Skip to content
Opens in a new window
Listen to this chapter • 3:52

[1] ਉਸ ਨੇ ਪਿੱਤਲ ਦੀ ਇੱਕ ਜਗਵੇਦੀ ਬਣਾਈ। ਉਹ ਦੀ ਲੰਬਾਈ ਵੀਹ ਹੱਥ ਅਤੇ ਉਹ ਦੀ ਚੌੜਾਈ ਵੀਹ ਹੱਥ ਅਤੇ ਉਹ ਦੀ ਉਚਿਆਈ ਦਸ ਹੱਥ ਸੀ।

[2] ਉਸ ਨੇ ਇੱਕ ਢਾਲਿਆ ਹੋਇਆ ਸਾਗਰੀ ਹੌਦ ਬਣਾਇਆ ਜੋ ਇੱਕ ਕੰਢੇ ਤੋਂ ਦੂਜੇ ਕੰਢੇ ਤੱਕ ਦਸ ਹੱਥ ਸੀ। ਉਹ ਚੁਫ਼ੇਰਿਓਂ ਗੋਲ ਸੀ ਅਤੇ ਉਹ ਦੀ ਉਚਿਆਈ ਪੰਜ ਹੱਥ ਸੀ ਅਤੇ ਉਹ ਦੇ ਘੇਰੇ ਦੀ ਮਿਣਤੀ ਤੀਹ ਹੱਥ ਸੀ।

[3] ਉਹ ਦੇ ਹੇਠਾਂ ਉਹ ਦੇ ਚੁਫ਼ੇਰੇ ਇੱਕ-ਇੱਕ ਹੱਥ ਵਿੱਚ ਦਸ-ਦਸ ਬਲ਼ਦਾਂ ਦੀਆਂ ਮੂਰਤਾਂ ਉਸ ਸਾਗਰੀ ਹੌਦ ਨੂੰ ਦੁਆਲਿਓਂ ਘੇਰਦੀਆਂ ਸਨ। ਇਹ ਬਲ਼ਦ ਦੋ ਪਾਲਾਂ ਵਿੱਚ ਉਸੇ ਦੇ ਨਾਲ ਢਾਲ਼ੇ ਗਏ ਸਨ।

[4] ਉਹ ਬਾਰਾਂ ਬਲ਼ਦਾਂ ਦੇ ਉੱਤੇ ਧਰਿਆ ਹੋਇਆ ਸੀ। ਤਿੰਨਾਂ ਦੇ ਮੂੰਹ ਉੱਤਰ ਵੱਲ, ਤਿੰਨਾਂ ਦੇ ਮੂੰਹ ਪੱਛਮ ਵੱਲ, ਤਿੰਨਾਂ ਦੇ ਮੂੰਹ ਦੱਖਣ ਵੱਲ ਅਤੇ ਤਿੰਨਾਂ ਦੇ ਮੂੰਹ ਪੂਰਬ ਵੱਲ ਸਨ, ਸਾਗਰੀ ਹੌਦ ਉਨ੍ਹਾਂ ਦੇ ਉੱਤੇ ਧਰਿਆ ਹੋਇਆ ਸੀ ਅਤੇ ਉਨ੍ਹਾਂ ਸਾਰਿਆਂ ਦੇ ਪਿਛਲੇ ਅੰਗ ਅੰਦਰਵਾਰ ਨੂੰ ਸਨ।

[5] ਉਸ ਦੀ ਮੋਟਾਈ ਇੱਕ ਚੱਪਾ ਭਰ ਸੀ ਅਤੇ ਉਸ ਦੇ ਕੰਢੇ ਕਟੋਰੇ ਦੇ ਕੰਢੇ ਵਾਂਗੂੰ ਸੋਸਨ ਦੇ ਫੁੱਲਾਂ ਵਰਗੇ ਸਨ ਅਤੇ ਉਸ ਦੇ ਵਿੱਚ ਉੱਛਲਵਾਂ ਤਿੰਨ ਹਜ਼ਾਰ ਬਤ ਵੀ ਸਮਾ ਸਕਦਾ ਸੀ

[6] ਅਤੇ ਉਸ ਨੇ ਦਸ ਹੌਦੀਆਂ ਬਣਾਈਆਂ, ਪੰਜ ਸੱਜੇ ਪਾਸੇ, ਪੰਜ ਖੱਬੇ ਪਾਸੇ ਰੱਖੀਆਂ ਕਿ ਉਨ੍ਹਾਂ ਵਿੱਚ ਹੋਮ ਬਲੀ ਦੀਆਂ ਵਸਤੂਆਂ ਧੋਤੀਆਂ ਜਾਣ। ਉਨ੍ਹਾਂ ਨੂੰ ਉੱਥੇ ਹੀ ਧੋਂਦੇ ਸਨ ਪਰ ਸਾਗਰੀ ਹੌਦ ਜਾਜਕਾਂ ਦੇ ਨਹਾਉਣ ਲਈ ਸੀ

[7] ਅਤੇ ਉਸ ਨੇ ਸੋਨੇ ਦੇ ਦਸ ਸ਼ਮਾਦਾਨ ਹੁਕਮ ਦੇ ਅਨੁਸਾਰ ਬਣਾਏ ਅਤੇ ਹੈਕਲ ਵਿੱਚ ਪੰਜ ਸੱਜੇ ਅਤੇ ਪੰਜ ਖੱਬੇ ਪਾਸੇ ਟਿਕਾ ਦਿੱਤੇ

[8] ਉਸ ਨੇ ਦਸ ਮੇਜ਼ਾਂ ਬਣਾਈਆਂ ਅਤੇ ਹੈਕਲ ਵਿੱਚ ਪੰਜ ਸੱਜੇ ਅਤੇ ਪੰਜ ਖੱਬੇ ਪਾਸੇ ਟਿਕਾਈਆਂ ਅਤੇ ਉਸ ਨੇ ਸੋਨੇ ਦੇ ਇੱਕ ਸੌ ਕਟੋਰੇ ਬਣਾਏ

[9] ਫੇਰ ਉਸ ਨੇ ਜਾਜਕਾਂ ਦਾ ਵਿਹੜਾ ਤੇ ਵੱਡਾ ਵਲਗਣ ਬਣਾਇਆ ਅਤੇ ਵਲਗਣ ਦੇ ਬੂਹੇ ਬਣਾ ਕੇ ਉਨ੍ਹਾਂ ਨੂੰ ਪਿੱਤਲ ਨਾਲ ਮੜ੍ਹਿਆ

[10] ਅਤੇ ਉਸ ਨੇ ਸਾਗਰੀ ਹੌਦ ਨੂੰ ਪੂਰਬ ਵੱਲ ਭਵਨ ਦੇ ਸੱਜੇ ਪਾਸੇ ਦੱਖਣ ਵੱਲ ਘੁਮਾ ਕੇ ਰੱਖਿਆ।

[11] ਹੂਰਾਮ ਨੇ ਤਸਲੇ ਅਤੇ ਕੜਛੇ ਅਤੇ ਬਾਟੇ ਬਣਾਏ ਅਤੇ ਹੀਰਾਮ ਨੇ ਉਹ ਕੰਮ ਜੋ ਸੁਲੇਮਾਨ ਦੇ ਲਈ ਯਹੋਵਾਹ ਦੇ ਭਵਨ ਵਿੱਚ ਕਰਦਾ ਸੀ ਸੰਪੂਰਨ ਕੀਤਾ,

[12] ਦੋਵੇਂ ਥੰਮ੍ਹ ਅਤੇ ਕੌਲ ਅਤੇ ਮੁਕਟ ਜਿਹੜੇ ਉਨ੍ਹਾਂ ਦੋਹਾਂ ਥੰਮਾਂ ਦੇ ਸਿਰਾਂ ਉੱਤੇ ਸਨ ਅਤੇ ਦੋ ਜਾਲੀਆਂ ਜਿਹੜੀਆਂ ਥੰਮਾਂ ਦੇ ਸਿਰਾਂ ਉੱਪਰਲੇ ਮੁਕਟਾਂ ਨੂੰ ਢੱਕਦੀਆਂ ਸਨ।

[13] ਦੋਹਾਂ ਜਾਲੀਆਂ ਲਈ ਚਾਰ ਸੌ ਅਨਾਰ, ਹਰ ਜਾਲੀ ਲਈ ਦੋਂਹ ਪਾਲਾਂ ਵਿੱਚ ਅਨਾਰ ਕਿ ਉਹ ਥੰਮਾਂ ਦੇ ਉੱਪਰਲੇ ਮੁਕਟਾਂ ਦੇ ਦੋਹਾਂ ਕੌਲਾਂ ਨੂੰ ਢੱਕ ਲੈਣ।

[14] ਉਸ ਨੇ ਕੁਰਸੀਆਂ ਬਣਾਈਆਂ ਅਤੇ ਉਨ੍ਹਾਂ ਕੁਰਸੀਆਂ ਉੱਤੇ ਹੌਦੀਆਂ ਬਣਾਈਆਂ,

[15] ਇੱਕ ਸਾਗਰੀ ਹੌਦ ਅਤੇ ਸਾਗਰੀ ਹੌਦ ਹੇਠ ਬਾਰਾਂ ਬਲ਼ਦ ਸਨ।

[16] ਤਸਲੇ, ਕੜਛੇ, ਤ੍ਰਿਸੂਲੀਆਂ ਅਤੇ ਸਾਰੇ ਭਾਂਡੇ ਉਹ ਦੇ ਪਿਤਾ ਹੂਰਾਮ ਨੇ ਸੁਲੇਮਾਨ ਪਾਤਸ਼ਾਹ ਲਈ ਯਹੋਵਾਹ ਦੇ ਭਵਨ ਲਈ ਮਾਂਜੇ ਹੋਏ ਪਿੱਤਲ ਦੇ ਬਣਾਏ

[17] ਪਾਤਸ਼ਾਹ ਨੇ ਉਨ੍ਹਾਂ ਨੂੰ ਯਰਦਨ ਦੀ ਤਰਾਈ ਵਿੱਚ ਸੁੱਕੋਥ ਅਤੇ ਸਰੇਦਾਹ ਦੇ ਵਿੱਚਕਾਰਲੀ ਚੀਕਣੀ ਮਿੱਟੀ ਦੀ ਭੂਮੀ ਵਿੱਚ ਢਾਲਿਆ

[18] ਸੋ ਸੁਲੇਮਾਨ ਪਾਤਸ਼ਾਹ ਨੇ ਇਹ ਸਾਰੇ ਭਾਂਡੇ ਬਹੁਤ ਢੇਰ ਸਾਰੇ ਬਣਾਏ। ਇਸ ਲਈ ਪਿੱਤਲ ਦੇ ਤੋਲ ਦੀ ਜਾਂਚ ਨਾ ਹੋ ਸਕੀ

[19] ਸੁਲੇਮਾਨ ਨੇ ਉਹ ਸਾਰੇ ਭਾਂਡੇ ਜੋ ਪਰਮੇਸ਼ੁਰ ਦੇ ਭਵਨ ਲਈ ਸਨ ਬਣਾਏ ਅਤੇ ਸੋਨੇ ਦੀ ਜਗਵੇਦੀ ਅਤੇ ਮੇਜ਼ਾਂ ਜਿਨ੍ਹਾਂ ਉੱਤੇ ਹਜ਼ੂਰੀ ਦੀ ਰੋਟੀ ਹੁੰਦੀ ਸੀ

[20] ਅਤੇ ਖਾਲ਼ਸ ਸੋਨੇ ਦੇ ਸ਼ਮਾਦਾਨ ਉਨ੍ਹਾਂ ਦੇ ਦੀਵਿਆਂ ਸਣੇ ਕਿ ਉਹ ਰੀਤੀ ਅਨੁਸਾਰ ਵਿੱਚਲੀ ਕੋਠੜੀ ਦੇ ਅੱਗੇ ਬਲ਼ਦੇ ਰਹਿਣ

[21] ਅਤੇ ਫੁੱਲ ਅਤੇ ਦੀਵੇ ਅਤੇ ਜੀਭੀਆਂ ਸੋਨੇ ਦੀਆਂ ਸਨ ਅਤੇ ਉਹ ਖਰਾ ਸੋਨਾ ਸੀ

[22] ਅਤੇ ਗੁਲਤਰਾਸ਼ ਅਤੇ ਗੁਲਦਾਨ ਅਤੇ ਕੌਲੀਆਂ ਅਤੇ ਧੂਪਦਾਨ ਖਾਲ਼ਸ ਸੋਨੇ ਦੇ ਸਨ ਅਤੇ ਭਵਨ ਦਾ ਦਰਵਾਜ਼ਾ ਅਤੇ ਉਹ ਦੇ ਅੰਦਰਲੇ ਬੂਹੇ ਜੋ ਅੱਤ ਪਵਿੱਤਰ ਸਥਾਨ ਲਈ ਸਨ ਅਤੇ ਹੈਕਲ ਦੇ ਭਵਨ ਦੇ ਬੂਹੇ ਸੋਨੇ ਦੇ ਸਨ।

2 ਇਤਿਹਾਸ — Chapters