[1] ਦੋ ਦਿਨਾਂ ਦੇ ਬਾਦ ਗਲੀਲ ਦੇ ਨਗਰ ਕਾਨਾ ਵਿੱਚ ਇੱਕ ਵਿਆਹ ਸੀ। ਯਿਸੂ ਦੀ ਮਾਤਾ ਉੱਥੇ ਸੀ।
[2] ਯਿਸੂ ਅਤੇ ਉਸ ਦੇ ਚੇਲਿਆਂ ਨੂੰ ਵੀ ਵਿਆਹ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਗਿਆ ਸੀ।
[3] ਉੱਥੇ ਮੈਅ ਕਾਫ਼ੀ ਨਹੀਂ ਸੀ। ਅਤੇ ਜਦੋਂ ਇਹ ਮੁੱਕ ਗਈ ਯਿਸੂ ਦੀ ਮਾਤਾ ਨੇ ਉਸ ਨੂੰ ਆਖਿਆ, “ਇਨ੍ਹਾਂ ਕੋਲ ਹੋਰ ਮੈਅ ਨਹੀਂ ਹੈ।”
[4] ਯਿਸੂ ਨੇ ਉੱਤਰ ਦਿੱਤਾ, “ਮੇਰਾ ਇਸ ਨਾਲ ਕੀ ਸਰੋਕਾਰ, ਮੇਰਾ ਸਮਾਂ ਅਜੇ ਨਹੀਂ ਆਇਆ।”
[5] ਯਿਸੂ ਦੀ ਮਾਤਾ ਨੇ ਟਹਿਲੂਆਂ ਨੂੰ ਆਖਿਆ, “ਉਵੇਂ ਹੀ ਕਰੋ ਜਿਵੇਂ ਉਹ ਤੁਹਾਨੂੰ ਕਰਨ ਲਈ ਆਖੇ।”
[6] ਉਸ ਥਾਂ ਤੇ ਪੱਥਰ ਦੇ ਛੇ ਵੱਡੇ ਜਲ ਦੇ ਮੱਟ ਸਨ। ਯਹੂਦੀ ਇਸ ਤਰ੍ਹਾਂ ਦੇ ਜਲ ਮੱਟ ਸ਼ੁੱਧੀਕਰਨ ਦੀਆਂ ਰੀਤਾਂ ਦੇ ਸਮੇਂ ਵਰਤਦੇ ਸਨ। ਹਰੇਕ ਜਲ ਮਟ ਵਿੱਚ 80 ਲੀਟਰ ਤੋਂ ਲੈ ਕੇ 120 ਲੀਟਰ ਤੱਕ ਜਲ ਰੱਖਿਆ ਜਾ ਸੱਕਦਾ ਹੈ।
[7] ਯਿਸੂ ਨੇ ਉਨ੍ਹਾਂ ਟਹਿਲੂਆਂ ਨੂੰ ਆਖਿਆ, “ਇਨ੍ਹਾਂ ਮੱਟਾਂ ਨੂੰ ਜਲ ਨਾਲ ਭਰ ਦਿਓ।” ਉਨ੍ਹਾਂ ਨੇ ਮੱਟਾਂ ਨੂੰ ਜਲ ਨਾਲ ਨੱਕੋ-ਨਕ ਭਰ ਦਿੱਤਾ।
[8] ਫਿਰ ਯਿਸੂ ਨੇ ਟਹਿਲੂਆਂ ਨੂੰ ਆਖਿਆ, “ਹੁਣ ਕੁਝ ਪਾਣੀ ਕੱਢੋ ਅਤੇ ਦਾਵਤ ਦੇ ਮੁਖੀ ਨੂੰ ਦੇ ਦਿਉ।” ਸੋ ਉਨ੍ਹਾਂ ਟਹਿਲੂਆਂ ਨੇ ਪਾਣੀ ਲਿਆ ਅਤੇ ਉਸ ਨੂੰ ਦੇ ਦਿੱਤਾ।
[9] ਉਸ ਨੇ ਉਹ ਜਲ ਚਖ ਕੇ ਵੇਖਿਆ। ਉਹ ਮੈਅ ਬਣ ਚੁੱਕੀ ਸੀ। ਉਸ ਨੂੰ ਪਤਾ ਨਹੀਂ ਸੀ ਕਿ ਮੈਅ ਕਿੱਥੋਂ ਆਈ ਹੈ। ਪਰ ਜਿਨ੍ਹਾਂ ਟਹਿਲੂਆਂ ਨੇ ਪਾਣੀ ਲਿਆਂਦਾ ਸੀ ਉਹ ਇਸ ਬਾਰੇ ਜਾਣਦੇ ਸੀ। ਦਾਅਵਤ ਦੇ ਪਰਧਾਨ ਨੇ ਲਾੜੇ ਨੂੰ ਸੱਦਿਆ।
[10] ਅਤੇ ਉਸ ਨੂੰ ਆਖਿਆ, “ਹਮੇਸ਼ਾ ਲੋਕ ਪਹਿਲਾਂ ਚੰਗੀ ਮੈਅ ਦਿੰਦੇ ਹਨ, ਜਦੋਂ ਮਹਿਮਾਨ ਸ਼ਰਾਬੀ ਹੁੰਦੇ ਹਨ ਫ਼ੇਰ ਉਹ ਸਸਤੀ ਮੈਅ ਦਿੰਦੇ ਹਨ। ਪਰ ਤੁਸੀਂ ਹੁਣ ਤੱਕ ਵੱਧੀਆ ਮੈਅ ਰੱਖੀ ਹੈ।”
[11] ਇਹ ਪਹਿਲਾ ਕਰਿਸ਼ਮਾ ਸੀ ਜੋ ਯਿਸੂ ਨੇ ਕੀਤਾ। ਅਤੇ ਇਹ ਗਲੀਲ ਦੇ ਨਗਰ ਕਾਨਾ ਵਿੱਚ ਕੀਤਾ ਗਿਆ ਸੀ। ਇਉਂ ਯਿਸੂ ਨੇ ਆਪਣੀ ਮਹਾਨਤਾ ਪ੍ਰਗਟਾਈ। ਉਸ ਦੇ ਚੇਲਿਆਂ ਨੇ ਇਸ ਵਿੱਚ ਵਿਸ਼ਵਾਸ ਕੀਤਾ।
[12] ਤਾਂ ਫ਼ਿਰ ਯਿਸੂ ਕਫ਼ਰਨਾਹੂਮ ਨਗਰ ਨੂੰ ਗਿਆ ਉਸਦੀ ਮਾਤਾ, ਉਸ ਦੇ ਭਰਾ, ਅਤੇ ਉਸ ਦੇ ਚੇਲੇ ਵੀ ਉਸ ਦੇ ਨਾਲ ਸਨ। ਉਹ ਸਾਰੇ ਕੁਝ ਦਿਨ ਕਫ਼ਰਨਾਹੂਮ ਵਿੱਚ ਠਹਿਰੇ।
[13] ਯਹੂਦੀਆਂ ਦੇ ਪਸਾਹ ਦਾ ਤਿਉਹਾਰ ਨੇੜੇ ਸੀ। ਇਸ ਲਈ ਯਿਸੂ ਯਰੂਸ਼ਲਮ ਆ ਗਿਆ। ਯਰੂਸ਼ਲਮ ਵਿੱਚ ਯਿਸੂ ਮੰਦਰ ਨੂੰ ਗਿਆ।
[14] ਉੱਥੇ ਉਸ ਨੇ ਲੋਕਾਂ ਨੂੰ ਡੰਗਰ, ਭੇਡਾਂ ਅਤੇ ਘੁੱਗੀਆਂ ਵੇਚਦੇ ਪਾਇਆ। ਦੂਜੇ ਲੋਕ ਆਪਣੀਆਂ ਮੇਜ਼ਾਂ ਤੇ ਬੈਠੇ ਹੋਏ ਸਨ। ਉਹ ਲੋਕਾਂ ਦਾ ਪੈਸਾ ਲੈਣ-ਦੇਣ ਦਾ ਵਪਾਰ ਕਰ ਰਹੇ ਸਨ।
[15] ਯਿਸੂ ਨੇ ਰੱਸੀਆਂ ਦੇ ਕੁਝ ਟੋਟਿਆਂ ਦਾ ਇੱਕ ਹੰਟਰ ਬਣਾਇਆ ਅਤੇ ਉਸ ਨਾਲ ਇਨ੍ਹਾਂ ਸਾਰੇ ਬੰਦਿਆਂ, ਡੰਗਰਾਂ ਅਤੇ ਭੇਡਾਂ ਨੂੰ ਮੰਦਰ ਚੋਂ ਬਾਹਰ ਕੱਢ ਦਿੱਤਾ। ਯਿਸੂ ਨੇ ਵਪਾਰੀਆਂ ਦੇ ਮੇਜ਼ ਉਲਟਾ ਦਿੱਤੇ ਅਤੇ ਜਿਨ੍ਹਾਂ ਪੈਸਿਆਂ ਦਾ ਉਹ ਲੈਣ-ਦੇਣ ਦਾ ਵਪਾਰ ਕਰ ਰਹੇ ਸਨ, ਉਹ ਖਿੰਡਾ ਦਿੱਤੇ।
[16] ਫ਼ਿਰ ਯਿਸੂ ਨੇ ਘੁੱਗੀਆਂ ਵੇਚਣ ਵਾਲੇ ਨੂੰ ਆਖਿਆ, “ਇਹ ਸਭ ਕੁਝ ਐਥੋਂ ਲੈ ਜਾਓ ਮੇਰੇ ਪਿਤਾ ਦੇ ਘਰ ਨੂੰ ਮੰਡੀ ਨਾ ਬਣਾਓ।”
[17] ਜਦੋਂ ਇਹ ਸਭ ਕੁਝ ਵਾਪਰਿਆ ਯਿਸੂ ਦੇ ਚੇਲਿਆਂ ਨੇ ਯਾਦ ਕੀਤਾ ਕਿ ਪੋਥੀਆਂ ਵਿੱਚ ਕੀ ਲਿਖਿਆ ਹੋਇਆ ਸੀ: “ਤੇਰੇ ਘਰ ਦੀ ਗੈਰਤ ਮੇਨੂੰ ਖਾ ਜਾਵੇਗੀ।”
[18] ਯਹੂਦੀਆਂ ਨੇ ਯਿਸੂ ਨੂੰ ਆਖਿਆ, “ਤੁਸੀਂ ਇਹ ਸਾਬਤ ਕਰਨ ਲਈ ਇੱਕ ਕਰਿਸ਼ਮਾ ਵਿਖਾਓ, ਕਿ ਤੁਹਾਡੇ ਕੋਲ ਇਹ ਗੱਲਾਂ ਕਰਨ ਦਾ ਅਧਿਕਾਰ ਹੈ।”
[19] ਯਿਸੂ ਨੇ ਉੱਤਰ ਦਿੱਤਾ, “ਇਸ ਮੰਦਰ ਨੂੰ ਢਾਹ ਦਿਓ, ਅਤੇ ਮੈਂ ਇਸਦਾ ਤਿੰਨਾਂ ਦਿਨਾਂ ਵਿੱਚ ਨਿਰਮਾਣ ਕਰ ਦਿਆਂਗਾ।”
[20] ਯਹੂਦੀਆਂ ਨੇ ਆਖਿਆ, “ਲੋਕਾਂ ਨੇ ਇਹ ਮੰਦਰ ਬਨਾਉਣ ਲਈ 46 ਸਾਲ ਲਾਏ ਕੀ ਤੁਸੀਂ ਇਸਦਾ ਨਿਰਮਾਣ ਤਿੰਨਾਂ ਦਿਨਾਂ ਵਿੱਚ ਕਰ ਦਿਉਂਗੇ?”
[21] ਪਰ ਜਿਸ ਮੰਦਰ ਦਾ ਜ਼ਿਕਰ ਯਿਸੂ ਨੇ ਕੀਤਾ ਸੀ, ਉਹ ਉਸਦਾ ਆਪਣਾ ਸਰੀਰ ਸੀ।
[22] ਯਿਸੂ ਦੇ ਪੁਨਰ-ਉਥਾਨ ਤੋਂ ਬਾਦ ਉਸ ਦੇ ਚੇਲਿਆਂ ਨੂੰ ਬਾਦ ਵਿੱਚ ਯਾਦ ਆਇਆ ਕਿ ਯਿਸੂ ਨੇ ਇਹ ਸ਼ਬਦ ਕਹੇ ਸਨ। ਇਸ ਲਈ ਉਨ੍ਹਾਂ ਨੇ ਪੋਥੀ ਉੱਤੇ, ਅਤੇ ਜੋ ਸ਼ਬਦ ਯਿਸੂ ਨੇ ਆਖੇ, ਉਨ੍ਹਾਂ ਤੇ ਵੀ ਵਿਸ਼ਵਾਸ ਕੀਤਾ।
[23] ਯਿਸੂ ਪਸਾਹ ਦੇ ਤਿਓਹਾਰ ਲਈ ਯਰੂਸ਼ਲਮ ਵਿੱਚ ਸੀ। ਬਹੁਤ ਸਾਰੇ ਲੋਕਾਂ ਨੇ ਯਿਸੂ ਵਿੱਚ ਵਿਸ਼ਵਾਸ ਕੀਤਾ ਕਿਉਂਕਿ ਜੋ ਕਰਿਸ਼ਮੇ ਯਿਸੂ ਨੇ ਕੀਤੇ ਉਨ੍ਹਾਂ ਨੇ ਉਹ ਵੇਖੇ ਸਨ।
[24] ਪਰ ਯਿਸੂ ਨੇ ਉਨ੍ਹਾਂ ਤੇ ਯਕੀਨ ਨਾ ਕੀਤਾ ਕਿਉਂਕਿ ਉਹ ਉਨ੍ਹਾਂ ਬਾਰੇ ਜਾਣਦਾ ਸੀ।
[25] ਯਿਸੂ ਨੂੰ ਇਸ ਗੱਲ ਦੀ ਲੋੜ ਨਹੀਂ ਸੀ ਕਿ ਕੋਈ ਹੋਰ ਬੰਦਾ ਉਨ੍ਹਾਂ ਨੂੰ ਉਨ੍ਹਾਂ ਬਾਰੇ ਦੱਸਦਾ ਕਿਉਂਕਿ ਉਹ ਲੋਕਾਂ ਦੇ ਦਿਲਾਂ ਬਾਰੇ ਜਾਣਦਾ ਸੀ।