Skip to content
Opens in a new window
Listen to this chapter • 5:00

[1] ਉਹ ਬਚਨ ਜਿਹੜਾ ਯਿਰਮਿਯਾਹ ਨੂੰ ਯਹੋਵਾਹ ਵੱਲੋਂ ਆਇਆ ਕਿ

[2] ਤੁਸੀਂ ਇਸ ਨੇਮ ਦੀਆਂ ਗੱਲਾਂ ਸੁਣੋ। ਤੁਸੀਂ ਯਹੂਦਾਹ ਦੇ ਮਨੁੱਖਾਂ ਨਾਲ ਅਤੇ ਯਰੂਸ਼ਲਮ ਦੇ ਵਾਸੀਆਂ ਨਾਲ ਬੋਲੋ

[3] ਤੂੰ ਉਹਨਾਂ ਨੂੰ ਆਖ ਕਿ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਐਉਂ ਆਖਦਾ ਹੈ, ਉਸ ਮਨੁੱਖ ਉੱਤੇ ਸਰਾਪ ਜਿਹੜਾ ਇਸ ਨੇਮ ਦੀਆਂ ਗੱਲਾਂ ਨਹੀਂ ਸੁਣਦਾ!

[4] ਜਿਹ ਦਾ ਮੈ ਤੁਹਾਡੇ ਪੁਰਖਿਆਂ ਨੂੰ ਉਸ ਦਿਨ ਹੁਕਮ ਦਿੱਤਾ ਸੀ ਜਦ ਮੈਂ ਉਹਨਾਂ ਨੂੰ ਮਿਸਰ ਦੇਸ ਵਿੱਚੋਂ, ਹਾਂ, ਲੋਹੇ ਦੀ ਭੱਠੀ ਵਿੱਚੋਂ ਬਾਹਰ ਲਿਆਂਦਾ ਅਤੇ ਆਖਿਆ ਕਿ ਮੇਰੀ ਆਵਾਜ਼ ਸੁਣੋ ਅਤੇ ਉਹ ਸਭ ਕੁਝ ਜਿਹ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਸੀ ਪੂਰਾ ਕਰੋ ਤਾਂ ਜੋ ਤੁਸੀਂ ਮੇਰੀ ਪਰਜਾ ਹੋਵੋ ਅਤੇ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ

[5] ਭਈ ਮੈਂ ਉਸ ਸਹੁੰ ਨੂੰ ਪੂਰਾ ਕਰਾਂ ਜਿਹੜੀ ਮੈਂ ਤੁਹਾਡੇ ਪੁਰਖਿਆਂ ਨਾਲ ਖਾਧੀ ਸੀ ਕਿ ਮੈਂ ਉਹਨਾਂ ਨੂੰ ਇੱਕ ਦੇਸ ਦਿਆਂਗਾ ਜਿਹ ਦੇ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ ਜਿਹਾ ਅੱਜ ਦੇ ਦਿਨ ਹੈ। ਤਦ ਮੈਂ ਉੱਤਰ ਦਿੱਤਾ ਅਤੇ ਆਖਿਆ, ਆਮੀਨ, ਹੇ ਯਹੋਵਾਹ!।

[6] ਤਾਂ ਯਹੋਵਾਹ ਨੇ ਮੈਨੂੰ ਆਖਿਆ ਕਿ ਇਹਨਾਂ ਸਾਰੀਆਂ ਗੱਲਾਂ ਦੀ ਯਹੂਦਾਹ ਦੇ ਸ਼ਹਿਰਾਂ ਅਤੇ ਯਰੂਸ਼ਲਮ ਦੇ ਚੌਕਾਂ ਵਿੱਚ ਡੌਂਡੀ ਪਿੱਟਵਾ ਕਿ ਤੁਸੀਂ ਇਸ ਨੇਮ ਦੀਆਂ ਗੱਲਾਂ ਸੁਣੋ ਅਤੇ ਤੁਸੀਂ ਉਹਨਾਂ ਨੂੰ ਪੂਰਾ ਕਰੋ

[7] ਕਿਉਂ ਜੋ ਮੈਂ ਤੁਹਾਡੇ ਪੁਰਖਿਆਂ ਨੂੰ ਜਦ ਮੈਂ ਉਹਨਾਂ ਨੂੰ ਮਿਸਰ ਦੇਸ ਤੋਂ ਕੱਢ ਲਿਆਂਦਾ ਅੱਜ ਦੇ ਦਿਨ ਤੱਕ ਤਗੀਦ ਨਾਲ ਚਿਤਾਰਦਾ ਰਿਹਾ ਅਤੇ ਤੜਕੇ ਉੱਠ ਕੇ ਉਹਨਾਂ ਨੂੰ ਚਿਤਾਰਦਾ ਰਿਹਾ ਕਿ ਮੇਰੀ ਸੁਣੋ!

[8] ਪਰ ਉਹਨਾਂ ਨੇ ਨਾ ਸੁਣਿਆ, ਨਾ ਕੰਨ ਲਾਇਆ। ਹਰੇਕ ਆਪਣੇ ਬੁਰੇ ਦਿਲ ਦੀ ਅੜੀ ਵਿੱਚ ਚੱਲਦਾ ਰਿਹਾ। ਇਸੇ ਲਈ ਮੈਂ ਇਸ ਨੇਮ ਦੀਆਂ ਸਾਰੀਆਂ ਗੱਲਾਂ ਉਹਨਾਂ ਉੱਤੇ ਲਿਆਂਦੀਆਂ ਜਿਹਨਾਂ ਦਾ ਮੈਂ ਉਹਨਾਂ ਨੂੰ ਪੂਰਾ ਕਰਨ ਲਈ ਹੁਕਮ ਦਿੱਤਾ ਸੀ ਪਰ ਉਹਨਾਂ ਨੇ ਉਹਨਾਂ ਨੂੰ ਪੂਰਾ ਨਾ ਕੀਤਾ

[9] ਤਾਂ ਯਹੋਵਾਹ ਨੇ ਮੈਨੂੰ ਆਖਿਆ ਕਿ ਯਹੂਦਾਹ ਦੇ ਮਨੁੱਖਾਂ ਅਤੇ ਯਰੂਸ਼ਲਮ ਦੇ ਵਾਸੀਆਂ ਵਿੱਚ ਇੱਕ ਮਤਾ ਪਕਾਇਆ ਜਾਂਦਾ ਹੈ

[10] ਉਹ ਆਪਣੇ ਪਹਿਲੇ ਪੁਰਖਿਆਂ ਦੀਆਂ ਬੁਰਿਆਈਆਂ ਵੱਲ ਫਿਰ ਗਏ ਹਨ ਜਿਹਨਾਂ ਨੇ ਮੇਰੀਆਂ ਗੱਲਾਂ ਨਹੀਂ ਸੁਣੀਆਂ। ਉਹ ਦੂਜੇ ਦੇਵਤਿਆਂ ਦੇ ਪਿੱਛੇ ਚਲੇ ਗਏ ਹਨ ਅਤੇ ਉਹਨਾਂ ਦੀ ਪੂਜਾ ਕਰਨ ਲੱਗ ਗਏ। ਇਸਰਾਏਲ ਦੇ ਘਰਾਣੇ ਅਤੇ ਯਹੂਦਾਹ ਦੇ ਘਰਾਣੇ ਨੇ ਮੇਰੇ ਨੇਮ ਨੂੰ ਤੋੜ ਛੱਡਿਆ ਹੈ ਜਿਹੜਾ ਮੈਂ ਉਹਨਾਂ ਦੇ ਪੁਰਖਿਆਂ ਨਾਲ ਬੰਨ੍ਹਿਆ ਸੀ

[11] ਇਸੇ ਲਈ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖੋ, ਮੈਂ ਉਹਨਾਂ ਉੱਤੇ ਬਦੀ ਲਿਆ ਰਿਹਾ ਹਾਂ ਜਿਸ ਤੋਂ ਉਹ ਨਿੱਕਲ ਨਾ ਸਕਣਗੇ। ਭਾਵੇਂ ਉਹ ਮੇਰੇ ਵੱਲ ਚਿੱਲਾਉਣ, ਮੈਂ ਉਹਨਾਂ ਦੀ ਨਾ ਸੁਣਾਂਗਾ

[12] ਤਦ ਯਹੂਦਾਹ ਦੇ ਸ਼ਹਿਰ ਅਤੇ ਯਰੂਸ਼ਲਮ ਦੇ ਵਾਸੀ ਜਾਣਗੇ ਅਤੇ ਦੂਜੇ ਦੇਵਤਿਆਂ ਲਈ ਚਿੱਲਾਉਣਗੇ ਜਿਹਨਾਂ ਲਈ ਉਹ ਧੂਪ ਧੁਖਾਉਂਦੇ ਰਹੇ ਹਨ, ਪਰ ਉਹ ਉਹਨਾਂ ਨੂੰ ਮੂਲੋਂ ਉਹਨਾਂ ਦੀ ਬਿਪਤਾ ਦੇ ਸਮੇਂ ਬਚਾ ਨਾ ਸਕਣਗੇ

[13] ਕਿਉਂ ਜੋ ਹੇ ਯਹੂਦਾਹ, ਤੇਰੇ ਦੇਵਤੇ ਤੇਰੇ ਸ਼ਹਿਰਾਂ ਦੀ ਗਿਣਤੀ ਜਿੰਨੇ ਹਨ ਅਤੇ ਜਿੰਨੇ ਯਰੂਸ਼ਲਮ ਦੇ ਚੌਂਕ ਹਨ ਤੁਸੀਂ ਓਨੀਆਂ ਗਿਣਤੀਆਂ ਵਿੱਚ ਜਗਵੇਦੀਆਂ ਸ਼ਰਮ ਲਈ ਬਣਾ ਲਈਆਂ ਹਨ ਭਈ ਤੁਸੀਂ ਬਆਲ ਲਈ ਜਗਵੇਦੀਆਂ ਉੱਤੇ ਧੂਪ ਧੁਖਾਓ।

[14] ਤੂੰ ਇਸ ਪਰਜਾ ਲਈ ਪ੍ਰਾਰਥਨਾ ਨਾ ਕਰ, ਨਾ ਉਹਨਾਂ ਲਈ ਤਰਲਾ ਨਾ ਪ੍ਰਾਰਥਨਾ ਚੁੱਕ, ਕਿਉਂ ਜੋ ਮੈਂ ਨਹੀਂ ਸੁਣਾਂਗਾ ਜਿਸ ਵੇਲੇ ਉਹ ਆਪਣੀ ਬਿਪਤਾ ਦੇ ਕਾਰਨ ਪੁਕਾਰਨਗੇ

[15] ਮੇਰੇ ਘਰ ਵਿੱਚ ਮੇਰੀ ਪ੍ਰੀਤਮਾ ਦਾ ਕੀ ਕੰਮ ਜਦ ਉਸ ਬਹੁਤਿਆਂ ਨਾਲ ਕੁਕਰਮ ਕੀਤਾ ਅਤੇ ਪਵਿੱਤਰ ਮਾਸ ਤੈਥੋਂ ਜਾਂਦਾ ਰਿਹਾ? ਜਦ ਤੂੰ ਬਦੀ ਕਰਦੀ ਹੈਂ ਤਾਂ ਤੂੰ ਬਾਗ-ਬਾਗ ਹੁੰਦੀ ਹੈਂ

[16] ਯਹੋਵਾਹ ਨੇ ਤੇਰੇ ਨਾਮ ਨੂੰ ਐਉਂ ਬੁਲਾਇਆ, “ਇੱਕ ਹਰਾ ਅਤੇ ਸੋਹਣਾ ਫਲਦਾਇਕ ਜ਼ੈਤੂਨ” ਪਰ ਵੱਡੇ ਰੌਲ਼ੇ ਦੇ ਸ਼ੋਰ ਨਾਲ ਉਸ ਉਹ ਨੂੰ ਅੱਗ ਲਾ ਦਿੱਤੀ ਅਤੇ ਉਹਨਾਂ ਦੀਆਂ ਟਹਿਣੀਆਂ ਤੋੜੀਆਂ ਗਈਆਂ

[17] ਸੈਨਾਂ ਦੇ ਯਹੋਵਾਹ ਨੇ ਜਿਸ ਤੈਨੂੰ ਲਾਇਆ ਤੇਰੇ ਉੱਤੇ ਬਦੀ ਦੀ ਗੱਲ ਕੀਤੀ ਉਸ ਬਦੀ ਦੇ ਕਾਰਨ ਜਿਹੜੀ ਇਸਰਾਏਲ ਦੇ ਘਰਾਣੇ ਅਤੇ ਯਹੂਦਾਹ ਦੇ ਘਰਾਣੇ ਨੇ ਆਪਣੇ ਲਈ ਕੀਤੀ ਜਦ ਉਹਨਾਂ ਨੇ ਮੈਨੂੰ ਗੁੱਸਾ ਚੜ੍ਹਾਇਆ ਅਤੇ ਬਆਲ ਲਈ ਧੂਪ ਧੁਖਾਈ।

[18] ਯਹੋਵਾਹ ਨੇ ਮੈਨੂੰ ਸਮਝਾਇਆ ਅਤੇ ਮੈਂ ਸਮਝ ਗਿਆ, ਤਦ ਤੂੰ ਉਹਨਾਂ ਦੀਆਂ ਕਰਤੂਤਾਂ ਮੈਨੂੰ ਵਿਖਾਈਆਂ।

[19] ਪਰ ਮੈਂ ਤਾਂ ਇੱਕ ਅਸੀਲ ਲੇਲੇ ਵਾਂਗੂੰ ਸੀ, ਜਿਹੜਾ ਕੱਟੇ ਜਾਣ ਲਈ ਲਿਆਂਦਾ ਜਾਂਦਾ ਹੈ। ਮੈਂ ਨਹੀਂ ਜਾਣਦਾ ਸੀ ਕਿ ਇਹ ਮੇਰੇ ਵਿਰੁੱਧ ਮਤੇ ਪਕਾਏ ਸਨ, ਕਿ ਆਓ, ਅਤੇ ਰੁੱਖ ਨੂੰ ਉਹ ਦੇ ਫਲ ਸਣੇ ਬਰਬਾਦ ਕਰ ਦੇਈਏ, ਆਓ, ਉਸ ਨੂੰ ਜੀਉਂਦਿਆਂ ਦੀ ਧਰਤੀ ਵਿੱਚ ਵੱਢ ਸੁੱਟੀਏ, ਭਈ ਅੱਗੇ ਨੂੰ ਉਸ ਦਾ ਨਾਮ ਵੀ ਨਾ ਚੇਤੇ ਕੀਤਾ ਜਾਵੇ!

[20] ਪਰ ਹੇ ਸੈਨਾਂ ਦੇ ਯਹੋਵਾਹ, ਜਿਹੜਾ ਧਰਮ ਨਾਲ ਨਿਆਂ ਕਰਦਾ ਹੈ, ਜਿਹੜਾ ਦਿਲ ਅਤੇ ਮਨ ਨੂੰ ਪਰਖਦਾ ਹੈ ਮੈਂ ਉਹਨਾਂ ਲਈ ਤੇਰੇ ਬਦਲੇ ਨੂੰ ਵੇਖਾਂਗਾ, ਕਿਉਂ ਜੋ ਮੈਂ ਆਪਣਾ ਦਾਵਾ ਤੇਰੇ ਅੱਗੇ ਖੋਲ੍ਹਿਆ ਹੈ।

[21] ਇਸ ਲਈ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਅਨਾਥੋਥ ਕਸਬੇ ਦੇ ਮਨੁੱਖਾਂ ਦੇ ਬਾਰੇ ਜਿਹੜੇ ਤੇਰੀ ਜਾਨ ਨੂੰ ਭਾਲਦੇ ਹਨ ਅਤੇ ਆਖਦੇ ਹਨ ਕਿ ਯਹੋਵਾਹ ਦੇ ਨਾਮ ਦਾ ਅਗੰਮ ਵਾਕ ਨਾ ਕਰ ਮਤੇ ਤੂੰ ਸਾਡੇ ਹੱਥੋਂ ਮਾਰਿਆ ਜਾਵੇਂ!

[22] ਇਸ ਲਈ ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖ, ਮੈਂ ਉਹਨਾਂ ਦੀ ਖ਼ਬਰ ਲਵਾਂਗਾ! ਜੁਆਨ ਤਲਵਾਰ ਨਾਲ ਮਾਰੇ ਜਾਣਗੇ, ਉਹਨਾਂ ਦੇ ਪੁੱਤਰ ਅਤੇ ਧੀਆਂ ਕਾਲ ਨਾਲ ਮਰਨਗੇ

[23] ਉਹਨਾਂ ਵਿੱਚੋਂ ਕੋਈ ਨਾ ਬਚੇਗਾ ਕਿਉਂ ਜੋ ਮੈਂ ਅਨਾਥੋਥ ਦੇ ਮਨੁੱਖਾਂ ਉੱਤੇ ਬਦੀ ਉਹਨਾਂ ਦੇ ਖ਼ਬਰ ਲੈਣ ਦੇ ਸਾਲ ਵਿੱਚ ਲਿਆਵਾਂਗਾ।

ਯਿਰਮਿਯਾਹ — Chapters