Skip to content
Opens in a new window

[1] ਇਸਤੋਂ ਬਾਦ ਪ੍ਰਭੂ ਨੇ 72 ਹੋਰ ਆਦਮੀ ਚੁਣੇ। ਉਸ ਨੇ ਉਨ੍ਹਾਂ ਨੂੰ ਦੋ-ਦੋ ਆਦਮੀਆਂ ਦੇ ਸਮੂਹਾਂ ਵਿੱਚ ਕੀਤਾ। ਅਤੇ ਉਨ੍ਹਾਂ ਨੂੰ ਸਾਰੇ ਨਗਰਾਂ ਅਤੇ ਸਾਰੀਆਂ ਥਾਵਾਂ ਤੇ ਆਪਣੇ ਅੱਗੇ-ਅੱਗੇ ਭੇਜਿਆ ਜਿੱਥੇ ਉਹ ਖੁਦ ਜਾਣ ਵਾਲਾ ਸੀ।

[2] ਉਸ ਨੇ ਉਨ੍ਹਾਂ ਨੂੰ ਕਿਹਾ, “ਫ਼ਸਲ ਤਾਂ ਬਹੁਤ ਹੈ ਪਰ ਵਾਢੇ ਥੋੜੇ ਹਨ, ਇਸ ਲਈ ਤੁਸੀਂ ਫ਼ਸਲ ਦੇ ਪਰਮੇਸ਼ੁਰ ਅੱਗੇ ਬੇਨਤੀ ਕਰੋ ਜੋ ਉਹ ਆਪਣੀ ਫ਼ਸਲ ਵੱਢਣ ਲਈ ਵਾਢੇ ਭੇਜੇ।

[3] “ਤੁਸੀਂ ਜਾਓ। ਪਰ ਸਾਵੱਧਾਨ ਰਹੋ! ਮੈਂ ਤੁਹਾਨੂੰ ਬਘਿਆੜਾਂ ਵਿੱਚ ਲੇਲਿਆਂ ਵਾਂਗ ਭੇਜ ਰਿਹਾ ਹਾਂ।

[4] ਆਪਣੇ ਨਾਲ ਕੋਈ ਪੈਸਾ, ਥੈਲਾ, ਜਾਂ ਜੁੱਤੇ ਵਗੈਰਾ ਨਾ ਲੈਣਾ ਅਤੇ ਨਾ ਹੀ ਰਾਹ ਜਾਂਦੇ ਲੋਕਾਂ ਨਾਲ ਗੱਲੀ ਲੱਗਣਾ।

[5] ਜਿਸ ਘਰ ਵਿੱਚ ਵੀ ਤੁਸੀਂ ਜਾਵੋ ਪਹਿਲਾਂ ਇਹ ਆਖੋ ਕਿ ‘ਇਸ ਘਰ ਵਿੱਚ ਸ਼ਾਂਤੀ ਰਹੇ।’

[6] ਜੇਕਰ ਉੱਥੇ ਕੋਈ ਸ਼ਾਂਤੀ ਨੂੰ ਪਿਆਰ ਕਰਨ ਵਾਲਾ ਬੰਦਾ ਹੈ, ਤੁਹਾਡੀ ਸ਼ਾਂਤੀ ਦੀ ਅਸੀਸ ਉਸ ਦੇ ਨਾਲ ਹੋਵੇਗੀ। ਜੇਕਰ ਨਹੀਂ ਤਾਂ ਤੁਹਾਡੀ ਸ਼ਾਂਤੀ ਦੀ ਅਸੀਸ ਤੁਹਾਡੇ ਕੋਲ ਵਾਪਸ ਆ ਜਾਵੇਗੀ।

[7] ਉਸ ਘਰ ਵਿੱਚ ਰਹਿਣਾ ਜੋ ਸ਼ਾਂਤੀ ਨੂੰ ਪਿਆਰ ਕਰਦਾ ਹੈ। ਅਤੇ ਉਹ ਜੋ ਖਾਣ-ਪੀਣ ਨੂੰ ਦੇਣ ਉਹੀ ਖਾਣਾ। ਕਿਉਂਕਿ ਇੱਕ ਕਾਮਾ ਆਪਣੀ ਮਜੂਰੀ ਦਾ ਹੱਕਦਾਰ ਹੁੰਦਾ ਹੈ। ਤੁਸੀਂ ਇੱਕ ਘਰ ਛੱਡ ਕੇ ਦੂਜੇ ਘਰ ਨਾ ਜਾਣਾ।

[8] “ਅਤੇ ਜਦੋਂ ਤੁਸੀਂ ਇੱਕ ਨਗਰ ਵਿੱਚ ਪ੍ਰਵੇਸ਼ ਕਰੋ ਅਤੇ ਲੋਕ ਤੁਹਾਡਾ ਸੁਆਗਤ ਕਰਨ ਤਾਂ ਉਹੀ ਭੋਜਨ ਖਾਓ ਜੋ ਉਹ ਤੁਹਾਨੂੰ ਦੇਣ।

[9] ਅਤੇ ਉੱਥੇ ਦੋ ਬਿਮਾਰ ਲੋਕਾਂ ਨੂੰ ਜਾਕੇ ਰਾਜੀ ਕਰਨਾ ਅਤੇ ਉਨ੍ਹਾਂ ਨੂੰ ਜਾਕੇ ਆਖਣਾ, ‘ਪਰਮੇਸ਼ੁਰ ਦਾ ਰਾਜ ਤੁਹਾਡੇ ਨੇੜੇ ਆ ਰਿਹਾ ਹੈ।’

[10] “ਅਤੇ ਜਦੋਂ ਤੁਸੀਂ ਕਿਸੇ ਨਗਰ ਵਿੱਚ ਜਾਓ ਅਤੇ ਲੋਕ ਤੁਹਾਡਾ ਸੁਆਗਤ ਨਾ ਕਰਨ ਤਾਂ ਉਸ ਸ਼ਹਿਰ ਦੀਆਂ ਗਲੀਆਂ ਵਿੱਚ ਜਾਓ ਅਤੇ ਕਹੋ,

[11] ‘ਅਸੀਂ ਤੁਹਾਡੇ ਨਗਰ ਦੀ ਧੂੜ, ਵੀ ਝਾੜ ਰਹੇ ਹਾਂ ਜੋ ਸਾਡੇ ਪੈਰਾਂ ਨਾਲ ਲੱਗ ਗਈ ਸੀ। ਪਰ ਇਹ ਯਾਦ ਰੱਖਣਾ ਕਿ ਜਲਦੀ ਹੀ ਪਰਮੇਸ਼ੁਰ ਦਾ ਰਾਜ ਆਉਣ ਵਾਲਾ ਹੈ।’

[12] ਮੈਂ ਤੁਹਾਨੂੰ ਦੱਸਦਾ ਹਾਂ, ਕਿ ਨਿਆਂ ਦੇ ਦਿਨ ਸਦੂਮ ਦੇ ਲੋਕਾਂ ਦਾ ਹਾਲ ਇਨ੍ਹਾਂ ਲੋਕਾਂ ਨਾਲੋਂ ਵੱਧੇਰੇ ਚੰਗਾ ਹੋਵੇਗਾ।”

[13] “ਖੁਰਾਜ਼ੀਨ ਤੇਰੇ ਤੇ ਲਾਹਨਤ, ਬੈਤਸੈਦਾ ਤੇਰੇ ਤੇ ਲਾਹਨਤ। ਮੈਂ ਤੁਹਾਡੇ ਦਰਮਿਆਨ ਬਹੁਤ ਸਾਰੇ ਕਰਿਸ਼ਮੇ ਕੀਤੇ। ਜੇ ਮੈਂ ਉਹ ਕਰਿਸ਼ਮੇ ਸੂਰ ਅਤੇ ਸੈਦਾ ਵਿੱਚ ਕੀਤੇ ਹੁੰਦੇ ਤਾਂ ਉਨ੍ਹਾਂ ਨੇ ਕਦੋਂ ਦੇ ਆਪਣੇ ਜੀਵਨ ਬਦਲ ਲਏ ਹੁੰਦੇ। ਅਤੇ ਤੱਪੜ ਪਹਿਨ ਕੇ ਆਪਣੇ ਉੱਪਰ ਸੁਆਹ ਮਲ ਲੈਂਦੇ ਇਹ ਦਰਸ਼ਾਉਣ ਲਈ ਕਿ ਉਹ ਆਪਣੇ ਪਾਪਾਂ ਲਈ ਮਾਫ਼ੀ ਮੰਗਦੇ ਹਨ।

[14] ਪਰ ਨਿਆਂ ਦੇ ਦਿਨ ਸੂਰ ਅਤੇ ਸੈਦਾ ਕੋਲੋਂ ਤੁਹਾਡਾ ਹਸ਼ਰ ਵੱਧ ਮਾੜਾ ਹੋਵੇਗਾ।

[15] ਅਤੇ ਤੂੰ ਕਫ਼ਰਨਾਹੂਮ! ਕੀ ਤੂੰ ਸੋਚਦਾ ਹੈਂ ਕਿ ਤੂੰ ਸੁਰਗਾਂ ਤੱਕ ਉੱਚਾ ਚੁੱਕਿਆ ਜਾਵੇਗਾ? ਨਹੀਂ! ਤੂੰ ਮੌਤ ਦੀ ਥਾਵੇਂ ਥੱਲੇ ਸੁੱਟਿਆ ਜਾਵੇਂਗਾ।

[16] “ਜੇਕਰ ਕੋਈ ਮਨੁੱਖ ਤੁਹਡੀ ਸੁਣਦਾ ਹੈ ਤਾਂ ਜਾਣੋ ਉਹ ਮੈਨੂੰ ਹੀ ਸੁਣਦਾ ਹੈ। ਪਰ ਜੇਕਰ ਕੋਈ ਤੁਹਾਨੂੰ ਮੰਨਣ ਤੋਂ ਇਨਕਾਰ ਕਰਦਾ ਹੈ ਤਾਂ ਉਹ ਮੇਰੇ ਤੋਂ ਵੀ ਇਨਕਾਰੀ ਹੁੰਦਾ ਹੈ। ਅਤੇ ਉਹ ਜੋ ਮੈਨੂੰ ਨਾਮੰਜ਼ੂਰ ਕਰਦਾ ਹੈ ਉਸ ਨੂੰ ਨਾਮੰਜ਼ੂਰ ਕਰਦਾ ਹੈ ਜਿਸਨੇ ਮੈਨੂੰ ਭੇਜਿਆ ਹੈ।”

[17] ਜਦੋਂ 72 ਆਦਮੀ ਆਪਣੀ ਯਾਤਰਾ ਤੋਂ ਵਾਪਸ ਮੁੜੇ ਤਾਂ ਉਹ ਬੜੇ ਖੁਸ਼ ਸਨ। ਉਨ੍ਹਾਂ ਆਖਿਆ, “ਪ੍ਰਭੂ, ਜਦੋਂ ਅਸੀਂ ਤੇਰੇ ਨਾਮ ਦਾ ਜ਼ਿਕਰ ਕੀਤਾ ਤਾਂ ਭੂਤਾਂ ਨੇ ਵੀ ਸਾਡੀ ਆਗਿਆ ਦਾ ਪਾਲਣ ਕੀਤਾ।”

[18] ਯਿਸੂ ਨੇ ਉਨ੍ਹਾਂ ਨੂੰ ਆਖਿਆ, “ਮੈਂ ਸ਼ੈਤਾਨ ਨੂੰ ਅਕਾਸ਼ ਤੋਂ ਬਿਜਲੀ ਵਾਂਗ ਡਿੱਗਦਿਆਂ ਵੇਖਿਆ।

[19] ਸੁਣੋ! ਮੈਂ ਤੁਹਾਨੂੰ ਸਪਾਂ ਅਤੇ ਠੂੰਹਿਆਂ ਨੂੰ ਮਿਧਣ ਦੀ ਅਤੇ ਤੁਹਾਨੂੰ ਤੁਹਾਡੇ ਦੁਸ਼ਮਣ ਦੀ ਸ਼ਕਤੀ ਨੂੰ ਹਰਾਉਣ ਦੀ ਤਾਕਤ ਦਿੱਤੀ ਹੈ। ਕੋਈ ਵੀ ਤੁਹਾਨੂੰ ਸੱਟ ਨਹੀਂ ਮਾਰੇਗਾ।

[20] ਪਰ ਪ੍ਰਸੰਨ ਨਾ ਹੋਵੋ ਕਿ ਰੂਹਾਂ ਤੁਹਾਡੀ ਆਗਿਆ ਮੰਨਦੀਆਂ ਹਨ। ਸਗੋਂ ਖੁਸ਼ ਹੋਵੋ ਕਿ ਤੁਹਾਡੇ ਨਾਮ ਸਵਰਗ ਵਿੱਚ ਲਿਖੇ ਗਏ ਹਨ।”

[21] ਉਸੇ ਪਲ ਪਵਿੱਤਰ-ਆਤਮਾ ਨੇ ਯਿਸੂ ਨੂੰ ਖੁਸ਼ੀ ਮਹਿਸੂਸ ਕਰਵਾਈ ਤਾਂ ਯਿਸੂ ਨੇ ਆਖਿਆ, “ਹੇ ਪਿਤਾ! ਸਵਰਗ ਅਤੇ ਧਰਤੀ ਦੇ ਮਾਲਕ, ਮੈਂ ਤੇਰੀ ਉਸਤਤਿ ਕਰਦਾ ਹਾਂ। ਕਿਉਂਕਿ ਤੂੰ ਇਨ੍ਹਾਂ ਗੱਲਾਂ ਨੂੰ ਗਿਆਨੀਆਂ ਅਤੇ ਚਾਲਾਕ ਲੋਕਾਂ ਤੋਂ ਲੁਕਾਇਆ, ਪਰ ਬੱਚਿਆਂ ਨੂੰ ਪ੍ਰਕਾਸ਼ਮਾਨ ਕੀਤਾ ਹੈ। ਮੇਰੇ ਪਿਤਾ, ਤੂੰ ਇਹ ਸਭ ਇਸ ਲਈ ਕੀਤਾ ਕਿਉਂਕਿ ਤੂੰ ਅਜਿਹਾ ਕਰਕੇ ਸੱਚਮੁੱਚ ਪ੍ਰਸੰਨ ਸੀ।

[22] “ਮੇਰੇ ਪਿਤਾ ਨੇ ਮੈਨੂੰ ਸਭ ਕੁਝ ਸੌਂਪਿਆ ਹੈ। ਕੋਈ ਮਨੁੱਖ ਨਹੀਂ ਜਾਣਦਾ ਹੈ ਕਿ ਪੁੱਤਰ ਕੌਣ ਹੈ, ਕੇਵਲ ਪਿਤਾ ਜਾਣਦਾ ਹੈ। ਅਤੇ ਇਹ ਵੀ ਕੇਵਲ ਪੁੱਤਰ ਹੀ ਜਾਣਦਾ ਹੈ ਕਿ ਪਿਤਾ ਕੌਣ ਹੈ। ਅਤੇ ਜਿਹੜੇ ਲੋਕਾਂ ਨੂੰ ਪੁੱਤਰ ਪ੍ਰਗਟ ਕਰਨਾ ਚਾਹੇਗਾ ਕਿ ਪਿਤਾ ਕੌਣ ਹੈ ਕੇਵਲ ਓਹੀ ਪਿਤਾ ਨੂੰ ਜਾਣ ਸੱਕਣਗੇ।”

[23] ਤਦ ਉਹ ਆਪਣੇ ਚੇਲਿਆਂ ਵੱਲ ਮੁੜਿਆ, ਅਤੇ ਉਨ੍ਹਾਂ ਨੂੰ ਗੁਪਤ ਤਰੀਕੇ ਨਾਲ ਕਿਹਾ, “ਧੰਨ ਹਨ ਉਹ ਅੱਖੀਆਂ ਜੋ ਇਹ ਵੇਖਦੀਆਂ ਹਨ ਜੋ ਤੁਸੀਂ ਵੇਖਦੇ ਹੋ।

[24] ਕਿਉਂਕਿ ਮੈਂ ਤੁਹਾਨੂੰ ਦੱਸਦਾ ਹਾਂ ਬਹੁਤ ਸਾਰੇ ਰਾਜੇ ਨਬੀ ਵੀ ਉਹ ਗੱਲਾਂ ਦੇਖਣੀਆਂ ਚਾਹੁੰਦੇ ਹਨ ਜੋ ਉਹ ਨਹੀਂ ਵੇਖ ਸੱਕੇ। ਉਹ ਉਹੀ ਸੁਨਣਾ ਚਾਹੁੰਦੇ ਹਨ ਜੋ ਤੁਸੀਂ ਸੁਣਦੇ ਹੋ। ਪਰ ਸੁਣ ਨਾ ਸੱਕੇ।”

[25] ਤਦ ਇੱਕ ਨੇਮ ਦਾ ਉਪਦੇਸ਼ਕ ਉੱਠ ਖਲੋਇਆ। ਉਹ ਯਿਸੂ ਨੂੰ ਪਰੱਖਣਾ ਚਾਹੁੰਦਾ ਸੀ ਤਾਂ ਉਸ ਨੇ ਕਿਹਾ, “ਗੁਰੂ ਜੀ! ਸਦੀਪਕ ਜੀਵਨ ਪਾਉਣ ਲਈ ਮੈਨੂੰ ਕੀ ਕਰਨਾ ਚਾਹੀਦਾ ਹੈ।”

[26] ਯਿਸੂ ਨੇ ਆਖਿਆ, “ਨੇਮ ਵਿੱਚ ਕੀ ਲਿਖਿਆ ਹੋਇਆ ਹੈ? ਤੂੰ ਉਸ ਵਿੱਚ ਕੀ ਪੜ੍ਹਿਆ ਹੈ?”

[27] ਉਸ ਨੇ ਜਵਾਬ ਦਿੱਤਾ, “‘ਪ੍ਰਭੂ ਆਪਣੇ ਪਰਮੇਸ਼ੁਰ ਨੂੰ ਪੂਰੇ ਦਿਲ ਨਾਲ, ਪੂਰੇ ਆਤਮਾ ਨਾਲ, ਆਪਣੀ ਪੂਰੀ ਤਾਕਤ ਨਾਲ ਅਤੇ ਆਪਣੇ ਪੂਰੇ ਦਿਮਾਗ ਨਾਲ ਪਿਆਰ ਕਰੋ।’ ਅਤੇ, ‘ਆਪਣੇ ਗੁਆਂਢੀ ਨਾਲ ਵੀ ਇੰਝ ਪਿਆਰ ਕਰੋ ਜਿਵੇਂ ਤੁਸੀਂ ਆਪਣੇ-ਆਪ ਨੂੰ ਕਰਦੇ ਹੋ।’”

[28] ਯਿਸੂ ਨੇ ਉਸ ਨੂੰ ਆਖਿਆ, “ਤੂੰ ਬਿਲਕੁਲ ਦਰੁਸਤ ਜਵਾਬ ਦਿੱਤਾ ਹੈ, ਇਸ ਤੇ ਅਮਲ ਕਰੇਂ ਤਾਂ ਤੂੰ ਜਿਉਂਦਾ ਰਹੇਂਗਾ।”

[29] ਉਹ ਆਦਮੀ ਦਰਸ਼ਾਉਣਾ ਚਾਹੁੰਦਾ ਸੀ ਕਿ ਉਹ ਸਵਾਲ ਪੁੱਛਣ ਵਿੱਚ ਸਹੀ ਸੀ, ਇਸ ਲਈ ਉਸ ਨੇ ਯਿਸੂ ਨੂੰ ਆਖਿਆ, “ਮੇਰਾ ਗੁਆਂਢੀ ਕੌਣ ਹੈ?”

[30] ਇਸ ਗੱਲ ਦਾ ਜਵਾਬ ਦਿੰਦਿਆਂ ਯਿਸੂ ਨੇ ਕਿਹਾ, “ਇੱਕ ਆਦਮੀ ਯਰੂਸ਼ਲਮ ਤੋਂ ਯਰੀਹੋ ਵੱਲ ਨੂੰ ਜਾ ਰਿਹਾ ਸੀ। ਕੁਝ ਡਾਕੂਆਂ ਨੇ ਉਸ ਨੂੰ ਘੇਰ ਲਿਆ। ਉਨ੍ਹਾਂ ਨੇ ਉਸ ਦੇ ਕੱਪੜੇ ਪਾੜ ਦਿੱਤੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਉਸ ਨੂੰ ਅੱਧ ਮੋਇਆ ਛੱਡ ਕੇ ਚੱਲੇ ਗਏ।

[31] “ਸੱਬਬ ਨਾਲ ਇੱਕ ਯਹੂਦੀ ਜਾਜਕ ਉਸ ਸੜਕ ਤੋਂ ਲੰਘ ਰਿਹਾ ਸੀ, ਜਿਸ ਵਕਤ ਉਸ ਜਾਜਕ ਨੇ ਉਸ ਅਧਮਰੇ ਮਨੁੱਖ ਨੂੰ ਸੜਕ ਤੇ ਪਿਆ ਵੇਖਿਆ ਤਾਂ ਉਹ ਉਸਦੀ ਮਦਦ ਕਰਨ ਲਈ ਰੁਕਿਆ ਨਹੀਂ ਸਗੋਂ ਅਗ੍ਹਾਂ, ਲੰਘ ਗਿਆ।

[32] ਇੱਕ ਲੇਵੀ ਵੀ ਉਸ ਰਾਹ ਤੋਂ ਲੰਘ ਰਿਹਾ ਸੀ ਅਤੇ ਉਹ ਵੀ ਉਸ ਆਦਮੀ ਨੂੰ ਵੇਖਕੇ ਇੱਕ ਪਾਸੇ ਹੋਕੇ ਲੰਘ ਗਿਆ, ਉਹ ਵੀ ਉਸਦੀ ਮਦਦ ਲਈ ਨਹੀਂ ਰੁਕਿਆ।

[33] “ਉਸ ਰਾਹ ਫ਼ਿਰ ਇੱਕ ਸਾਮਰੀ ਆਇਆ। ਉਹ ਉਸ ਜਗ੍ਹਾ ਪਹੁੰਚਿਆ ਜਿੱਥੇ ਉਹ ਅੱਧ ਮੋਇਆ ਮਨੁੱਖ ਬੇਹਾਲ ਪਿਆ ਸੀ। ਜਦੋਂ ਉਹ ਨੇੜੇ ਆਇਆ ਅਤੇ ਬੰਦੇ ਨੂੰ ਵੇਖਿਆ, ਅਤੇ ਉਸ ਉੱਤੇ ਤਰਸ ਖਾਧਾ।

[34] ਉਹ ਉਸ ਦੇ ਨੇੜੇ ਆਇਆ ਅਤੇ ਜੈਤੂਨ ਦੇ ਤੇਲ ਅਤੇ ਮੈਅ ਨਾਲ ਉਸ ਦੇ ਜਖਮਾਂ ਤੇ ਪੱਟੀ ਕੀਤੀ। ਉਸ ਸਾਮਰੀ ਕੋਲ ਇੱਕ ਗਧਾ ਸੀ ਉਸ ਨੇ ਜਖਮੀ ਮਨੁੱਖ ਨੂੰ ਉਸ ਉੱਪਰ ਬਿਠਾਇਆ ਅਤੇ ਉਸ ਨੂੰ ਇੱਕ ਸਰ੍ਹਾਂ ਵਿੱਚ ਲੈ ਗਿਆ ਅਤੇ ਉੱਥੇ ਜਾਕੇ ਉਸਦੀ ਟਹਿਲ ਕੀਤੀ।

[35] ਅਗਲੇ ਦਿਨ ਉਸ ਨੇ ਦੋ ਚਾਂਦੀ ਦੇ ਸਿੱਕੇ ਕੱਢੇ ਅਤੇ ਸਰ੍ਹਾਂ ਵਾਲੇ ਨੂੰ ਦਿੱਤੇ ਅਤੇ ਉਸ ਨੂੰ ਆਖਿਆ, ‘ਇਸ ਘਾਇਲ ਮਨੁੱਖ ਦੀ ਦੇਖਭਾਲ ਕਰੀ। ਜੇਕਰ ਤੂੰ ਇਸਤੋਂ ਵੱਧ ਪੈਸਾ ਇਸ ਮਨੁੱਖ ਉੱਪਰ ਖਰਚ ਕਰੇ ਤਾਂ ਜਦੋਂ ਮੈਂ ਇੱਥੇ ਦੋਬਾਰਾ ਵਾਪਸ ਆਵਾਂਗਾ ਤਾਂ ਤੈਨੂੰ ਮੋੜ ਦੇਵਾਂਗਾ।’”

[36] ਮੈਨੂੰ ਦੱਸੋ, “ਇਨ੍ਹਾਂ ਤਿੰਨਾਂ ਆਦਮੀਆਂ ਵਿੱਚੋਂ ਕਿਸ ਆਦਮੀ ਨੇ ਉਸ ਬੰਦੇ ਨਾਲ ਗੁਆਂਢੀ ਹੋਣ ਦਾ ਸਬੂਤ ਦਿੱਤਾ ਜਿਸ ਉੱਤੇ ਡਾਕੂਆਂ ਨੇ ਹਮਲਾ ਕੀਤਾ ਸੀ?”

[37] ਨੇਮ ਦੇ ਉਪਦੇਸ਼ਕ ਨੇ ਆਖਿਆ, “ਉਸ ਆਦਮੀ ਨੇ, ਜਿਸਨੇ ਉਸ ਉੱਪਰ ਰਹਿਮ ਦਰਸਾਇਆ।” ਤਾਂ ਯਿਸੂ ਨੇ ਉਸ ਨੂੰ ਕਿਹਾ, “ਤਾਂ ਜਾ, ਤੂੰ ਵੀ ਜਾਕੇ ਇਵੇਂ ਹੀ ਕਰ।”

[38] ਜਦੋਂ ਯਿਸੂ ਅਤੇ ਉਸ ਦੇ ਚੇਲੇ ਸਫ਼ਰ ਤੇ ਸਨ ਤਾਂ ਉਹ ਇੱਕ ਨਗਰ ਵਿੱਚ ਪਹੁੰਚੇ। ਮਾਰਥਾ ਨਾਉਂ ਦੀ ਇੱਕ ਔਰਤ ਨੇ ਉਸ ਨੂੰ ਆਪਣੇ ਘਰ ਨਿਉਂਤਾ ਦਿੱਤਾ।

[39] ਮਾਰਥਾ ਦੀ ਇੱਕ ਭੈਣ ਸੀ ਜਿਸਦਾ ਨਾਉਂ ਮਰਿਯਮ ਸੀ। ਮਰਿਯਮ ਯਿਸੂ ਦੇ ਚਰਨਾਂ ਵਿੱਚ ਬੈਠਕੇ ਉਸ ਦੇ ਬਚਨ ਸੁਣ ਰਹੀ ਸੀ।

[40] ਪਰ ਮਾਰਥਾ ਨੂੰ ਸਭ ਕੁਝ ਤਿਆਰ ਕਰਨ ਲਈ ਇੰਨਾ ਕੰਮ ਸੀ। ਇਸ ਲਈ ਉਹ ਸਿੱਧੀ ਯਿਸੂ ਕੋਲ ਗਈ ਅਤੇ ਉਸ ਨੂੰ ਪੁੱਛਿਆ, “ਪ੍ਰਭੂ, ਕੀ ਤੁਹਾਨੂੰ ਚਿੰਤਾ ਨਹੀਂ ਕਿ ਮੇਰੀ ਭੈਣ ਇੰਨਾ ਸਾਰਾ ਕੰਮ ਮੇਰੇ ਇੱਕਲਿਆਂ ਕਰਨ ਲਈ ਛੱਡ ਗਈ ਹੈ। ਉਸ ਨੂੰ ਆਖੋ ਕਿ ਮੇਰੀ ਮਦਦ ਕਰੇ।”

[41] ਪਰ ਪ੍ਰਭੂ ਨੇ ਆਖਿਆ, “ਮਾਰਥਾ! ਓ ਮਾਰਥਾ! ਤੂੰ ਬਹੁਤ ਸਾਰੀਆਂ ਗੱਲਾਂ ਬਾਰੇ ਚਿੰਤਿਤ ਅਤੇ ਘਬਰਾਈ ਹੋਈ ਹੈਂ।

[42] ਪਰ ਸਿਰਫ਼ ਇੱਕ ਹੀ ਗੱਲ ਜਰੂਰੀ ਹੈ। ਮਰਿਯਮ ਨੇ ਆਪਣੇ ਲਈ ਇਸ ਨੇਕ ਕੰਮ ਦੀ ਚੋਣ ਕੀਤੀ ਹੈ। ਅਤੇ ਇਹ ਉਸਤੋਂ ਨਹੀਂ ਖੋਹਿਆ ਜਾਵੇਗਾ।”

ਲੂਕਾ ਦੀ ਇੰਜੀਲ — Chapters