Skip to content
Opens in a new window
Listen to this chapter • 6:01

[1] ਮੈਂ ਉਹ ਮਨੁੱਖ ਹਾਂ ਜਿਸ ਨੇ ਪਰਮੇਸ਼ੁਰ ਦੇ ਕ੍ਰੋਧ ਦੇ ਡੰਡੇ ਨਾਲ ਕਸ਼ਟ ਭੋਗਿਆ ਹੈ,

[2] ਉਸ ਨੇ ਮੈਨੂੰ ਤਿਆਗ ਦਿੱਤਾ ਅਤੇ ਮੈਨੂੰ ਚਾਨਣ ਵਿੱਚ ਨਹੀਂ ਸਗੋਂ ਹਨੇਰੇ ਵਿੱਚ ਚਲਾਇਆ।

[3] ਸੱਚ-ਮੁੱਚ ਉਹ ਆਪਣਾ ਹੱਥ ਮੇਰੇ ਵਿਰੁੱਧ ਸਾਰਾ ਦਿਨ ਚੁੱਕੀ ਰੱਖਦਾ ਹੈ!

[4] ਉਸ ਨੇ ਮੇਰੇ ਮਾਸ ਅਤੇ ਚਮੜੀ ਨੂੰ ਸੁਕਾ ਦਿੱਤਾ, ਉਸ ਨੇ ਮੇਰੀਆਂ ਹੱਡੀਆਂ ਨੂੰ ਤੋੜ ਦਿੱਤਾ ਹੈ।

[5] ਉਸ ਨੇ ਮੇਰੇ ਵਿਰੁੱਧ ਕਿਲ੍ਹਾ ਬਣਾਇਆ, ਅਤੇ ਮੈਨੂੰ ਕੁੜੱਤਣ ਅਤੇ ਕਸ਼ਟ ਨਾਲ ਘੇਰ ਲਿਆ।

[6] ਉਸ ਨੇ ਮੈਨੂੰ ਲੰਬੇ ਸਮੇਂ ਤੋਂ ਮਰ ਚੁੱਕੇ ਲੋਕਾਂ ਵਾਂਗੂੰ ਹਨੇਰੇ ਸਥਾਨਾਂ ਵਿੱਚ ਵਸਾਇਆ ਹੈ।

[7] ਉਸ ਨੇ ਮੇਰੇ ਦੁਆਲੇ ਕੰਧ ਬਣਾ ਦਿੱਤੀ ਕਿ ਮੈਂ ਬਾਹਰ ਨਹੀਂ ਨਿੱਕਲ ਸਕਦਾ, ਉਸ ਨੇ ਮੇਰੀਆਂ ਸੰਗਲਾਂ ਭਾਰੀਆਂ ਕਰ ਦਿੱਤੀਆਂ ਹਨ।

[8] ਹਾਂ, ਜਦ ਮੈਂ ਦੁਹਾਈ ਦਿੰਦਾ ਅਤੇ ਚਿੱਲਾਉਂਦਾ ਹਾਂ, ਉਹ ਮੇਰੀ ਪ੍ਰਾਰਥਨਾ ਨਹੀਂ ਸੁਣਦਾ।

[9] ਉਹ ਨੇ ਮੇਰੇ ਰਾਹ ਨੂੰ ਘੜ੍ਹੇ ਹੋਏ ਪੱਥਰਾਂ ਨਾਲ ਬੰਦ ਕੀਤਾ, ਉਸ ਨੇ ਮੇਰੇ ਰਸਤਿਆਂ ਨੂੰ ਟੇਡਾ ਕਰ ਦਿੱਤਾ ਹੈ।

[10] ਉਹ ਮੇਰੇ ਲਈ ਘਾਤ ਵਿੱਚ ਬੈਠਾ ਹੋਇਆ ਰਿੱਛ, ਅਤੇ ਲੁੱਕ ਕੇ ਬੈਠੇ ਬੱਬਰ ਸ਼ੇਰ ਦੀ ਤਰ੍ਹਾਂ ਹੈ।

[11] ਉਸ ਨੇ ਮੈਨੂੰ ਮੇਰੇ ਰਾਹਾਂ ਤੋਂ ਭਟਕਾ ਦਿੱਤਾ, ਅਤੇ ਮੇਰੇ ਟੁੱਕੜੇ-ਟੁੱਕੜੇ ਕਰਕੇ ਮੈਨੂੰ ਬਰਬਾਦ ਕੀਤਾ।

[12] ਉਸ ਨੇ ਆਪਣਾ ਧਣੁੱਖ ਖਿੱਚਿਆ, ਅਤੇ ਮੈਨੂੰ ਤੀਰਾਂ ਦੇ ਨਿਸ਼ਾਨੇ ਵਾਂਗੂੰ ਖੜ੍ਹਾ ਕੀਤਾ।

[13] ਉਸ ਨੇ ਆਪਣੇ ਤਰਕਸ਼ ਦੇ ਤੀਰਾਂ ਨਾਲ ਮੇਰੇ ਗੁਰਦਿਆਂ ਨੂੰ ਵਿੰਨ੍ਹ ਸੁੱਟਿਆ।

[14] ਮੈਂ ਆਪਣੇ ਸਾਰੇ ਲੋਕਾਂ ਲਈ ਮਖੌਲ, ਅਤੇ ਸਾਰਾ ਦਿਨ ਉਨ੍ਹਾਂ ਦੇ ਤਾਹਨਿਆਂ ਦਾ ਗੀਤ ਹੋ ਗਿਆ ਹਾਂ।

[15] ਉਸ ਨੇ ਮੈਨੂੰ ਕੁੜੱਤਣ ਨਾਲ ਭਰ ਦਿੱਤਾ, ਅਤੇ ਮੈਨੂੰ ਨਾਗਦੌਣੇ ਨਾਲ ਰਜਾ ਦਿੱਤਾ ਹੈ।

[16] ਉਸ ਨੇ ਮੇਰੇ ਦੰਦ ਰੋੜਿਆਂ ਨਾਲ ਤੋੜ ਦਿੱਤੇ, ਉਸ ਨੇ ਮੈਨੂੰ ਰਾਖ਼ ਵਿੱਚ ਲਿਟਾਇਆ ਹੈ।

[17] ਤੂੰ ਮੇਰੀ ਜਾਨ ਨੂੰ ਸ਼ਾਂਤੀ ਤੋਂ ਦੂਰ ਕੀਤਾ, ਮੈਂ ਸੁੱਖ ਨੂੰ ਭੁੱਲ ਗਿਆ ਹਾਂ।

[18] ਇਸ ਲਈ ਮੈਂ ਆਖਿਆ, ਮੇਰਾ ਬਲ ਨਾਸ ਹੋ ਗਿਆ, ਅਤੇ ਯਹੋਵਾਹ ਵੱਲੋਂ ਮੇਰੀ ਆਸ ਵੀ ਟੁੱਟ ਗਈ।

[19] ਮੇਰੇ ਕਸ਼ਟ ਅਤੇ ਮੇਰੇ ਦੁੱਖ ਨੂੰ, ਮੇਰੀ ਤਲਖੀ ਅਤੇ ਕੁੜੱਤਣ ਨੂੰ ਯਾਦ ਕਰ!

[20] ਮੇਰਾ ਪ੍ਰਾਣ ਇਹ ਯਾਦ ਕਰਦਿਆਂ-ਕਰਦਿਆਂ, ਮੇਰੇ ਅੰਦਰ ਕਮਜ਼ੋਰ ਪੈ ਗਿਆ ਹੈ।

[21] ਮੈਂ ਇਹ ਆਪਣੇ ਦਿਲੋਂ ਯਾਦ ਕਰਦਾ ਹਾਂ, ਇਸ ਲਈ ਮੈਨੂੰ ਆਸ ਹੈ।

[22] ਇਹ ਯਹੋਵਾਹ ਦੀ ਅੱਤ ਦਯਾ ਹੈ ਕਿ ਅਸੀਂ ਮੁੱਕ ਨਹੀਂ ਗਏ, ਕਿਉਂ ਜੋ ਉਸ ਦੀ ਦਯਾ ਅਟੁੱਟ ਹੈ!

[23] ਉਹ ਹਰ ਸਵੇਰ ਨੂੰ ਨਵੀਂ ਹੁੰਦੀ ਜਾਂਦੀ ਹੈ, ਤੇਰੀ ਵਫ਼ਾਦਾਰੀ ਵੱਡੀ ਮਹਾਨ ਹੈ।

[24] ਮੇਰੀ ਜਾਨ ਕਹਿੰਦੀ ਹੈ, ਯਹੋਵਾਹ ਮੇਰਾ ਹਿੱਸਾ ਹੈ, ਇਸ ਲਈ ਮੈਨੂੰ ਉਹ ਦੇ ਉੱਤੇ ਆਸ ਹੈ।

[25] ਜੋ ਯਹੋਵਾਹ ਨੂੰ ਉਡੀਕਦਾ ਹੈ, ਅਤੇ ਜਿਸ ਦੀ ਜਾਨ ਉਸ ਨੂੰ ਭਾਲਦੀ ਹੈ, ਉਸ ਦੇ ਲਈ ਯਹੋਵਾਹ ਭਲਾ ਹੈ।

[26] ਭਲਾ ਹੈ ਕਿ ਮਨੁੱਖ ਚੁੱਪ-ਚਾਪ ਯਹੋਵਾਹ ਦੇ ਬਚਾਓ ਲਈ ਆਸ ਰੱਖੇ।

[27] ਜੁਆਨ ਦੇ ਲਈ ਚੰਗਾ ਹੈ ਕਿ ਉਹ ਆਪਣੀ ਜੁਆਨੀ ਵਿੱਚ ਜੂਲਾ ਚੁੱਕੇ।

[28] ਉਹ ਇਕੱਲਾ ਅਤੇ ਚੁੱਪ ਰਹੇ, ਕਿਉਂ ਜੋ ਪਰਮੇਸ਼ੁਰ ਨੇ ਹੀ ਇਹ ਜੂਲਾ ਉਸ ਦੇ ਉੱਤੇ ਪਾਇਆ ਹੈ।

[29] ਉਹ ਆਪਣਾ ਮੂੰਹ ਮਿੱਟੀ ਵਿੱਚ ਰੱਖੇ, ਸ਼ਾਇਦ ਕੁਝ ਆਸ ਹੋਵੇ!

[30] ਉਹ ਆਪਣੀ ਗੱਲ੍ਹ ਆਪਣੇ ਮਾਰਨ ਵਾਲੇ ਵੱਲ ਫੇਰ ਦੇਵੇ, ਉਹ ਨਿੰਦਿਆ ਸਹਿ ਲਵੇ!

[31] ਕਿਉਂ ਜੋ ਪ੍ਰਭੂ ਸਦਾ ਲਈ ਨਹੀਂ ਛੱਡੇਗਾ।

[32] ਭਾਵੇਂ ਉਹ ਦੁੱਖ ਵੀ ਦੇਵੇ, ਤਾਂ ਵੀ ਉਹ ਆਪਣੀ ਵੱਡੀ ਦਯਾ ਅਨੁਸਾਰ ਰਹਿਮ ਵੀ ਕਰੇਗਾ।

[33] ਕਿਉਂ ਜੋ ਉਹ ਆਪਣੇ ਦਿਲੋਂ ਕਸ਼ਟ ਨਹੀਂ ਦਿੰਦਾ, ਨਾ ਹੀ ਮਨੁੱਖ ਦੇ ਪੁੱਤਰਾਂ ਨੂੰ ਦੁੱਖ ਦਿੰਦਾ ਹੈ।

[34] ਸੰਸਾਰ ਦੇ ਸਾਰੇ ਗੁਲਾਮਾਂ ਨੂੰ ਪੈਰਾਂ ਹੇਠ ਮਿੱਧਣਾ,

[35] ਅੱਤ ਮਹਾਨ ਦੇ ਸਨਮੁਖ ਕਿਸੇ ਮਨੁੱਖ ਦਾ ਹੱਕ ਮਾਰਨਾ,

[36] ਅਤੇ ਕਿਸੇ ਆਦਮੀ ਦਾ ਮੁਕੱਦਮਾ ਵਿਗਾੜਨਾ, ਪ੍ਰਭੂ ਵੇਖ ਨਹੀਂ ਸਕਦਾ!

[37] ਕੌਣ ਕੁਝ ਆਖੇ ਅਤੇ ਉਹ ਪੂਰਾ ਹੋ ਜਾਵੇ, ਜਦ ਪ੍ਰਭੂ ਨੇ ਉਸ ਦਾ ਹੁਕਮ ਹੀ ਨਾ ਦਿੱਤਾ ਹੋਵੇ?

[38] ਕੀ ਦੁੱਖ ਅਤੇ ਸੁੱਖ ਦੋਵੇਂ ਅੱਤ ਮਹਾਨ ਦੇ ਵੱਲੋਂ ਨਹੀਂ ਆਉਂਦੇ?

[39] ਜੀਉਂਦਾ ਆਦਮੀ ਸ਼ਿਕਾਇਤ ਕਿਉਂ ਕਰੇ, ਕੋਈ ਮਨੁੱਖ ਆਪਣੇ ਪਾਪਾਂ ਦੀ ਸਜ਼ਾ ਲਈ ਬੁਰਾ ਕਿਉਂ ਮੰਨੇ?

[40] ਆਓ, ਅਸੀਂ ਆਪਣੇ ਰਾਹਾਂ ਨੂੰ ਧਿਆਨ ਨਾਲ ਪਰਖੀਏ ਅਤੇ ਬਦਲੀਏ, ਅਤੇ ਯਹੋਵਾਹ ਵੱਲ ਮੁੜੀਏ!

[41] ਅਸੀਂ ਆਪਣੇ ਮਨਾਂ ਅਤੇ ਆਪਣੇ ਹੱਥਾਂ ਨੂੰ ਸਵਰਗ ਦੇ ਪਰਮੇਸ਼ੁਰ ਵੱਲ ਚੁੱਕੀਏ ਅਤੇ ਆਖੀਏ,

[42] ਅਸੀਂ ਅਪਰਾਧ ਅਤੇ ਵਿਦਰੋਹ ਕੀਤਾ, ਅਤੇ ਤੂੰ ਮੁਆਫ਼ ਨਹੀਂ ਕੀਤਾ।

[43] ਤੂੰ ਆਪਣੇ ਕ੍ਰੋਧ ਨਾਲ ਸਾਨੂੰ ਢੱਕ ਲਿਆ ਅਤੇ ਸਾਡਾ ਪਿੱਛਾ ਕੀਤਾ, ਤੂੰ ਬਿਨ੍ਹਾਂ ਤਰਸ ਖਾਧੇ ਸਾਨੂੰ ਮਾਰਿਆ।

[44] ਤੂੰ ਆਪਣੇ ਆਪ ਨੂੰ ਬੱਦਲ ਨਾਲ ਢੱਕ ਲਿਆ, ਤਾਂ ਜੋ ਕੋਈ ਪ੍ਰਾਰਥਨਾ ਤੇਰੇ ਕੋਲ ਨਾ ਪਹੁੰਚੇ।

[45] ਤੂੰ ਸਾਨੂੰ ਕੌਮਾਂ ਦੇ ਵਿਚਕਾਰ ਕੂੜੇ ਅਤੇ ਰੂੜ੍ਹੀ ਵਰਗਾ ਠਹਿਰਾਇਆ।

[46] ਸਾਡੇ ਸਾਰੇ ਵੈਰੀਆਂ ਨੇ ਸਾਡੇ ਵਿਰੁੱਧ ਆਪਣਾ ਮੂੰਹ ਪਸਾਰਿਆ ਹੈ,

[47] ਡਰ ਅਤੇ ਫੰਦਾ, ਬਰਬਾਦੀ ਅਤੇ ਵਿਨਾਸ਼ ਸਾਡੇ ਉੱਤੇ ਆ ਪਏ ਹਨ।

[48] ਮੇਰੀ ਪਰਜਾ ਦੀ ਧੀ ਦੀ ਬਰਬਾਦੀ ਦੇ ਕਾਰਨ, ਹੰਝੂਆਂ ਦੀਆਂ ਨਦੀਆਂ ਮੇਰੀਆਂ ਅੱਖਾਂ ਤੋਂ ਵਗਦੀਆਂ ਹਨ।

[49] ਮੇਰੇ ਹੰਝੂ ਵਗਦੇ ਰਹਿਣਗੇ ਅਤੇ ਰੁੱਕਣਗੇ ਨਹੀਂ,

[50] ਜਦ ਤੱਕ ਯਹੋਵਾਹ ਸਵਰਗ ਤੋਂ ਮੇਰੇ ਵੱਲ ਨਿਗਾਹ ਮਾਰ ਕੇ ਨਾ ਵੇਖੇ।

[51] ਮੇਰੇ ਸ਼ਹਿਰ ਦੀਆਂ ਸਾਰੀਆਂ ਧੀਆਂ ਦੇ ਕਾਰਨ, ਮੇਰੀ ਅੱਖ ਮੇਰੇ ਦਿਲ ਨੂੰ ਦੁੱਖੀ ਕਰਦੀ ਹੈ।

[52] ਜਿਹੜੇ ਬਿਨ੍ਹਾਂ ਕਾਰਨ ਮੇਰੇ ਵੈਰੀ ਹਨ, ਉਹਨਾਂ ਨੇ ਚਿੜ੍ਹੀ ਦੀ ਤਰ੍ਹਾਂ ਮੇਰਾ ਪਿੱਛਾ ਕੀਤਾ ਹੈ।

[53] ਉਹਨਾਂ ਨੇ ਮੈਨੂੰ ਟੋਏ ਵਿੱਚ ਸੁੱਟ ਦਿੱਤਾ, ਅਤੇ ਮੈਨੂੰ ਮਾਰਨ ਲਈ ਪੱਥਰ ਮੇਰੇ ਉੱਤੇ ਸੁੱਟੇ ਹਨ।

[54] ਪਾਣੀ ਮੇਰੇ ਸਿਰ ਦੇ ਉੱਤੋਂ ਵਗੇ, ਮੈਂ ਆਖਿਆ, ਮੈਂ ਮਰ ਮਿਟਿਆ ਹਾਂ!

[55] ਹੇ ਯਹੋਵਾਹ, ਮੈਂ ਡੂੰਘੇ ਟੋਏ ਵਿੱਚੋਂ ਤੇਰੇ ਨਾਮ ਦੀ ਦੁਹਾਈ ਦਿੱਤੀ,

[56] ਤੂੰ ਮੇਰੀ ਅਵਾਜ਼ ਸੁਣੀ, ਆਪਣਾ ਕੰਨ ਮੇਰੀਆਂ ਆਹਾਂ ਅਤੇ ਮੇਰੀ ਦੁਹਾਈ ਵੱਲੋਂ ਬੰਦ ਨਾ ਕਰ!

[57] ਜਿਸ ਵੇਲੇ ਮੈਂ ਤੈਨੂੰ ਪੁਕਾਰਿਆ, ਤੂੰ ਨੇੜੇ ਆਇਆ, ਤੂੰ ਆਖਿਆ, ਨਾ ਡਰ!

[58] ਹੇ ਮੇਰੇ ਪ੍ਰਭੂ, ਤੂੰ ਮੇਰੀ ਜਾਨ ਦਾ ਮੁਕੱਦਮਾ ਲੜਿਆ ਹੈ, ਤੂੰ ਮੇਰੇ ਜੀਵਨ ਦਾ ਛੁਟਕਾਰਾ ਕੀਤਾ ਹੈ।

[59] ਹੇ ਯਹੋਵਾਹ, ਤੂੰ ਮੇਰੇ ਨਾਲ ਹੋਈ ਬੇਇਨਸਾਫ਼ੀ ਨੂੰ ਵੇਖਿਆ ਹੈ, ਤੂੰ ਮੇਰਾ ਨਿਆਂ ਕਰ!

[60] ਤੂੰ ਉਹਨਾਂ ਦਾ ਬਦਲਾ ਵੇਖਿਆ ਹੈ, ਅਤੇ ਉਹ ਯੋਜਨਾਵਾਂ ਵੀ ਜੋ ਉਹਨਾਂ ਨੇ ਮੇਰੇ ਵਿਰੁੱਧ ਬਣਾਈਆਂ ਹਨ।

[61] ਹੇ ਯਹੋਵਾਹ, ਤੂੰ ਉਹਨਾਂ ਦੀ ਨਿੰਦਿਆ ਨੂੰ ਸੁਣਿਆ ਹੈ, ਅਤੇ ਉਨ੍ਹਾਂ ਯੋਜਨਾਵਾਂ ਨੂੰ ਵੀ ਜੋ ਉਹਨਾਂ ਨੇ ਮੇਰੇ ਵਿਰੁੱਧ ਬਣਾਈਆਂ ਹਨ।

[62] ਮੇਰੇ ਵਿਰੋਧੀਆਂ ਦੀਆਂ ਗੱਲਾਂ, ਅਤੇ ਦਿਨ ਭਰ ਮੇਰੇ ਵਿਰੁੱਧ ਉਹਨਾਂ ਦੇ ਵਿਚਾਰ, ਤੂੰ ਜਾਣਦਾ ਹੈਂ।

[63] ਉਹਨਾਂ ਦੇ ਉੱਠਣ ਬੈਠਣ ਵੱਲ ਧਿਆਨ ਦੇ! ਮੈਂ ਉਹਨਾਂ ਦੇ ਤਾਹਨਿਆਂ ਦਾ ਗੀਤ ਹਾਂ।

[64] ਹੇ ਯਹੋਵਾਹ, ਤੂੰ ਉਹਨਾਂ ਨੂੰ, ਉਹਨਾਂ ਦੇ ਹੱਥਾਂ ਦੇ ਕੰਮਾਂ ਅਨੁਸਾਰ ਬਦਲਾ ਦੇਵੇਂਗਾ।

[65] ਤੂੰ ਉਹਨਾਂ ਦਾ ਮਨ ਸੁੰਨ ਕਰ ਦੇਵੇਂਗਾ, ਤੇਰਾ ਸਰਾਪ ਉਹਨਾਂ ਦੇ ਉੱਤੇ ਹੋਵੇਗਾ।

[66] ਹੇ ਯਹੋਵਾਹ, ਤੂੰ ਕ੍ਰੋਧ ਵਿੱਚ ਉਹਨਾਂ ਦਾ ਪਿੱਛਾ ਕਰੇਂਗਾ, ਅਤੇ ਅਕਾਸ਼ ਦੇ ਹੇਠੋਂ ਉਹਨਾਂ ਦਾ ਨਾਸ ਕਰ ਦੇਵੇਂਗਾ।

ਵਿਰਲਾਪ — Chapters