Skip to content
Opens in a new window
Listen to this chapter • 5:20

[1] ਜਦੋਂ ਉਹ ਪਹਾੜ ਉੱਤੋਂ ਉੱਤਰਿਆ ਤਾਂ ਵੱਡੀ ਭੀੜ ਉਹ ਦੇ ਮਗਰ ਆਈ।

[2] ਅਤੇ ਵੇਖੋ ਇੱਕ ਕੋੜ੍ਹੀ ਨੇ ਯਿਸੂ ਕੋਲ ਆ ਕੇ ਉਸ ਅੱਗੇ ਮੱਥਾ ਟੇਕਿਆ ਅਤੇ ਕਿਹਾ, ਪ੍ਰਭੂ ਜੀ ਜੇ ਤੁਸੀਂ ਚਾਹੋਂ ਤਾਂ ਮੈਨੂੰ ਸ਼ੁੱਧ ਕਰ ਸਕਦੇ ਹੋ।

[3] ਫਿਰ ਉਸ ਨੇ ਹੱਥ ਵਧਾ ਕੇ ਉਸ ਨੂੰ ਛੂਹਿਆ ਅਤੇ ਆਖਿਆ, ਮੈਂ ਚਾਹੁੰਦਾ ਹਾਂ, ਤੂੰ ਸ਼ੁੱਧ ਹੋ ਜਾ ਅਤੇ ਉਸੇ ਵੇਲੇ ਉਹ ਕੋੜ੍ਹੀ ਸ਼ੁੱਧ ਹੋ ਗਿਆ।

[4] ਫਿਰ ਯਿਸੂ ਨੇ ਉਸ ਨੂੰ ਆਖਿਆ, ਖ਼ਬਰਦਾਰ! ਕਿਸੇ ਨੂੰ ਨਾ ਦੱਸੀਂ ਪਰ ਜਾ ਕੇ ਆਪਣੇ ਆਪ ਨੂੰ ਜਾਜਕ ਨੂੰ ਵਿਖਾ ਅਤੇ ਜਿਹੜੀ ਭੇਟ ਮੂਸਾ ਨੇ ਠਹਿਰਾਈ, ਚੜ੍ਹਾ ਕਿ ਉਨ੍ਹਾਂ ਲਈ ਗਵਾਹੀ ਹੋਵੇ।

[5] ਜਦੋਂ ਉਹ ਕਫ਼ਰਨਾਹੂਮ ਵਿੱਚ ਗਿਆ, ਇੱਕ ਸੂਬੇਦਾਰ ਉਸ ਕੋਲ ਆਇਆ ਅਤੇ ਉਸ ਅੱਗੇ ਬੇਨਤੀ ਕੀਤੀ,

[6] ਕਿ ਪ੍ਰਭੂ ਜੀ, ਮੇਰਾ ਨੌਕਰ ਅਧਰੰਗ ਦਾ ਮਾਰਿਆ, ਘਰ ਵਿੱਚ ਪਿਆ ਦਰਦ ਨਾਲ ਤੜਫ਼ ਰਿਹਾ ਹੈ।

[7] ਪ੍ਰਭੂ ਨੇ ਉਸ ਨੂੰ ਆਖਿਆ, ਮੈਂ ਆ ਕੇ ਉਹ ਨੂੰ ਚੰਗਾ ਕਰ ਦਿਆਂਗਾ।

[8] ਪਰ ਸੂਬੇਦਾਰ ਨੇ ਉੱਤਰ ਦਿੱਤਾ, ਪ੍ਰਭੂ ਜੀ ਮੈਂ ਇਸ ਯੋਗ ਨਹੀਂ ਜੋ ਤੁਸੀਂ ਮੇਰੀ ਛੱਤ ਦੇ ਹੇਠ ਆਓ, ਪਰ ਸਿਰਫ਼ ਬਚਨ ਹੀ ਕਰ ਦੇਵੋ ਤਾਂ ਮੇਰਾ ਨੌਕਰ ਚੰਗਾ ਹੋ ਜਾਵੇਗਾ।

[9] ਕਿਉਂ ਜੋ ਮੈਂ ਵੀ ਦੂਜਿਆਂ ਦੇ ਅਧੀਨ ਇੱਕ ਮਨੁੱਖ ਹਾਂ ਅਤੇ ਸਿਪਾਹੀਆਂ ਨੂੰ ਆਪਣੇ ਅਧੀਨ ਰੱਖਦਾ ਹਾਂ ਅਤੇ ਜੇ ਕਿਸੇ ਨੂੰ ਆਖਦਾ ਹਾਂ, ਜਾ! ਤਾਂ ਉਹ ਜਾਂਦਾ ਹੈ ਅਤੇ ਜੇ ਕਿਸੇ ਨੂੰ ਆਖਦਾ ਹਾਂ, ਆ! ਤਾਂ ਉਹ ਆਉਂਦਾ ਹੈ ਅਤੇ ਜੇ ਆਪਣੇ ਨੌਕਰ ਨੂੰ ਆਖਦਾ ਹਾਂ, ਇਹ ਕਰ! ਤਾਂ ਉਹ ਕਰਦਾ ਹੈ।

[10] ਯਿਸੂ ਇਹ ਸੁਣ ਕੇ ਹੈਰਾਨ ਹੋਇਆ ਅਤੇ ਆਪਣੇ ਪਿੱਛੇ ਆਉਣ ਵਾਲਿਆਂ ਨੂੰ ਕਿਹਾ ਕਿ, “ਮੈਂ ਤੁਹਾਨੂੰ ਸੱਚ ਆਖਦਾ ਹਾਂ, ਕਿ ਮੈਂ ਇਸ ਤਰ੍ਹਾਂ ਦਾ ਵਿਸ਼ਵਾਸ ਇਸਰਾਏਲ ਵਿੱਚ ਵੀ ਨਹੀਂ ਵੇਖਿਆ!

[11] ਅਤੇ ਮੈਂ ਤੁਹਾਨੂੰ ਆਖਦਾ ਹਾਂ ਜੋ ਬਹੁਤ ਸਾਰੇ ਪੂਰਬ ਅਤੇ ਪੱਛਮ ਤੋਂ ਆਉਣਗੇ ਅਤੇ ਪਰਮੇਸ਼ੁਰ ਦੇ ਰਾਜ ਵਿੱਚ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਬੈਠਣਗੇ।

[12] ਪਰ ਰਾਜ ਦੇ ਪੁੱਤਰ ਬਾਹਰ ਦੇ ਅੰਧਕਾਰ ਵਿੱਚ ਸੁੱਟੇ ਜਾਣਗੇ, ਉੱਥੇ ਰੋਣਾ ਅਤੇ ਦੰਦਾਂ ਦਾ ਪੀਸਣਾ ਹੋਵੇਗਾ।

[13] ਫਿਰ ਯਿਸੂ ਨੇ ਸੂਬੇਦਾਰ ਨੂੰ ਕਿਹਾ, ਜਾ ਜਿਸ ਤਰ੍ਹਾਂ ਤੂੰ ਵਿਸ਼ਵਾਸ ਕੀਤਾ ਤੇਰੇ ਲਈ ਉਸੇ ਤਰ੍ਹਾਂ ਹੋਵੇ ਅਤੇ ਉਹ ਨੌਕਰ ਉਸੇ ਵੇਲੇ ਚੰਗਾ ਹੋ ਗਿਆ।”

[14] ਯਿਸੂ ਨੇ ਪਤਰਸ ਦੇ ਘਰ ਵਿੱਚ ਆ ਕੇ ਉਸ ਦੀ ਸੱਸ ਨੂੰ ਬੁਖ਼ਾਰ ਨਾਲ ਬਿਮਾਰ ਪਈ ਵੇਖਿਆ।

[15] ਅਤੇ ਉਸ ਨੇ ਉਹ ਦਾ ਹੱਥ ਛੂਹਿਆ ਅਤੇ ਉਹ ਦਾ ਬੁਖ਼ਾਰ ਉਤਰ ਗਿਆ ਅਤੇ ਉਹ ਨੇ ਉੱਠ ਕੇ ਉਸ ਦੀ ਸੇਵਾ ਕੀਤੀ।

[16] ਅਤੇ ਜਦੋਂ ਸ਼ਾਮ ਹੋਈ, ਉਸ ਦੇ ਕੋਲ ਬਹੁਤਿਆਂ ਨੂੰ ਲਿਆਏ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ; ਅਤੇ ਉਸ ਨੇ ਬਚਨ ਨਾਲ ਭੂਤਾਂ ਨੂੰ ਕੱਢ ਦਿੱਤਾ ਅਤੇ ਸਾਰੇ ਰੋਗੀਆਂ ਨੂੰ ਚੰਗਾ ਕੀਤਾ।

[17] ਤਾਂ ਜੋ ਯਸਾਯਾਹ ਨਬੀ ਦਾ ਉਹ ਬਚਨ ਪੂਰਾ ਹੋਵੇ ਕਿ ਉਹ ਨੇ ਆਪ ਸਾਡੀਆਂ ਮਾਂਦਗੀਆਂ ਲੈ ਲਈਆਂ ਅਤੇ ਸਾਡੇ ਰੋਗ ਚੁੱਕ ਲਏ।

[18] ਫਿਰ ਯਿਸੂ ਨੇ ਵੱਡੀ ਭੀੜ ਆਪਣੇ ਆਲੇ-ਦੁਆਲੇ ਵੇਖ ਕੇ ਝੀਲ ਦੇ ਉਸ ਪਾਰ ਚੱਲਣ ਦੀ ਆਗਿਆ ਦਿੱਤੀ।

[19] ਅਤੇ ਇੱਕ ਧਰਮ ਦੇ ਉਪਦੇਸ਼ਕ ਨੇ ਕੋਲ ਆ ਕੇ ਉਹ ਨੂੰ ਕਿਹਾ, ਗੁਰੂ ਜੀ, ਜਿੱਥੇ ਤੁਸੀਂ ਜਾਓਗੇ ਮੈਂ ਤੁਹਾਡੇ ਪਿੱਛੇ ਚੱਲਾਂਗਾ।

[20] ਅਤੇ ਯਿਸੂ ਨੇ ਉਹ ਨੂੰ ਆਖਿਆ ਕਿ ਲੂੰਬੜੀਆਂ ਦੇ ਘੁਰਨੇ ਅਤੇ ਅਕਾਸ਼ ਦੇ ਪੰਛੀਆਂ ਦੇ ਆਲ੍ਹਣੇ ਹਨ, ਪਰ ਮਨੁੱਖ ਦੇ ਪੁੱਤਰ ਦੇ ਸਿਰ ਰੱਖਣ ਲਈ ਥਾਂ ਨਹੀਂ ਹੈ।

[21] ਅਤੇ ਚੇਲਿਆਂ ਵਿੱਚੋਂ ਕਿਸੇ ਨੇ ਉਹ ਨੂੰ ਆਖਿਆ, ਪ੍ਰਭੂ ਜੀ ਮੈਨੂੰ ਆਗਿਆ ਦਿਓ ਕਿ ਪਹਿਲਾਂ ਜਾ ਕੇ ਆਪਣੇ ਪਿਤਾ ਨੂੰ ਦੱਬਾਂ।

[22] ਪਰ ਯਿਸੂ ਨੇ ਉਸ ਨੂੰ ਕਿਹਾ, ਤੂੰ ਮੇਰੇ ਪਿੱਛੇ ਚੱਲਿਆ ਆ ਅਤੇ ਮੁਰਦਿਆਂ ਨੂੰ ਆਪਣੇ ਮੁਰਦੇ ਦੱਬਣ ਦੇ।

[23] ਜਦੋਂ ਉਹ ਬੇੜੀ ਉੱਤੇ ਚੜ੍ਹਿਆ ਤਾਂ ਉਸ ਦੇ ਚੇਲੇ ਉਹ ਦੇ ਮਗਰ ਆਏ।

[24] ਅਤੇ ਵੇਖੋ ਝੀਲ ਵਿੱਚ ਵੱਡਾ ਤੂਫ਼ਾਨ ਆਇਆ ਜੋ ਬੇੜੀ ਲਹਿਰਾਂ ਵਿੱਚ ਡੁੱਬਦੀ ਜਾਂਦੀ ਸੀ ਪਰ ਉਹ ਸੁੱਤਾ ਪਿਆ ਸੀ।

[25] ਅਤੇ ਉਨ੍ਹਾਂ ਨੇ ਕੋਲ ਆ ਕੇ ਉਸ ਨੂੰ ਜਗਾਇਆ, ਅਤੇ ਕਿਹਾ, ਪ੍ਰਭੂ ਜੀ ਬਚਾਓ! ਅਸੀਂ ਤਾਂ ਮਰ ਚੱਲੇ ਹਾਂ!

[26] ਉਹ ਨੇ ਉਨ੍ਹਾਂ ਨੂੰ ਆਖਿਆ, ਹੇ ਥੋੜ੍ਹੇ ਵਿਸ਼ਵਾਸ ਵਾਲਿਓ ਤੁਸੀਂ ਕਿਉਂ ਡਰਦੇ ਹੋ? ਫਿਰ ਉਸ ਨੇ ਉੱਠ ਕੇ ਤੂਫ਼ਾਨ ਅਤੇ ਝੀਲ ਨੂੰ ਝਿੜਕਿਆ ਅਤੇ ਵੱਡੀ ਸ਼ਾਂਤੀ ਹੋ ਗਈ।

[27] ਉਹ ਹੈਰਾਨ ਹੋ ਕੇ ਬੋਲੇ ਜੋ ਇਹ ਕਿਹੋ ਜਿਹਾ ਮਨੁੱਖ ਹੈ ਕਿ ਤੂਫ਼ਾਨ ਅਤੇ ਝੀਲ ਵੀ ਉਹ ਦੀ ਮੰਨਦੇ ਹਨ?!

[28] ਜਦੋਂ ਉਹ ਪਾਰ ਗਦਰੀਨੀਆਂ ਦੇ ਦੇਸ ਵਿੱਚ ਪਹੁੰਚਿਆ, ਤਾਂ ਦੋ ਮਨੁੱਖ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ ਕਬਰਾਂ ਵਿੱਚੋਂ ਨਿੱਕਲ ਕੇ ਉਸ ਕੋਲ ਆਏ ਅਤੇ ਉਹ ਇੰਨ੍ਹੇ ਖ਼ਤਰਨਾਕ ਸਨ ਜੋ ਉਸ ਰਸਤੇ ਤੋਂ ਕੋਈ ਲੰਘ ਨਹੀਂ ਸਕਦਾ ਸੀ।

[29] ਅਤੇ ਵੇਖੋ, ਉਨ੍ਹਾਂ ਨੇ ਪੁਕਾਰ ਕੇ ਆਖਿਆ, ਹੇ ਪਰਮੇਸ਼ੁਰ ਦੇ ਪੁੱਤਰ ਤੇਰਾ ਸਾਡੇ ਨਾਲ ਕੀ ਕੰਮ? ਕੀ ਤੂੰ ਸਮੇਂ ਤੋਂ ਪਹਿਲਾਂ ਸਾਨੂੰ ਦੁੱਖ ਦੇਣ ਆਇਆ ਹੈਂ?

[30] ਉਨ੍ਹਾਂ ਤੋਂ ਕੁਝ ਦੂਰ ਸੂਰਾਂ ਦਾ ਇੱਜੜ ਚੁਗਦਾ ਸੀ।

[31] ਅਤੇ ਭੂਤਾਂ ਨੇ ਉਹ ਦੀਆਂ ਮਿੰਨਤਾਂ ਕਰ ਕੇ ਆਖਿਆ ਕਿ ਜੇ ਤੂੰ ਸਾਨੂੰ ਕੱਢਦਾ ਹੈਂ ਤਾਂ ਸਾਨੂੰ ਸੂਰਾਂ ਦੇ ਇੱਜੜ ਵਿੱਚ ਭੇਜ ਦੇ।

[32] ਉਸ ਨੇ ਉਨ੍ਹਾਂ ਨੂੰ ਆਖਿਆ, ਜਾਓ! ਤਾਂ ਉਹ ਨਿੱਕਲ ਕੇ ਸੂਰਾਂ ਵਿੱਚ ਜਾ ਵੜੇ ਅਤੇ ਵੇਖੋ ਕਿ ਸਾਰਾ ਇੱਜੜ ਭੱਜ ਕੇ ਝੀਲ ਵਿੱਚ ਜਾ ਪਿਆ ਅਤੇ ਪਾਣੀ ਵਿੱਚ ਡੁੱਬ ਕੇ ਮਰ ਗਿਆ।

[33] ਤਦ ਚੁਗਾਉਣ ਵਾਲਿਆਂ ਨੇ ਭੱਜ ਕੇ ਨਗਰ ਵਿੱਚ ਜਾ ਕੇ ਸਾਰੀ ਘਟਨਾ ਅਤੇ ਭੂਤਾਂ ਵਾਲਿਆਂ ਦੀ ਵਿਥਿਆ ਸੁਣਾ ਦਿੱਤੀ।

[34] ਅਤੇ ਵੇਖੋ ਸਾਰਾ ਨਗਰ ਯਿਸੂ ਦੇ ਮਿਲਣ ਨੂੰ ਬਾਹਰ ਨਿੱਕਲਿਆ ਅਤੇ ਜਦੋਂ ਉਹ ਨੂੰ ਵੇਖਿਆ ਤਾਂ ਉਹ ਦੀਆਂ ਮਿੰਨਤਾਂ ਕੀਤੀਆਂ ਜੋ ਸਾਡੀ ਹੱਦੋਂ ਬਾਹਰ ਨਿੱਕਲ ਜਾਓ।

ਮੱਤੀ ਦੀ ਇੰਜੀਲ — Chapters