Skip to content
Opens in a new window
Listen to this chapter • 5:11

[1] ਉਪਰੰਤ ਫ਼ੇਸਤੁਸ ਉਸ ਸੂਬੇ ਵਿੱਚ ਪਹੁੰਚ ਕੇ ਤਿੰਨਾਂ ਦਿਨਾਂ ਦੇ ਮਗਰੋਂ ਕੈਸਰਿਯਾ ਤੋਂ ਯਰੂਸ਼ਲਮ ਨੂੰ ਗਿਆ।

[2] ਤਦ ਮੁੱਖ ਜਾਜਕਾਂ ਅਤੇ ਯਹੂਦੀਆਂ ਦੇ ਅਧਿਕਾਰੀਆਂ ਨੇ ਪੌਲੁਸ ਦੇ ਵਿਰੁੱਧ ਉਹ ਦੇ ਕੰਨ ਭਰੇ।

[3] ਅਤੇ ਉਸ ਦੀਆਂ ਮਿੰਨਤਾਂ ਕਰ ਕੇ ਕਿਹਾ ਜੋ ਉਹ ਨੂੰ ਯਰੂਸ਼ਲਮ ਵਿੱਚ ਬੁਲਾਵੇ ਅਤੇ ਸਾਜਿਸ਼ ਬਣਾਈ, ਜੋ ਉਹ ਨੂੰ ਰਸਤੇ ਵਿੱਚ ਹੀ ਮਾਰ ਸੁੱਟਣ।

[4] ਉਪਰੰਤ ਫ਼ੇਸਤੁਸ ਨੇ ਉੱਤਰ ਦਿੱਤਾ ਜੋ ਪੌਲੁਸ ਕੈਸਰਿਯਾ ਵਿੱਚ ਨਜ਼ਰਬੰਦ ਹੈ ਅਤੇ ਮੈਂ ਆਪ ਉੱਥੇ ਜਲਦੀ ਜਾਣ ਨੂੰ ਤਿਆਰ ਹਾਂ।

[5] ਫੇਰ ਬੋਲਿਆ, ਜਿਹੜੇ ਤੁਹਾਡੇ ਵਿੱਚੋਂ ਆਗੂ ਹੋਣ ਉਹ ਮੇਰੇ ਨਾਲ ਚੱਲਣ ਅਤੇ ਜੇ ਉਸ ਵਿੱਚ ਕੋਈ ਔਗੁਣ ਹੋਵੇ ਤਾਂ ਉਹ ਦੇ ਉੱਤੇ ਦੋਸ਼ ਸਾਬਤ ਕਰਨ।

[6] ਉਹ ਉਨ੍ਹਾਂ ਵਿੱਚ ਕੋਈ ਅੱਠ ਦਸ ਦਿਨ ਰਹਿ ਕੇ ਕੈਸਰਿਯਾ ਨੂੰ ਗਿਆ ਅਤੇ ਅਗਲੇ ਦਿਨ ਅਦਾਲਤ ਦੀ ਗੱਦੀ ਉੱਤੇ ਬੈਠ ਕੇ ਹੁਕਮ ਦਿੱਤਾ ਜੋ ਪੌਲੁਸ ਨੂੰ ਲਿਆਉਣ।

[7] ਜਦੋਂ ਉਹ ਹਾਜ਼ਰ ਹੋਇਆ ਤਾਂ ਯਹੂਦੀ ਜਿਹੜੇ ਯਰੂਸ਼ਲਮ ਤੋਂ ਆਏ ਸਨ ਉਹ ਦੇ ਆਲੇ-ਦੁਆਲੇ ਖੜੇ ਹੋ ਕੇ ਉਸ ਉੱਤੇ ਬਹੁਤ ਸਾਰੇ ਦੋਸ਼ ਲਾਉਣ ਲੱਗੇ ਜਿਨ੍ਹਾਂ ਨੂੰ ਸਾਬਤ ਨਾ ਕਰ ਸਕੇ।

[8] ਪਰ ਪੌਲੁਸ ਨੇ ਆਪਣੀ ਸਫ਼ਾਈ ਵਿੱਚ ਕਿਹਾ ਕਿ ਨਾ ਤਾਂ ਮੈਂ ਯਹੂਦੀਆਂ ਦੀ ਬਿਵਸਥਾ ਦਾ, ਨਾ ਹੈਕਲ ਦਾ, ਨਾ ਕੈਸਰ ਦਾ ਕੁਝ ਵਿਗਾੜਿਆ ਹੈ।

[9] ਪਰ ਫ਼ੇਸਤੁਸ ਨੇ ਜੋ ਚਾਹੁੰਦਾ ਸੀ ਕਿ ਯਹੂਦੀਆਂ ਨੂੰ ਪਰਸੰਨ ਕਰੇ ਅੱਗੋਂ ਪੌਲੁਸ ਨੂੰ ਆਖਿਆ, ਕੀ ਤੂੰ ਯਰੂਸ਼ਲਮ ਵਿੱਚ ਜਾਣਾ ਚਾਹੁੰਦਾ ਹੈਂ ਕਿ ਉੱਥੇ ਮੇਰੇ ਅੱਗੇ ਇਨ੍ਹਾਂ ਗੱਲਾਂ ਬਾਰੇ ਤੇਰਾ ਨਿਆਂ ਕੀਤਾ ਜਾਵੇ?

[10] ਪੌਲੁਸ ਨੇ ਕਿਹਾ, ਮੈਂ ਕੈਸਰੀ ਅਦਾਲਤ ਦੀ ਗੱਦੀ ਦੇ ਅੱਗੇ ਖੜ੍ਹਾ ਹਾਂ। ਚਾਹੀਦਾ ਹੈ ਕਿ ਮੇਰਾ ਨਿਆਂ ਇੱਥੇ ਹੀ ਹੋਵੇ। ਯਹੂਦੀਆਂ ਦੇ ਨਾਲ ਮੈਂ ਕੁਝ ਵੀ ਗਲਤ ਨਹੀਂ ਕੀਤਾ ਜਿਵੇਂ ਕਿ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ।

[11] ਸੋ ਜੇ ਮੈਂ ਕੁਝ ਗਲਤ ਕੀਤਾ ਅਤੇ ਕਤਲ ਦੇ ਲਾਇਕ ਕੋਈ ਕੰਮ ਕੀਤਾ ਹੋਵੇ ਤਾਂ ਮੈਂ ਕਤਲ ਹੋਣ ਵਿੱਚ ਕੋਈ ਇਨਕਾਰ ਨਹੀਂ ਕਰਦਾ ਪਰ ਜੇ ਉਨ੍ਹਾਂ ਗੱਲਾਂ ਵਿੱਚੋਂ ਕੁਝ ਵੀ ਸਾਬਤ ਨਾ ਹੋਵੇ ਜਿਨ੍ਹਾਂ ਦਾ ਇਹ ਮੇਰੇ ਉੱਤੇ ਦੋਸ਼ ਲਾਉਂਦੇ ਹਨ ਤਾਂ ਕਿਸੇ ਦੀ ਹਿੰਮਤ ਨਹੀਂ ਜੋ ਮੈਨੂੰ ਉਨ੍ਹਾਂ ਦੇ ਹਵਾਲੇ ਕਰੇ। ਮੈਂ ਕੈਸਰ ਦੀ ਦੁਹਾਈ ਦਿੰਦਾ ਹਾਂ!

[12] ਤਦ ਫ਼ੇਸਤੁਸ ਨੇ ਸਲਾਹਕਾਰਾਂ ਨਾਲ ਗੱਲ ਕਰ ਕੇ ਉੱਤਰ ਦਿੱਤਾ ਕਿ ਤੂੰ ਕੈਸਰ ਦੀ ਦੁਹਾਈ ਦਿੱਤੀ ਹੈ, ਤੂੰ ਕੈਸਰ ਹੀ ਦੇ ਕੋਲ ਜਾਏਂਗਾ!

[13] ਕੁਝ ਦਿਨਾਂ ਬਾਅਦ, ਰਾਜਾ ਅਗ੍ਰਿੱਪਾ ਅਤੇ ਬਰਨੀਕੇ ਕੈਸਰਿਯਾ ਵਿੱਚ ਫ਼ੇਸਤੁਸ ਨੂੰ ਮਿਲਣ ਲਈ ਆਏ।

[14] ਅਤੇ ਜਦੋਂ ਉਹ ਉੱਥੇ ਕਈ ਦਿਨ ਰਹੇ ਤਾਂ ਫ਼ੇਸਤੁਸ ਨੇ ਪੌਲੁਸ ਦੀ ਕਹਾਣੀ ਰਾਜੇ ਨੂੰ ਸੁਣਾ ਕੇ ਕਿਹਾ ਜੋ ਇੱਕ ਮਨੁੱਖ ਹੈ ਜਿਹ ਨੂੰ ਫ਼ੇਲਿਕਸ ਕੈਦ ਵਿੱਚ ਛੱਡ ਗਿਆ।

[15] ਅਤੇ ਜਦੋਂ ਮੈਂ ਯਰੂਸ਼ਲਮ ਵਿੱਚ ਸੀ ਤਾਂ ਮੁੱਖ ਜਾਜਕਾਂ ਅਤੇ ਯਹੂਦੀਆਂ ਦੇ ਬਜ਼ੁਰਗਾਂ ਨੇ ਉਹ ਦੇ ਬਾਰੇ ਮੈਨੂੰ ਗੱਲਾਂ ਦੱਸੀਆਂ ਅਤੇ ਬੇਨਤੀ ਕੀਤੀ ਜੋ ਉਸ ਤੇ ਸਜ਼ਾ ਦਾ ਹੁਕਮ ਹੋਵੇ।

[16] ਉਨ੍ਹਾਂ ਨੂੰ ਮੈਂ ਇਹ ਉੱਤਰ ਦਿੱਤਾ ਕਿ ਰੋਮੀਆਂ ਦਾ ਕਨੂੰਨ ਨਹੀਂ ਹੈ ਜੋ ਕਿਸੇ ਮਨੁੱਖ ਨੂੰ ਹਵਾਲੇ ਕਰਨ ਜਿਨ੍ਹਾਂ ਚਿਰ ਆਪਣੇ ਦੋਸ਼ ਲਗਾਉਣ ਵਾਲਿਆਂ ਦੇ ਸਾਹਮਣੇ ਸਫ਼ਾਈ ਦੇਣ ਦਾ ਮੌਕਾ ਨਾ ਪਾਵੇ।

[17] ਸੋ ਜਦੋਂ ਉਹ ਇੱਥੇ ਇਕੱਠੇ ਹੋਏ ਤਾਂ ਮੈਂ ਬਿਨ੍ਹਾਂ ਕੁਝ ਦੇਰ ਕੀਤੇ ਅਗਲੇ ਦਿਨ ਅਦਾਲਤ ਦੀ ਗੱਦੀ ਤੇ ਬੈਠ ਕੇ ਹੁਕਮ ਦਿੱਤਾ ਜੋ ਉਸ ਮਨੁੱਖ ਨੂੰ ਹਾਜ਼ਰ ਕਰਨ।

[18] ਪਰ ਜਦੋਂ ਉਹ ਦੇ ਉੱਤੇ ਦੋਸ਼ ਲਗਾਉਣ ਵਾਲੇ ਖੜੇ ਹੋਏ ਤਾਂ ਉਨ੍ਹਾਂ ਨੇ ਇਹੋ ਜਿਹੀ ਕੋਈ ਬੁਰੀ ਗੱਲ ਉਹ ਦੇ ਬਾਰੇ ਆਖੀ ਜਿਹੀ ਮੈਂ ਸਮਝਦਾ ਸੀ।

[19] ਪਰ ਉਹ ਆਪਣੀ ਦੇਵਪੂਜਾ ਬਾਰੇ ਅਤੇ ਕਿਸੇ ਯਿਸੂ ਦੇ ਵਿਖੇ ਜੋ ਮਰ ਚੁੱਕਿਆ ਪਰ ਪੌਲੁਸ ਆਖਦਾ ਕਿ ਉਹ ਤਾਂ ਜਿਉਂਦਾ ਹੈ ਉਸ ਨਾਲ ਝਗੜਾ ਕਰਦੇ ਸਨ।

[20] ਜਦੋਂ ਮੈਂ ਦੁਬਧਾ ਵਿੱਚ ਪਿਆ ਕਿ ਇਨ੍ਹਾਂ ਗੱਲਾਂ ਦਾ ਕਿਵੇਂ ਨਿਬੇੜਾ ਕਰਾਂ ਤਾਂ ਮੈਂ ਪੁੱਛਿਆ, ਤੂੰ ਯਰੂਸ਼ਲਮ ਵਿੱਚ ਜਾਣ ਲਈ ਸਹਿਮਤ ਹੈਂ ਜੋ ਉੱਥੇ ਇਨ੍ਹਾਂ ਗੱਲਾਂ ਦੇ ਬਾਰੇ ਤੇਰਾ ਨਿਆਂ ਹੋਵੇ?

[21] ਪਰ ਜਦੋਂ ਪੌਲੁਸ ਨੇ ਦੁਹਾਈ ਦਿੱਤੀ ਜੋ ਮੇਰਾ ਨਿਆਂ ਪਾਤਸ਼ਾਹ ਦੀ ਅਦਾਲਤ ਉੱਤੇ ਰਹਿਣ ਦਿਓ ਤਾਂ ਮੈਂ ਹੁਕਮ ਦਿੱਤਾ ਜੋ ਉਹ ਨਜ਼ਰਬੰਦ ਰਹੇ ਜਦੋਂ ਤੱਕ ਮੈਂ ਉਹ ਨੂੰ ਕੈਸਰ ਕੋਲ ਨਾ ਭੇਜਾਂ।

[22] ਉਪਰੰਤ ਅਗ੍ਰਿੱਪਾ ਨੇ ਫ਼ੇਸਤੁਸ ਨੂੰ ਕਿਹਾ ਕਿ ਮੈਂ ਆਪ ਵੀ ਉਸ ਮਨੁੱਖ ਨੂੰ ਸੁਣਨਾ ਚਾਹੁੰਦਾ ਹਾਂ। ਉਹ ਬੋਲਿਆ, ਤੂੰ ਕੱਲ ਉਹ ਦੀ ਸੁਣ ਲਵੀਂ।

[23] ਸੋ ਦੂਜੇ ਦਿਨ ਜਦੋਂ ਅਗ੍ਰਿੱਪਾ ਅਤੇ ਬਰਨੀਕੇ ਵੱਡੀ ਧੂਮ-ਧਾਮ ਨਾਲ ਆਏ ਅਤੇ ਫੌਜ ਦੇ ਸਰਦਾਰਾਂ ਅਤੇ ਸ਼ਹਿਰ ਦੇ ਉੱਤਮ ਲੋਕਾਂ ਨਾਲ ਕਚਿਹਰੀ ਵਿੱਚ ਜਾ ਵੜੇ ਤਾਂ ਫ਼ੇਸਤੁਸ ਦੇ ਹੁਕਮ ਨਾਲ ਪੌਲੁਸ ਨੂੰ ਲਿਆਏ।

[24] ਤਦ ਫ਼ੇਸਤੁਸ ਨੇ ਆਖਿਆ, ਹੇ ਰਾਜਾ ਅਗ੍ਰਿੱਪਾ ਅਤੇ ਸਭ ਲੋਕੋ ਜਿਹੜੇ ਇੱਥੇ ਸਾਡੇ ਨਾਲ ਹਾਜ਼ਰ ਹੋ, ਤੁਸੀਂ ਇਸ ਮਨੁੱਖ ਨੂੰ ਵੇਖਦੇ ਹੋ ਜਿਹ ਦੇ ਕਾਰਨ ਯਹੂਦੀਆਂ ਦੇ ਸਾਰੇ ਲੋਕ ਯਰੂਸ਼ਲਮ ਵਿੱਚ ਅਤੇ ਇੱਥੇ ਵੀ ਮੇਰੇ ਪਿੱਛੇ ਪਏ ਅਤੇ ਇਹ ਰੌਲ਼ਾ ਪਾਉਂਦੇ ਸਨ ਜੋ ਇਹ ਦਾ ਅੱਗੇ ਨੂੰ ਜਿਉਂਦਾ ਰਹਿਣਾ ਹੀ ਯੋਗ ਨਹੀਂ।

[25] ਪਰ ਮੈਂ ਜਾਣ ਲਿਆ ਜੋ ਉਹ ਨੇ ਕਤਲ ਦੇ ਲਾਇਕ ਕੁਝ ਨਹੀਂ ਕੀਤਾ ਅਤੇ ਜਦੋਂ ਉਸ ਨੇ ਆਪ ਪਾਤਸ਼ਾਹ ਦੀ ਦੁਹਾਈ ਦਿੱਤੀ ਤਦ ਮੈਂ ਫੈਸਲਾ ਕੀਤਾ ਜੋ ਉਹ ਨੂੰ ਭੇਜ ਦਿਆਂ।

[26] ਪਰ ਮੈਨੂੰ ਉਹ ਦੇ ਵਿਖੇ ਕੋਈ ਠੀਕ ਗੱਲ ਨਹੀਂ ਦਿੱਸਦੀ ਜੋ ਆਪਣੇ ਮਾਲਕ ਨੂੰ ਲਿਖਾਂ ਇਸ ਲਈ ਮੈਂ ਉਹ ਨੂੰ ਤੁਹਾਡੇ ਅੱਗੇ ਖ਼ਾਸ ਕਰਕੇ, ਹੇ ਰਾਜਾ ਅਗ੍ਰਿੱਪਾ, ਤੇਰੇ ਅੱਗੇ ਹਾਜ਼ਰ ਕੀਤਾ ਹੈ ਜੋ ਜਾਂਚ-ਪੜਤਾਲ ਤੋਂ ਬਾਅਦ ਮੈਂ ਕੁਝ ਲਿਖ ਸਕਾਂ।

[27] ਕਿਉਂ ਜੋ ਮੈਨੂੰ ਇਹ ਗੱਲ ਸਿਆਣੀ ਨਹੀਂ ਲੱਗਦੀ ਕਿ ਇੱਕ ਕੈਦੀ ਭੇਜਾਂ ਅਤੇ ਨਾਲ ਹੀ ਨਾ ਦੱਸਾਂ ਜੋ ਕੀ ਦੋਸ਼ ਉਹ ਦੇ ਉੱਤੇ ਲਾਏ ਗਏ ਹਨ।

ਰਸੂਲਾਂ ਦੇ ਕਰਤੱਬ — Chapters