੀ।

[30] ਉਸ ਤੋਂ ਉਹ ਨੇ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਦੀਆਂ ਚੀਥੀਆਂ ਅਤੇ ਪਿੱਤਲ ਦੀ ਜਗਵੇਦੀ ਅਤੇ ਉਸ ਦੀ ਪਿੱਤਲ ਦੀ ਝੰਜਰੀ ਅਤੇ ਜਗਵੇਦੀ ਦੇ ਸਾਰੇ ਭਾਂਡੇ ਬਣਾਏ ਨਾਲੇ ਵਿਹੜੇ ਦੇ ਚੌਹਾਂ ਪਾਸਿਆਂ ਦੀਆਂ ਚੀਥੀਆਂ ਅਤੇ ਵਿਹੜੇ ਦੇ ਫਾਟਕ ਦੀਆਂ ਚੀਥੀਆਂ ਅਤੇ ਡੇਰੇ ਦੀਆਂ ਸਾਰੀਆਂ ਕੀਲੀਆਂ ਅਤੇ ਵਿਹੜੇ ਦੇ ਚੌਹਾਂ ਪਾਸਿਆਂ ਦੀਆਂ ਕੀਲੀਆਂ।

[31] ਇਸ ਦੀ ਵਰਤੋਂ ਵਿਹੜੇ ਦੇ ਆਲੇ-ਦੁਆਲੇ ਦੇ ਪਰਦਿਆਂ ਅਤੇ ਪ੍ਰਵੇਸ਼-ਦੁਆਰ ਦੇ ਪਰਦਿਆਂ ਦੀਆਂ ਚੀਥੀਆਂ ਬਣਾਉਣ ਲਈ ਵੀ ਕੀਤੀ ਗਈ ਸੀ। ਅਤੇ ਪਿੱਤਲ ਦੀ ਵਰਤੋਂ ਪਵਿੱਤਰ ਤੰਬੂ ਲਈ ਅਤੇ ਵਿਹੜੇ ਦੇ ਆਲੇ-ਦੁਆਲੇ ਦੇ ਪਰਦਿਆਂ ਲਈ ਕੀਲੀਆਂ ਬਣਾਉਣ ਵਾਸਤੇ ਕੀਤੀ ਗਈ ਸੀ।

ਕੂਚ — Chapters