[1] ਉਸ ਦਾ ਪੁੱਤਰ ਯਹੋਸ਼ਾਫ਼ਾਤ ਉਸ ਦੇ ਥਾਂ ਰਾਜ ਕਰਨ ਲੱਗਾ ਅਤੇ ਉਸ ਨੇ ਇਸਰਾਏਲ ਦੇ ਟਾਕਰੇ ਲਈ ਆਪਣੇ ਆਪ ਨੂੰ ਸ਼ਕਤੀਮਾਨ ਬਣਾਇਆ
[2] ਉਸ ਨੇ ਯਹੂਦਾਹ ਦੇ ਸਾਰੇ ਗੜਾਂ ਵਾਲੇ ਸ਼ਹਿਰਾਂ ਵਿੱਚ ਫ਼ੌਜਾਂ ਰੱਖੀਆਂ ਅਤੇ ਯਹੂਦਾਹ ਦੇ ਦੇਸ ਵਿੱਚ ਅਤੇ ਇਫ਼ਰਾਈਮ ਦੇ ਉਨ੍ਹਾਂ ਸ਼ਹਿਰਾਂ ਵਿੱਚ ਜਿਹੜੇ ਉਸ ਦੇ ਪਿਤਾ ਆਸਾ ਨੇ ਲਏ ਸਨ ਚੌਂਕੀਆਂ ਬਿਠਾ ਦਿੱਤੀਆਂ
[3] ਅਤੇ ਯਹੋਵਾਹ ਯਹੋਸ਼ਾਫ਼ਾਤ ਦੇ ਨਾਲ ਸੀ ਕਿਉਂ ਜੋ ਉਸ ਦੀ ਚਾਲ ਆਪਣੇ ਪਿਤਾ ਦਾਊਦ ਦੇ ਪਹਿਲੇ ਰਾਹਾਂ ਅਨੁਸਾਰ ਸੀ ਅਤੇ ਉਹ ਬਆਲਾਂ ਦਾ ਤਾਲਿਬ ਨਾ ਬਣਿਆ
[4] ਸਗੋਂ ਆਪਣੇ ਪਿਤਾ ਦੇ ਪਰਮੇਸ਼ੁਰ ਦਾ ਸ਼ਰਧਾਲੂ ਬਣਿਆ ਅਤੇ ਉਸ ਦੇ ਹੁਕਮਾਂ ਉੱਤੇ ਚੱਲਦਾ ਰਿਹਾ ਅਤੇ ਇਸਰਾਏਲ ਜਿਹੇ ਕੰਮ ਨਾ ਕੀਤੇ
[5] ਇਸ ਲਈ ਯਹੋਵਾਹ ਨੇ ਉਸ ਦੇ ਹੱਥਾਂ ਵਿੱਚ ਰਾਜ ਨੂੰ ਪੱਕਾ ਕਰ ਦਿੱਤਾ ਅਤੇ ਸਾਰਾ ਯਹੂਦਾਹ ਯਹੋਸ਼ਾਫ਼ਾਤ ਦੇ ਕੋਲ ਚੜ੍ਹਾਵੇ ਲੈ ਕੇ ਆਏ ਅਤੇ ਉਸ ਦੀ ਦੌਲਤ ਤੇ ਇੱਜ਼ਤ ਵਿੱਚ ਬਹੁਤ ਵਾਧਾ ਹੋਇਆ
[6] ਉਸ ਦਾ ਦਿਲ ਯਹੋਵਾਹ ਦਿਆਂ ਰਾਹਾਂ ਵਿੱਚ ਮਗਨ ਸੀ। ਉਸ ਨੇ ਉੱਚੇ ਸਥਾਨਾਂ ਅਤੇ ਟੁੰਡਾਂ ਨੂੰ ਯਹੂਦਾਹ ਵਿੱਚੋਂ ਦੂਰ ਕਰ ਦਿੱਤਾ
[7] ਆਪਣੇ ਰਾਜ ਦੇ ਤੀਜੇ ਸਾਲ ਉਸ ਨੇ ਆਪਣੇ ਸਰਦਾਰਾਂ ਨੂੰ ਅਰਥਾਤ ਬਨਹਯਿਲ, ਓਬਦਯਾਹ, ਜ਼ਕਰਯਾਹ, ਨਥਾਨਏਲ ਅਤੇ ਮੀਕਾਯਾਹ ਨੂੰ ਯਹੂਦਾਹ ਦੇ ਸ਼ਹਿਰਾਂ ਵਿੱਚ ਸਿੱਖਿਆ ਦੇਣ ਲਈ ਭੇਜਿਆ
[8] ਅਤੇ ਉਨ੍ਹਾਂ ਦੇ ਨਾਲ ਇਹ ਲੇਵੀ ਸਨ, ਸ਼ਮਅਯਾਹ, ਨਥਨਯਾਹ, ਜ਼ਬਦਯਾਹ, ਅਸਾਹੇਲ, ਸ਼ਮੀਰਾਮੋਥ, ਯੋਨਾਥਾਨ, ਅਦੋਨੀਯਾਹ, ਤੋਬਿਆਹ, ਅਤੇ ਤੋਬ ਅਦੋਨੀਯਾਹ ਲੇਵੀਆਂ ਵਿੱਚੋਂ ਅਤੇ ਇਨ੍ਹਾਂ ਦੇ ਨਾਲ ਅਲੀਸ਼ਾਮਾ ਅਤੇ ਯਹੋਰਾਮ ਜਾਜਕ ਸਨ
[9] ਸੋ ਉਨ੍ਹਾਂ ਨੇ ਯਹੋਵਾਹ ਦੀ ਬਿਵਸਥਾ ਦੀ ਪੋਥੀ ਨਾਲ ਰੱਖ ਕੇ ਯਹੂਦਾਹ ਨੂੰ ਗਿਆਨ ਸਿਖਾਇਆ ਅਤੇ ਉਹ ਯਹੂਦਾਹ ਦੇ ਸਾਰੇ ਸ਼ਹਿਰਾਂ ਵਿੱਚ ਗਏ ਅਤੇ ਲੋਕਾਂ ਨੂੰ ਸਿੱਖਿਆ ਦਿੱਤੀ।
[10] ਤਦ ਯਹੋਵਾਹ ਦਾ ਭੈਅ ਯਹੂਦਾਹ ਦੇ ਆਲੇ-ਦੁਆਲੇ ਦੇ ਦੇਸਾਂ ਵਿੱਚ ਸਾਰੇ ਰਾਜਾਂ ਉੱਤੇ ਛਾ ਗਿਆ ਐਥੋਂ ਤੱਕ ਕਿ ਉਨ੍ਹਾਂ ਨੇ ਯਹੋਸ਼ਾਫ਼ਾਤ ਦੇ ਨਾਲ ਕਦੇ ਵੀ ਲੜਾਈ ਨਾ ਕੀਤੀ
[11] ਅਤੇ ਕਈ ਫ਼ਲਿਸਤੀ ਯਹੋਸ਼ਾਫ਼ਾਤ ਦੇ ਕੋਲ ਨਜ਼ਰਾਨੇ ਅਤੇ ਭੇਟ ਵਿੱਚ ਚਾਂਦੀ ਲੈ ਆਏ ਅਤੇ ਅਰਬ ਦੇ ਲੋਕ ਵੀ ਉਸ ਦੇ ਕੋਲ ਉਸ ਦੇ ਕੋਲ ਇੱਜੜ ਲਿਆਏ ਅਰਥਾਤ ਸੱਤ ਹਜ਼ਾਰ ਸੱਤ ਸੌ ਮੇਂਢੇ ਅਤੇ ਸੱਤ ਹਜ਼ਾਰ ਸੱਤ ਸੌ ਬੱਕਰੇ
[12] ਅਤੇ ਯਹੋਸ਼ਾਫ਼ਾਤ ਨੇ ਬੜੀ ਉੱਨਤੀ ਕੀਤੀ ਅਤੇ ਉਸ ਯਹੂਦਾਹ ਵਿੱਚ ਗੜ੍ਹ ਅਤੇ ਭੰਡਾਰਾਂ ਵਾਲੇ ਸ਼ਹਿਰ ਬਣਾਏ
[13] ਯਹੂਦਾਹ ਦੇ ਸ਼ਹਿਰਾਂ ਵਿੱਚ ਉਸ ਦੇ ਬਹੁਤ ਸਾਰੇ ਕੰਮ ਕਾਜ ਸਨ ਅਤੇ ਯਰੂਸ਼ਲਮ ਵਿੱਚ ਉਸ ਦੇ ਸੂਰਮੇ ਯੋਧੇ ਰਹਿੰਦੇ ਸਨ
[14] ਅਤੇ ਉਨ੍ਹਾਂ ਦੀ ਗਿਣਤੀ ਉਨ੍ਹਾਂ ਦੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਇਹ ਸੀ, ਯਹੂਦਾਹ ਵਿੱਚੋਂ ਹਜ਼ਾਰਾਂ ਦੇ ਸਰਦਾਰ ਇਹ ਸਨ, ਸਰਦਾਰ ਅਦਨਾਹ ਅਤੇ ਉਹ ਦੇ ਨਾਲ ਤਿੰਨ ਲੱਖ ਵੱਡੇ ਸੂਰਬੀਰ ਸਨ
[15] ਉਸ ਤੋਂ ਦੂਜੇ ਦਰਜੇ ਉੱਤੇ ਸਰਦਾਰ ਯਹੋਹਾਨਾਨ, ਉਸ ਦੇ ਨਾਲ ਦੋ ਲੱਖ ਅੱਸੀ ਹਜ਼ਾਰ
[16] ਉਸ ਤੋਂ ਹੇਠਾਂ ਜ਼ਿਕਰੀ ਦਾ ਪੁੱਤਰ ਅਮਸਯਾਹ ਸੀ ਜਿਸ ਆਪਣੇ ਆਪ ਨੂੰ ਖੁਸ਼ੀ ਦੇ ਨਾਲ ਯਹੋਵਾਹ ਦੇ ਲਈ ਪੇਸ਼ ਕੀਤਾ ਸੀ ਅਤੇ ਉਹ ਦੇ ਨਾਲ ਦੋ ਲੱਖ ਵੱਡੇ ਸੂਰਮੇ ਸਨ
[17] ਅਤੇ ਬਿਨਯਾਮੀਨ ਵਿੱਚੋਂ ਅਲਯਾਦਾ ਇੱਕ ਵੱਡਾ ਸੂਰਮਾ ਸੀ ਅਤੇ ਉਹ ਦੇ ਨਾਲ ਧਣੁੱਖ ਅਤੇ ਢਾਲ਼ ਨਾਲ ਦੋ ਲੱਖ ਜੁਆਨ ਸਨ
[18] ਅਤੇ ਉਸ ਦੇ ਹੇਠਾਂ ਯਹੋਜ਼ਾਬਾਦ ਸੀ ਅਤੇ ਉਸ ਦੇ ਨਾਲ ਇੱਕ ਲੱਖ ਅੱਸੀ ਹਜ਼ਾਰ ਜੁਆਨ ਸਨ ਜੋ ਜੰਗ ਲਈ ਤਿਆਰ ਰਹਿੰਦੇ ਸਨ
[19] ਇਹ ਪਾਤਸ਼ਾਹ ਦੇ ਸੇਵਾਦਾਰ ਸਨ ਅਤੇ ਇਹ ਉਨ੍ਹਾਂ ਤੋਂ ਵੱਖਰੇ ਸਨ ਜਿਨ੍ਹਾਂ ਨੂੰ ਪਾਤਸ਼ਾਹ ਨੇ ਸਾਰੇ ਯਹੂਦਾਹ ਦੇ ਗੜ੍ਹ ਵਾਲੇ ਸ਼ਹਿਰਾਂ ਵਿੱਚ ਰੱਖਿਆ ਹੋਇਆ ਸੀ।