Skip to content
Opens in a new window

[1] ਹੁਣ ਭਰਾਵੋ ਅਤੇ ਭੈਣੋ, ਅਸੀਂ ਮਹਿਸੂਸ ਕਰਦੇ ਹਾਂ ਕਿ ਤੁਹਾਨੂੰ ਸਮੇਂ ਅਤੇ ਤਿਥੀ ਬਾਰੇ ਲਿਖਣਾ ਜਰੂਰੀ ਹੈ।

[2] ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਕਿ ਜਿਸ ਦਿਨ ਪ੍ਰਭੂ ਫ਼ੇਰ ਆਵੇਗਾ ਉਸੇ ਤਰ੍ਹਾਂ ਹੈਰਾਨ ਭਰਿਆ ਹੋਵੇਗਾ ਜਿਵੇਂ ਉਦੋਂ ਜਦੋਂ ਰਾਤ ਵੇਲੇ ਚੋਰ ਆਉਂਦਾ ਹੈ।

[3] ਲੋਕੀ ਕਹਿਣਗੇ, “ਅਸੀਂ ਅਮਨ ਵਿੱਚ ਹਾਂ ਅਤੇ ਸੁਰੱਖਿਅਤ ਹਾਂ।” ਉਸੇ ਸਮੇਂ ਬਹੁਤ ਤੇਜੀ ਨਾਲ ਤਬਾਹੀ ਆ ਜਾਵੇਗੀ। ਇਹ ਤਬਾਹੀ ਉਸੇ ਤਰ੍ਹਾਂ ਆਵੇਗੀ ਜਿਵੇਂ ਔਰਤ ਨੂੰ ਬੱਚੇ ਦੇ ਜੰਮਣ ਦੀਆਂ ਪੀੜਾਂ ਸਹਿਣੀਆਂ ਪੈਂਦੀਆਂ ਹਨ। ਅਤੇ ਉਹ ਲੋਕੀ ਨਹੀਂ ਬਚਣਗੇ।

[4] ਪਰ ਤੁਸੀਂ ਭਰਾਵੋ ਅਤੇ ਭੈਣੋ, ਹਨੇਰੇ ਵਿੱਚ ਨਹੀਂ ਜਿਉਂਦੇ। ਇਸ ਲਈ ਉਹ ਦਿਨ ਤੁਹਾਨੂੰ ਚੋਰ ਵਾਂਗ ਹੈਰਾਨ ਨਹੀਂ ਕਰੇਗਾ।

[5] ਤੁਸੀਂ ਸਾਰੇ ਜਿਹੜੇ ਰੋਸ਼ਨੀ ਵਿੱਚ ਜਿਉਂ ਰਹੇ ਹੋ, ਅਤੇ ਤੁਸੀਂ ਦਿਨ ਨਾਲ ਸੰਬੰਧਿਤ ਹੋ। ਅਸੀਂ ਰਾਤ ਜਾਂ ਹਨੇਰੇ ਨਾਲ ਸੰਬੰਧਿਤ ਨਹੀਂ ਹਾਂ।

[6] ਇਸ ਲਈ ਸਾਨੂੰ ਹੋਰਨਾਂ ਲੋਕਾਂ ਵਾਂਗ ਨਹੀਂ ਜਿਉਂਣਾ ਚਾਹੀਦਾ। ਸਾਨੂੰ ਜਾਗੇ ਰਹਿਣਾ ਚਾਹੀਦਾ ਅਤੇ ਸਵੈ-ਕਾਬੂ ਹੋਣਾ ਚਾਹੀਦਾ ਹੈ।

[7] ਜਿਹੜੇ ਲੋਕ ਸੌਂਦੇ ਹਨ, ਰਾਤ ਨੂੰ ਸੌਂਦੇ ਹਨ। ਜਿਹੜੇ ਲੋਕ ਸ਼ਰਾਬ ਨਾਲ ਬਦਮਸਤ ਹੁੰਦੇ ਹਨ, ਰਾਤ ਨੂੰ ਹੁੰਦੇ ਹਨ।

[8] ਪਰ ਅਸੀਂ ਤਾਂ ਦਿਨ ਵਾਲੇ ਹਾਂ, ਇਸ ਲਈ ਸਾਨੂੰ ਆਪਣੇ-ਆਪ ਉੱਪਰ ਕਾਬੂ ਰੱਖਣਾ ਚਾਹੀਦਾ ਹੈ। ਸਾਨੂੰ ਵਿਸ਼ਵਾਸ ਅਤੇ ਪ੍ਰੇਮ ਨੂੰ ਆਪਣੇ ਸੁਰੱਖਿਆ ਕਵਚ ਵਾਂਗ ਪਹਿਨਣਾ ਚਾਹੀਦਾ ਹੈ, ਅਤੇ ਮੁਕਤੀ ਦੀ ਆਸ ਸਾਡਾ ਟੋਪ ਹੋਣੀ ਚਾਹੀਦੀ ਹੈ।

[9] ਪਰਮੇਸ਼ੁਰ ਨੇ ਸਾਨੂੰ ਆਪਣਾ ਕਹਿਰ ਝੱਲਣ ਲਈ ਨਹੀਂ ਚੁਣਿਆ। ਪਰਮੇਸ਼ੁਰ ਨੇ ਸਾਨੂੰ ਆਪਣੇ ਪ੍ਰਭੂ ਯਿਸੂ ਮਸੀਹ ਰਾਹੀਂ ਮੁਕਤੀ ਪਾਉਣ ਲਈ ਚੁਣਿਆ।

[10] ਯਿਸੂ ਸਾਡੇ ਲਈ ਮਰਿਆ ਤਾਂ ਜੋ ਅਸੀਂ ਇਕੱਠੇ ਉਸ ਦੇ ਨਾਲ ਜਿਉਂ ਸੱਕੀਏ। ਜਦੋਂ ਉਹ ਆਵੇਗਾ ਤਾਂ ਇਹ ਕੋਈ ਜ਼ਰੂਰੀ ਨਹੀਂ ਕਿ ਅਸੀਂ ਜਿਉਂਦੇ ਹੋਈਏ ਜਾਂ ਮਰ ਚੁੱਕੇ ਹੋਈਏ।

[11] ਇਸ ਲਈ ਜਿਵੇਂ ਤੁਸੀਂ ਪਹਿਲਾਂ ਹੀ ਕਰ ਰਹੇ ਹੋ, ਇੱਕ ਦੂਸਰੇ ਨੂੰ ਹੌਂਸਲਾ ਅਤੇ ਤਾਕਤ ਦਿਉ।

[12] ਹੁਣ ਭਰਾਵੋ ਅਤੇ ਭੈਣੋ, ਉਨ੍ਹਾਂ ਦੀ ਇੱਜ਼ਤ ਕਰੋ ਜਿਹੜੇ ਤੁਹਾਡੇ ਦਰਮਿਆਨ ਸਖਤ ਮਿਹਨਤ ਕਰਦੇ ਹਨ, ਜਿਹੜੇ ਤੁਹਾਡੀ ਪ੍ਰਭੂ ਵਿੱਚ ਅਗਵਾਈ ਕਰਦੇ ਹਨ। ਅਤੇ ਤੁਹਾਨੂੰ ਉਪਦੇਸ਼ ਦਿੰਦੇ ਹਨ।

[13] ਉਨ੍ਹਾਂ ਦੀ ਇੱਜ਼ਤ ਉਸ ਕੰਮ ਦੀ ਖਾਤਿਰ, ਇੱਕ ਖਾਸ ਪ੍ਰੇਮ ਨਾਲ ਕਰੋ, ਜਿਹੜਾ ਉਹ ਕਰਦੇ ਹਨ। ਇੱਕ ਦੂਸਰੇ ਨਾਲ ਸ਼ਾਂਤੀ ਨਾਲ ਰਹੋ।

[14] ਭਰਾਵੋ ਅਤੇ ਭੈਣੋ, ਅਸੀਂ ਤੁਹਾਨੂੰ ਉਨ੍ਹਾਂ ਲੋਕਾਂ ਨੂੰ ਚੇਤਾਵਨੀ ਦੇਣ ਲਈ ਆਖਦੇ ਹਾਂ ਜਿਹੜੇ ਕੰਮ ਨਹੀਂ ਕਰਦੇ। ਉਨ੍ਹਾਂ ਲੋਕਾਂ ਦੀ ਹੌਂਸਲਾ ਅਫ਼ਜ਼ਾਈ ਕਰੋ ਜਿਹੜੇ ਡਰਦੇ ਹਨ। ਜਿਹੜੇ ਕਮਜ਼ੋਰ ਹਨ ਉਨ੍ਹਾਂ ਦੀ ਸਹਾਇਤਾ ਕਰੋ। ਹਰ ਕਿਸੇ ਨਾਲ ਨਿਮ੍ਰ ਹੋਵੋ।

[15] ਇਸ ਗੱਲ ਨੂੰ ਯਕੀਨੀ ਬਣਾਉ ਕਿ ਕੋਈ ਵੀ ਵਿਅਕਤੀ ਬਦੀ ਦੇ ਬਦਲੇ ਬਦੀ ਨਹੀਂ ਕਰਦਾ। ਸਗੋਂ ਇਸਦੀ ਜਗ਼੍ਹਾ ਹਮੇਸ਼ਾ ਉਹੀ ਕਰਨ ਦੀ ਕੋਸ਼ਿਸ਼ ਕਰੋ ਜੋ ਇੱਕ ਦੂਸਰੇ ਲਈ ਅਤੇ ਸਾਰਿਆਂ ਲੋਕਾਂ ਲਈ ਚੰਗਾ ਹੈ।

[16] ਹਮੇਸ਼ਾ ਖੁਸ਼ ਰਹੋ।

[17] ਕਦੇ ਵੀ ਪ੍ਰਾਰਥਨਾ ਕਰਨੀ ਨਾ ਛੱਡੋ।

[18] ਹਰ ਵੇਲੇ ਪਰਮੇਸ਼ੁਰ ਦਾ ਧੰਨਵਾਦ ਕਰੋ। ਇਹੀ ਹੈ ਜੋ ਮਸੀਹ ਯਿਸੂ ਵਿੱਚ ਪਰਮੇਸ਼ੁਰ ਤੁਹਾਥੋਂ ਚਾਹੁੰਦਾ ਹੈ।

[19] ਪਵਿੱਤਰ ਆਤਮਾ ਦੇ ਕਾਰਜ ਨੂੰ ਨਾ ਰੋਕੋ।

[20] ਅਗੰਮੀ ਵਾਕਾਂ ਨੂੰ ਇੰਝ ਨਾ ਸਮਝੋ ਜਿਵੇਂ ਕਿ ਉਹ ਮਹੱਤਵਹੀਣ ਹੋਣ।

[21] ਪਰ ਹਰ ਗੱਲ ਦੀ ਪਰੱਖ ਕਰੋ। ਜੋ ਚੰਗਾ ਹੈ ਉਸ ਨੂੰ ਰੱਖ ਲਵੋ।

[22] ਅਤੇ ਹਰ ਪ੍ਰਕਾਰ ਦੀ ਬਦੀ ਤੋਂ ਦੂਰ ਰਹੋ।

[23] ਅਸੀ ਪ੍ਰਾਰਥਨਾ ਕਰਦੇ ਹਾਂ ਕਿ ਅਮਨ ਦਾ ਪਰਮੇਸ਼ੁਰ ਖੁਦ ਤੁਹਾਨੂੰ ਉਸੇ ਦਾ ਹੋਣ ਲਈ ਪਵਿੱਤਰ ਬਣਾਵੋ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਤੁਹਾਡਾ ਆਤਮਾ ਅਤੇ ਜੀਵਨ ਅਤੇ ਸਰੀਰ ਸਾਡੇ ਪ੍ਰਭੂ ਯਿਸੂ ਮਸੀਹ ਦੇ ਆਉਣ ਤੱਕ ਸੁੱਰੱਖਿਅਤ ਅਤੇ ਦੋਸ਼ ਰਹਿਤ ਰਹਿਣ।

[24] ਉਹ ਪਰਮੇਸ਼ੁਰ ਜਿਸਨੇ ਤੁਹਾਨੂੰ ਸੱਦਾ ਦਿੱਤਾ ਹੈ ਤੁਹਾਡੇ ਲਈ ਇਹ ਕਰੇਗਾ। ਤੁਸੀਂ ਉਸ ਵਿੱਚ ਵਿਸ਼ਵਾਸ ਰੱਖ ਸੱਕਦੇ ਹੋ।

[25] ਭਰਾਵੋ ਅਤੇ ਭੈਣੋ, ਕਿਰਪਾ ਕਰਕੇ ਸਾਡੇ ਲਈ ਪ੍ਰਾਰਥਨਾ ਕਰੋ।

[26] ਜਦੋਂ ਤੁਸੀਂ ਇਕੱਠੇ ਹੋਵੋਂ ਤਾਂ ਸਾਰੇ ਭਰਾਵਾਂ ਅਤੇ ਭੈਣਾਂ ਨੂੰ ਇੱਕ ਪਵਿੱਤਰ ਚੁੰਮਣ ਨਾਲ ਸ਼ੁਭਕਾਮਨਾਵਾਂ ਦਿਉ।

[27] ਮੈਂ ਤੁਹਾਨੂੰ ਪ੍ਰਭੂ ਦੇ ਇਖਤਿਆਰ ਨਾਲ ਮਸੀਹ ਵਿੱਚ ਸਾਰੇ ਭਰਾਵਾਂ ਅਤੇ ਭੈਣਾਂ ਨੂੰ ਇਹ ਪੱਤਰ ਪੜ੍ਹਕੇ ਸੁਣਾਉਣ ਲਈ ਆਖਦਾ ਹਾਂ।

[28] ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਨਾਲ ਹੋਵੇ।

ਥਸੱਲੁਨੀਕੀਆਂ ਨੂੰ ਪਹਿਲੀ ਪੱਤ੍ਰੀ — Chapters