[1] ਫ਼ਰੀਸੀ ਅਤੇ ਕਈ ਉਪਦੇਸ਼ਕ ਯਰੂਸ਼ਲਮ ਤੋਂ ਆ ਕੇ ਪ੍ਰਭੂ ਯਿਸੂ ਦੇ ਕੋਲ ਇਕੱਠੇ ਹੋਏ।
[2] ਅਤੇ ਉਨ੍ਹਾਂ ਨੇ ਉਹ ਦੇ ਕਿੰਨਿਆਂ ਚੇਲਿਆਂ ਨੂੰ ਅਸ਼ੁੱਧ ਅਰਥਾਤ ਬਿਨ੍ਹਾਂ ਹੱਥ ਧੋਤੇ ਰੋਟੀ ਖਾਂਦੇ ਵੇਖਿਆ ਸੀ।
[3] (ਕਿਉਂ ਜੋ ਫ਼ਰੀਸੀ ਅਤੇ ਸਾਰੇ ਯਹੂਦੀ ਬਜ਼ੁਰਗਾਂ ਦੀ ਰੀਤ ਅਨੁਸਾਰ ਜਦੋਂ ਤੱਕ ਉਹ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਧੋ ਨਾ ਲੈਣ ਉਦੋਂ ਤੱਕ ਰੋਟੀ ਨਹੀਂ ਸੀ ਖਾਂਦੇ।
[4] ਅਤੇ ਬਜਾਰੋਂ ਆਣ ਕੇ ਨਹੀਂ ਖਾਂਦੇ ਜਿੰਨਾਂ ਚਿਰ ਨਹਾ ਨਾ ਲੈਣ ਅਤੇ ਹੋਰ ਬਥੇਰੀਆਂ ਗੱਲਾਂ ਹਨ ਜਿਹੜੀਆਂ ਉਨ੍ਹਾਂ ਨੇ ਮੰਨਣ ਲਈ ਕਬੂਲ ਕੀਤੀਆਂ ਹਨ ਜਿਵੇਂ ਕਟੋਰਿਆਂ ਅਤੇ ਗੜਵਿਆਂ ਅਤੇ ਪਿੱਤਲ ਦੇ ਭਾਂਡਿਆਂ ਨੂੰ ਧੋਣਾ)
[5] ਤਦ ਫ਼ਰੀਸੀਆਂ ਅਤੇ ਉਪਦੇਸ਼ਕਾਂ ਨੇ ਉਹ ਨੂੰ ਪੁੱਛਿਆ, ਤੇਰੇ ਚੇਲੇ ਵੱਡਿਆਂ-ਬਜ਼ੁਰਗਾਂ ਦੀ ਰੀਤ ਉੱਤੇ ਕਿਉਂ ਨਹੀਂ ਚੱਲਦੇ ਅਤੇ ਬਿਨ੍ਹਾਂ ਹੱਥ ਧੋਤੇ ਰੋਟੀ ਕਿਉਂ ਖਾਂਦੇ ਹਨ?
[6] ਉਸ ਨੇ ਉਨ੍ਹਾਂ ਨੂੰ ਕਿਹਾ, ਤੁਸੀਂ ਕਪਟੀਆਂ ਦੇ ਵਿਖੇ; ਯਸਾਯਾਹ ਨੇ ਠੀਕ ਭਵਿੱਖਬਾਣੀ ਕੀਤੀ, ਜਿਵੇਂ ਲਿਖਿਆ ਹੋਇਆ ਹੈ ਕਿ ਇਹ ਲੋਕ ਆਪਣੇ ਬੁੱਲ੍ਹਾਂ ਨਾਲ ਤਾਂ ਮੇਰਾ ਆਦਰ ਕਰਦੇ ਹਨ, ਪਰ ਇਨ੍ਹਾਂ ਦੇ ਦਿਲ ਮੇਰੇ ਤੋਂ ਦੂਰ ਹਨ।
[7] ਉਹ ਵਿਅਰਥ ਮੇਰੀ ਬੰਦਗੀ ਕਰਦੇ ਹਨ, ਉਹ ਮਨੁੱਖਾਂ ਦੇ ਹੁਕਮਾਂ ਦੀ ਸਿੱਖਿਆ ਦਿੰਦੇ ਹਨ।
[8] ਤੁਸੀਂ ਪਰਮੇਸ਼ੁਰ ਦੇ ਹੁਕਮ ਨੂੰ ਛੱਡ ਨੇ ਮਨੁੱਖਾਂ ਦੀ ਰੀਤ ਨੂੰ ਮੰਨ ਲੈਂਦੇ ਹੋ।
[9] ਅਤੇ ਉਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਪਰਮੇਸ਼ੁਰ ਦੇ ਹੁਕਮ ਨੂੰ ਚੰਗੀ ਤਰ੍ਹਾਂ ਟਾਲ ਦਿੰਦੇ ਹੋ ਤਾਂ ਜੋ ਆਪਣੀ ਰੀਤ ਨੂੰ ਕਾਇਮ ਰੱਖੋ।
[10] ਕਿਉਂਕਿ ਮੂਸਾ ਨੇ ਕਿਹਾ ਸੀ ਕਿ ਆਪਣੇ ਪਿਤਾ ਅਤੇ ਆਪਣੀ ਮਾਤਾ ਦਾ ਆਦਰ ਕਰ ਅਤੇ ਜਿਹੜਾ ਪਿਤਾ ਜਾਂ ਮਾਤਾ ਨੂੰ ਬੁਰਾ ਬੋਲੇ ਉਹ ਜਾਨੋਂ ਮਾਰਿਆ ਜਾਵੇ।
[11] ਪਰ ਤੁਸੀਂ ਆਖਦੇ ਹੋ, ਜੇ ਕੋਈ ਮਨੁੱਖ ਪਿਤਾ ਜਾਂ ਮਾਤਾ ਨੂੰ ਕਹੇ ਭਈ ਜੋ ਕੁਝ ਮੇਰੇ ਕੋਲੋਂ ਤੈਨੂੰ ਲਾਭ ਹੋ ਸਕਦਾ ਸੀ ਸੋ ਕੁਰਬਾਨ ਅਰਥਾਤ ਭੇਟ ਚੜ੍ਹਾ ਦਿੱਤਾ ਹੈ।
[12] ਤੁਸੀਂ ਫੇਰ ਉਹ ਨੂੰ ਉਹ ਦੇ ਪਿਤਾ ਜਾਂ ਮਾਤਾ ਦੇ ਲਈ ਕੁਝ ਨਹੀਂ ਕਰਨ ਦਿੰਦੇ।
[13] ਇਸ ਤਰ੍ਹਾਂ ਤੁਸੀਂ ਪਰਮੇਸ਼ੁਰ ਦੇ ਬਚਨ ਨੂੰ ਆਪਣੀ ਰੀਤ ਨਾਲ ਜਿਹੜੀ ਤੁਸੀਂ ਚਲਾਈ ਹੈ, ਟਾਲ ਦਿੰਦੇ ਹੋ ਅਤੇ ਹੋਰ ਬਥੇਰੇ ਏਹੋ ਜਿਹੇ ਕੰਮ ਤੁਸੀਂ ਕਰਦੇ ਹੋ।
[14] ਉਸ ਨੇ ਲੋਕਾਂ ਨੂੰ ਫੇਰ ਕੋਲ ਬੁਲਾ ਕੇ ਉਨ੍ਹਾਂ ਨੂੰ ਆਖਿਆ, ਤੁਸੀਂ ਸਾਰੇ ਮੇਰੀ ਸੁਣੋ ਅਤੇ ਸਮਝੋ।
[15] ਇਹੋ ਜਿਹੀ ਕੋਈ ਚੀਜ਼ ਨਹੀਂ ਹੈ ਜਿਹੜੀ ਮਨੁੱਖ ਦੇ ਬਾਹਰੋਂ ਉਹ ਦੇ ਅੰਦਰ ਜਾ ਕੇ ਉਹ ਨੂੰ ਅਸ਼ੁੱਧ ਕਰ ਸਕੇ।
[16] ਪਰ ਜਿਹੜੀਆਂ ਚੀਜ਼ਾਂ ਉਹ ਦੇ ਅੰਦਰੋਂ ਨਿੱਕਲਦੀਆਂ ਹਨ ਓਹੋ ਮਨੁੱਖ ਨੂੰ ਅਸ਼ੁੱਧ ਕਰਦੀਆਂ ਹਨ। ਜੇ ਕਿਸੇ ਦੇ ਸੁਣਨ ਦੇ ਕੰਨ ਹੋਣ ਤਾਂ ਉਹ ਸੁਣ ਲਵੇ।
[17] ਜਦੋਂ ਉਹ ਲੋਕਾਂ ਦੇ ਕੋਲੋਂ ਘਰ ਵਿੱਚ ਗਿਆ ਤਾਂ ਉਸ ਦੇ ਚੇਲਿਆਂ ਨੇ ਉਸ ਗੱਲ ਦਾ ਅਰਥ ਉਸ ਤੋਂ ਪੁੱਛਿਆ।
[18] ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, ਭਲਾ, ਤੁਸੀਂ ਵੀ ਅਜਿਹੇ ਨਿਰਬੁੱਧ ਹੋ? ਕੀ ਤੁਸੀਂ ਨਹੀਂ ਸਮਝਦੇ ਕਿ ਜੋ ਕੁਝ ਬਾਹਰੋਂ ਮਨੁੱਖ ਦੇ ਅੰਦਰ ਜਾਂਦਾ ਹੈ ਸੋ ਉਹ ਨੂੰ ਅਸ਼ੁੱਧ ਨਹੀਂ ਕਰ ਸਕਦਾ?
[19] ਕਿਉਂਕਿ ਉਹ ਉਸ ਦੇ ਦਿਲ ਵਿੱਚ ਨਹੀਂ ਪਰ ਢਿੱਡ ਵਿੱਚ ਜਾਂਦਾ ਹੈ ਅਤੇ ਪਖਾਨੇ ਰਾਹੀਂ ਨਿੱਕਲ ਜਾਂਦਾ ਹੈ। ਇਹ ਕਹਿ ਕੇ ਉਸ ਨੇ ਸਾਰੇ ਭੋਜਨ ਸ਼ੁੱਧ ਠਹਿਰਾਏ।
[20] ਫੇਰ ਉਸ ਨੇ ਆਖਿਆ, ਜੋ ਮਨੁੱਖ ਦੇ ਅੰਦਰੋਂ ਨਿੱਕਲਦਾ ਹੈ ਸੋਈ ਮਨੁੱਖ ਨੂੰ ਅਸ਼ੁੱਧ ਕਰਦਾ ਹੈ।
[21] ਕਿਉਂਕਿ ਅੰਦਰੋਂ ਮਨੁੱਖ ਦੇ ਦਿਲ ਵਿੱਚੋਂ ਬੁਰੇ ਖ਼ਿਆਲ, ਹਰਾਮਕਾਰੀ,
[22] ਚੋਰੀਆਂ, ਖੂਨ, ਵਿਭਚਾਰ, ਲੋਭ, ਬਦੀਆਂ, ਛਲ, ਬਦਮਸਤੀ, ਬੁਰੀ ਨਜ਼ਰ, ਨਿੰਦਿਆ, ਹੰਕਾਰ, ਮੂਰਖਤਾਈ ਨਿੱਕਲਦੀ ਹੈ।
[23] ਇਹ ਸਾਰੀਆਂ ਬੁਰੀਆਂ ਗੱਲਾਂ ਅੰਦਰੋਂ ਨਿੱਕਲਦੀਆਂ ਅਤੇ ਮਨੁੱਖ ਨੂੰ ਅਸ਼ੁੱਧ ਕਰਦੀਆਂ ਹਨ।
[24] ਫੇਰ ਪ੍ਰਭੂ ਯਿਸੂ ਉੱਥੋਂ ਉੱਠ ਕੇ ਸੂਰ ਅਤੇ ਸੈਦਾ ਦੇ ਇਲਾਕੇ ਵਿੱਚ ਆਏ ਅਤੇ ਇੱਕ ਘਰ ਵਿੱਚ ਗਏ ਅਤੇ ਚਾਹੁੰਦੇ ਸਨ ਕਿ ਕਿਸੇ ਨੂੰ ਖ਼ਬਰ ਨਾ ਹੋਵੇ, ਪਰ ਉਹ ਲੁਕੇ ਨਾ ਰਹਿ ਸਕੇ।
[25] ਕਿਉਂ ਜੋ ਉਸੇ ਵੇਲੇ ਇੱਕ ਔਰਤ ਜਿਹ ਦੀ ਛੋਟੀ ਬੇਟੀ ਨੂੰ ਅਸ਼ੁੱਧ ਆਤਮਾ ਚਿੰਬੜਿਆ ਹੋਇਆ ਸੀ ਉਹ ਦੀ ਖ਼ਬਰ ਸੁਣ ਕੇ ਆਈ ਅਤੇ ਉਸ ਦੇ ਪੈਰੀਂ ਪਈ।
[26] ਉਹ ਔਰਤ ਯੂਨਾਨੀ ਅਤੇ ਜਨਮ ਦੀ ਸੂਰੁਫੈਨੀ ਸੀ। ਉਸ ਨੇ ਉਹ ਦੇ ਅੱਗੇ ਅਰਜ਼ ਕੀਤੀ ਜੋ ਤੁਸੀਂ ਮੇਰੀ ਬੇਟੀ ਵਿੱਚੋਂ ਭੂਤ ਕੱਢ ਦਿਓ।
[27] ਪਰ ਉਹ ਨੇ ਉਸ ਨੂੰ ਕਿਹਾ, ਪਹਿਲਾਂ ਬਾਲਕਾਂ ਨੂੰ ਰੱਜ ਕੇ ਖਾਣ ਦੇ ਕਿਉਂ ਜੋ ਬਾਲਕਾਂ ਦੀ ਰੋਟੀ ਲੈ ਕੇ ਕਤੂਰਿਆਂ ਨੂੰ ਪਾਉਣੀ ਚੰਗੀ ਨਹੀਂ ਹੈ।
[28] ਉਸ ਨੇ ਉਹ ਨੂੰ ਉੱਤਰ ਦਿੱਤਾ, ਠੀਕ ਹੈ ਪ੍ਰਭੂ ਜੀ, ਕਤੂਰੇ ਵੀ ਤਾਂ ਮੇਜ਼ ਦੇ ਹੇਠ ਬਾਲਕਾਂ ਦੇ ਚੂਰੇ-ਭੂਰੇ ਖਾਂਦੇ ਹਨ।
[29] ਤਦ ਉਹ ਨੇ ਉਸ ਨੂੰ ਆਖਿਆ, ਇਸ ਗੱਲ ਦੇ ਕਾਰਨ ਚੱਲੀ ਜਾ। ਭੂਤ ਤੇਰੀ ਬੇਟੀ ਵਿੱਚੋਂ ਨਿੱਕਲ ਗਿਆ ਹੈ।
[30] ਅਤੇ ਉਸ ਨੇ ਆਪਣੇ ਘਰ ਜਾ ਕੇ ਵੇਖਿਆ ਜੋ ਲੜਕੀ ਮੰਜੇ ਉੱਤੇ ਲੰਮੀ ਪਈ ਹੋਈ ਹੈ ਅਤੇ ਭੂਤ ਉਸ ਵਿੱਚੋਂ ਨਿੱਕਲ ਗਿਆ ਹੈ।
[31] ਉਹ ਫੇਰ ਸੂਰ ਦੀਆਂ ਹੱਦਾਂ ਤੋਂ ਨਿੱਕਲ ਕੇ ਸੈਦਾ ਦੇ ਰਾਹ ਦਿਕਾਪੁਲਿਸ ਦੀਆਂ ਹੱਦਾਂ ਵਿੱਚੋਂ ਦੀ ਹੋ ਕੇ ਗਲੀਲ ਦੀ ਝੀਲ ਨੂੰ ਗਿਆ।
[32] ਅਤੇ ਲੋਕਾਂ ਨੇ ਇੱਕ ਬੋਲੇ ਨੂੰ ਜਿਹੜਾ ਥਥਲਾ ਵੀ ਸੀ ਉਸ ਦੇ ਕੋਲ ਲਿਆ ਕੇ ਉਸ ਦੀ ਮਿੰਨਤ ਕੀਤੀ ਜੋ ਉਸ ਉੱਤੇ ਆਪਣਾ ਹੱਥ ਰੱਖੇ।
[33] ਉਹ ਉਸ ਨੂੰ ਭੀੜ ਤੋਂ ਅਲੱਗ ਲੈ ਗਿਆ ਅਤੇ ਆਪਣੀਆਂ ਉਂਗਲੀਆਂ ਉਹ ਦੇ ਕੰਨਾਂ ਵਿੱਚ ਦਿੱਤੀਆਂ ਅਤੇ ਥੁੱਕ ਕੇ ਉਹ ਦੀ ਜੀਭ ਛੂਹੀ।
[34] ਅਤੇ ਅਕਾਸ਼ ਵੱਲ ਵੇਖ ਕੇ ਹਾਉਕਾ ਭਰਿਆ ਅਤੇ ਉਹ ਨੂੰ ਆਖਿਆ “ਇੱਫਤਾ” ਅਰਥਾਤ “ਖੁੱਲ੍ਹ ਜਾ”।
[35] ਅਤੇ ਉਹ ਦੇ ਕੰਨ ਖੁੱਲ੍ਹ ਗਏ ਅਤੇ ਉਹ ਦੀ ਜੀਭ ਦਾ ਅਟਕਣਾ ਜਾਂਦਾ ਰਿਹਾ ਅਤੇ ਉਹ ਸਾਫ਼ ਬੋਲਣ ਲੱਗ ਪਿਆ।
[36] ਤਦ ਉਸ ਨੇ ਉਨ੍ਹਾਂ ਨੂੰ ਤਗੀਦ ਨਾਲ ਆਖਿਆ ਜੋ ਕਿਸੇ ਕੋਲ ਨਾ ਆਖਣਾ! ਪਰ ਜਿੰਨੀ ਉਸ ਨੇ ਉਨ੍ਹਾਂ ਨੂੰ ਤਗੀਦ ਕੀਤੀ ਉਹ ਉਨ੍ਹਾਂ ਹੀ ਉਸ ਗੱਲ ਨੂੰ ਹੋਰ ਵੀ ਬਹੁਤ ਉਜਾਗਰ ਕਰਦੇ ਰਹੇ।
[37] ਅਤੇ ਲੋਕ ਬਹੁਤ ਹੈਰਾਨ ਹੋ ਕੇ ਬੋਲੇ ਕਿ ਉਹ ਨੇ ਸੱਭੋ ਕੁਝ ਚੰਗਾ ਕੀਤਾ ਹੈ! ਉਹ ਬੋਲ਼ਿਆਂ ਨੂੰ ਸੁਣਨ ਅਤੇ ਗੂੰਗਿਆਂ ਨੂੰ ਬੋਲਣ ਦੀ ਸ਼ਕਤੀ ਦਿੰਦਾ ਹੈ!