Skip to content
Opens in a new window
Listen to this chapter • 2:58

[1] ਵੇਖ, ਹੇ ਮੇਰੀ ਪ੍ਰੀਤਮਾ, ਤੂੰ ਰੂਪਵੰਤ ਹੈ! ਵੇਖ, ਤੂੰ ਰੂਪਵੰਤ ਹੈ, ਤੇਰੀਆਂ ਅੱਖਾਂ ਤੇਰੇ ਘੁੰਡ ਦੇ ਹੇਠ ਕਬੂਤਰੀ ਵਰਗੀਆਂ ਹਨ, ਤੇਰੇ ਵਾਲ਼ ਉਨ੍ਹਾਂ ਬੱਕਰੀਆਂ ਦੇ ਝੁੰਡ ਵਾਂਗੂੰ ਹਨ, ਜਿਹੜੀਆਂ ਗਿਲਆਦ ਪਰਬਤ ਦੇ ਹੇਠਾਂ ਬੈਠੀਆਂ ਹਨ।

[2] ਤੇਰੇ ਦੰਦ ਮੁੰਨੀਆਂ ਹੋਇਆ ਭੇਡਾਂ ਦੇ ਇੱਜੜ ਵਾਂਗੂੰ ਹਨ, ਜਿਹੜੀਆਂ ਨਹਾ ਕੇ ਉਤਾਹਾਂ ਆਈਆਂ ਹਨ, ਜਿਹੜੀਆਂ ਸਾਰੀਆਂ ਜੋੜਿਆਂ ਨੂੰ ਜੰਮਦੀਆਂ ਹਨ, ਉਨ੍ਹਾਂ ਵਿੱਚੋਂ ਕੋਈ ਇਕੱਲੀ ਨਹੀਂ।

[3] ਤੇਰੇ ਬੁੱਲ ਲਾਲ ਡੋਰੀ ਵਰਗੇ ਹਨ, ਤੇਰਾ ਮੂੰਹ ਸੋਹਣਾ ਹੈ, ਤੇਰੀਆਂ ਗੱਲਾਂ ਘੁੰਡ ਦੇ ਹੇਠ ਅਨਾਰ ਦੇ ਟੁੱਕੜਿਆਂ ਵਾਂਗੂੰ ਹਨ।

[4] ਤੇਰੀ ਗਰਦਨ ਦਾਊਦ ਦੇ ਬੁਰਜ ਵਾਂਗੂੰ ਹੈ, ਜਿਹੜਾ ਸ਼ਸਤਰ-ਖ਼ਾਨੇ ਲਈ ਬਣਾਇਆ ਗਿਆ ਹੈ, ਜਿਸ ਦੇ ਉੱਤੇ ਹਜ਼ਾਰ ਢਾਲਾਂ ਲਟਕਾਈਆਂ ਹੋਈਆਂ ਹਨ, ਉਹ ਸਾਰੀਆਂ ਸੂਰਮਿਆਂ ਦੀਆਂ ਢਾਲਾਂ ਹਨ।

[5] ਤੇਰੀਆਂ ਦੋਵੇਂ ਛਾਤੀਆਂ ਹਿਰਨੀਆਂ ਦੇ ਜੁੜਵਾਂ ਬੱਚਿਆਂ ਵਾਂਗੂੰ ਹਨ, ਜਿਹੜੇ ਸੋਸਨਾਂ ਦੇ ਵਿੱਚ ਚੁਗਦੇ ਹਨ।

[6] ਜਦ ਤੱਕ ਦਿਨ ਢੱਲ਼ ਨਾ ਜਾਵੇ ਅਤੇ ਪਰਛਾਵੇਂ ਮਿਟ ਨਾ ਜਾਣ, ਮੈਂ ਗੰਧਰਸ ਦੇ ਪਰਬਤ ਅਤੇ ਲੁਬਾਨ ਦੇ ਟਿੱਲੇ ਉੱਤੇ ਚਲਾ ਜਾਂਵਾਂਗਾ।

[7] ਹੇ ਮੇਰੀ ਪ੍ਰੀਤਮਾ, ਤੂੰ ਸਾਰੀ ਦੀ ਸਾਰੀ ਰੂਪਵੰਤ ਹੈਂ, ਤੇਰੇ ਵਿੱਚ ਕੋਈ ਦੋਸ਼ ਨਹੀਂ।

[8] ਹੇ ਮੇਰੀ ਵਹੁਟੀਏ, ਤੂੰ ਲਬਾਨੋਨ ਤੋਂ ਮੇਰੇ ਸੰਗ ਆ, ਲਬਾਨੋਨ ਤੋਂ ਮੇਰੇ ਸੰਗ ਆ, ਤੂੰ ਅਮਾਨਾਹ ਦੀ ਚੋਟੀ ਤੋਂ, ਸਨੀਰ ਤੇ ਹਰਮੋਨ ਦੀ ਚੋਟੀ ਤੋਂ, ਸ਼ੇਰਾਂ ਦੇ ਘੁਰਨਿਆਂ ਤੋਂ, ਚੀਤਿਆਂ ਦੇ ਪਹਾੜਾਂ ਤੋਂ ਚੱਲੀ ਆ।

[9] ਹੇ ਮੇਰੀ ਪਿਆਰੀ, ਮੇਰੀ ਵਹੁਟੀਏ, ਤੂੰ ਮੇਰਾ ਮਨ ਲੁੱਟ ਲਿਆ ਹੈ, ਤੂੰ ਆਪਣੀ ਇੱਕ ਨਜ਼ਰ ਨਾਲ ਮੇਰਾ ਮਨ ਲੁੱਟ ਲਿਆ ਹੈ, ਆਪਣੀ ਗਰਦਨ ਦੀ ਮਾਲਾ ਦੇ ਇੱਕ ਮੋਤੀ ਨਾਲ!

[10] ਹੇ ਮੇਰੀ ਪਿਆਰੀ, ਮੇਰੀ ਵਹੁਟੀਏ, ਤੇਰਾ ਪ੍ਰੇਮ ਕਿੰਨ੍ਹਾਂ ਸੋਹਣਾ ਹੈ, ਤੇਰਾ ਪ੍ਰੇਮ ਮਧ ਨਾਲੋਂ, ਅਤੇ ਤੇਰੇ ਅਤਰ ਦੀ ਸੁਗੰਧ ਸਾਰਿਆਂ ਮਸਾਲਿਆਂ ਨਾਲੋਂ ਕਿੰਨੀ ਚੰਗੀ ਹੈ!

[11] ਹੇ ਮੇਰੀ ਵਹੁਟੀਏ, ਤੇਰੇ ਬੁੱਲ੍ਹਾਂ ਤੋਂ ਸ਼ਹਿਦ ਚੋ ਰਿਹਾ ਹੈ, ਤੇਰੀ ਜੀਭ ਦੇ ਹੇਠ ਸ਼ਹਿਦ ਅਤੇ ਦੁੱਧ ਹੈ, ਤੇਰੀ ਪੁਸ਼ਾਕ ਦੀ ਸੁਗੰਧ ਲਬਾਨੋਨ ਦੀ ਸੁਗੰਧ ਵਾਂਗੂੰ ਹੈ।

[12] ਮੇਰੀ ਪਿਆਰੀ, ਮੇਰੀ ਵਹੁਟੀ ਇੱਕ ਬੰਦ ਕੀਤੇ ਹੋਏ ਬਗੀਚੇ ਵਰਗੀ ਹੈ, ਇੱਕ ਬੰਦ ਕੀਤਾ ਹੋਇਆ ਸੋਤਾ ਅਤੇ ਮੋਹਰ ਲਾਇਆ ਹੋਇਆ ਚਸ਼ਮਾ ਹੈ।

[13] ਤੇਰੀਆਂ ਟਹਿਣੀਆਂ ਉੱਤਮ ਫਲਾਂ ਨਾਲ ਭਰੇ ਅਨਾਰ ਦਾ ਬਾਗ਼ ਹਨ, ਜਿੱਥੇ ਮਹਿੰਦੀ ਤੇ ਜਟਾ-ਮਾਸੀ,

[14] ਜਟਾ-ਮਾਸੀ ਅਤੇ ਕੇਸਰ, ਬੇਦ-ਮੁਸ਼ਕ ਅਤੇ ਦਾਲਚੀਨੀ, ਲੁਬਾਨ ਦੇ ਸਾਰੇ ਰੁੱਖ, ਗੰਧਰਸ ਤੇ ਕੇਉੜਾ ਸਭ ਉੱਤਮ ਮਸਾਲੇ ਹੁੰਦੇ ਹਨ।

[15] ਤੂੰ ਬਾਗ਼ਾਂ ਦਾ ਇੱਕ ਸੋਤਾ, ਅੰਮ੍ਰਿਤ ਜਲ ਦਾ ਇੱਕ ਖੂਹ ਅਤੇ ਲਬਾਨੋਨ ਤੋਂ ਵਗਦੀ ਹੋਈ ਨਦੀ ਹੈਂ।

[16] ਹੇ ਉੱਤਰ ਦੀਏ ਪੌਣੇ, ਜਾਗ! ਹੇ ਦੱਖਣ ਦੀਏ ਪੌਣੇ, ਆ, ਮੇਰੇ ਬਾਗ਼ ਉੱਤੇ ਵਗ ਕਿ ਇਸ ਦੀ ਖੁਸ਼ਬੂ ਫੈਲੇ। ਮੇਰਾ ਬਾਲਮ ਆਪਣੇ ਬਾਗ਼ ਵਿੱਚ ਆਵੇ ਅਤੇ ਆਪਣੇ ਮਿੱਠੇ ਫਲ ਖਾਵੇ।

ਸਰੇਸ਼ਟ ਗੀਤ — Chapters