[1] ਮੈਂ ਪਰਮੇਸ਼ੁਰ ਅਤੇ ਮਸੀਹ ਯਿਸੂ ਨੂੰ, ਜਿਹੜਾ ਜਿਉਂਦਿਆਂ ਅਤੇ ਮੁਰਦਿਆਂ ਦਾ ਨਿਆਂ ਕਰੇਗਾ, ਗਵਾਹ ਕਰਕੇ ਉਹ ਦੇ ਪਰਕਾਸ਼ ਅਤੇ ਰਾਜ ਦਾ ਵਾਸਤਾ ਦੇ ਕੇ ਆਗਿਆ ਦਿੰਦਾ ਹਾਂ।
[2] ਬਚਨ ਦਾ ਪਰਚਾਰ ਕਰ। ਵੇਲੇ ਕੁਵੇਲੇ ਉਸ ਵਿੱਚ ਤਿਆਰ ਰਹਿ। ਪੂਰੇ ਧੀਰਜ ਅਤੇ ਸਿੱਖਿਆ ਨਾਲ ਝਿੜਕ ਦੇ, ਤਾੜਨਾ ਅਤੇ ਹੁਕਮ ਕਰ।
[3] ਕਿਉਂ ਜੋ ਉਹ ਸਮਾਂ ਆਵੇਗਾ ਜਦੋਂ ਉਹ ਖਰੀ ਸਿੱਖਿਆ ਨੂੰ ਨਾ ਸਹਿਣਗੇ, ਪਰ ਕੰਨਾਂ ਦੀ ਖੁਜਲੀ ਦੇ ਕਾਰਨ ਆਪਣਿਆਂ ਵਿਸ਼ਿਆਂ ਦੇ ਅਨੁਸਾਰ ਆਪਣੇ ਲਈ ਬਹੁਤ ਸਾਰੇ ਗੁਰੂ ਲੱਭ ਲੈਣਗੇ।
[4] ਅਤੇ ਸਚਿਆਈ ਤੋਂ ਕੰਨਾਂ ਨੂੰ ਫੇਰ ਕੇ ਖਿਆਲੀ ਕਹਾਣੀਆਂ ਦੀ ਵੱਲ ਮਨ ਲਗਾਉਣਗੇ।
[5] ਪਰ ਤੂੰ ਸਭ ਗੱਲਾਂ ਵਿੱਚ ਸੁਚੇਤ ਰਹੀਂ, ਦੁੱਖ ਝੱਲੀ, ਪਰਚਾਰਕ ਦਾ ਕੰਮ ਕਰੀਂ, ਆਪਣੀ ਸੇਵਕਾਈ ਨੂੰ ਪੂਰਾ ਕਰੀਂ।
[6] ਕਿਉਂ ਜੋ ਹੁਣ ਮੈਂ ਆਪਣੇ ਲਹੂ ਦਾ ਅਰਘ ਦੇਣ ਨੂੰ ਹਾਂ ਅਤੇ ਮੇਰਾ ਆਖਰੀ ਸਮਾਂ ਆ ਚੁੱਕਿਆ ਹੈ।
[7] ਮੈਂ ਚੰਗੀ ਲੜਾਈ ਲੜ ਚੁੱਕਾ ਹਾਂ, ਮੈਂ ਦੌੜ ਪੂਰੀ ਕਰ ਲਈ ਹੈ, ਮੈਂ ਵਿਸ਼ਵਾਸ ਦੀ ਸੰਭਾਲ ਕੀਤੀ ਹੈ।
[8] ਆਖਿਰਕਾਰ, ਮੇਰੇ ਲਈ ਧਾਰਮਿਕਤਾ ਦਾ ਮੁਕਟ ਰੱਖਿਆ ਹੋਇਆ ਹੈ ਜਿਹੜਾ ਪ੍ਰਭੂ ਜੋ ਧਰਮੀ ਨਿਆਈਂ ਹੈ ਉਸ ਦਿਨ ਮੈਨੂੰ ਦੇਵੇਗਾ ਅਤੇ ਕੇਵਲ ਮੈਨੂੰ ਹੀ ਨਹੀਂ ਸਗੋਂ ਉਹਨਾਂ ਸਭਨਾਂ ਨੂੰ ਵੀ ਜਿਹਨਾਂ ਉਹ ਦੇ ਪ੍ਰਗਟ ਹੋਣ ਨੂੰ ਪਿਆਰਾ ਜਾਣਿਆ।
[9] ਤੂੰ ਮੇਰੇ ਕੋਲ ਛੇਤੀ ਆਉਣ ਦਾ ਯਤਨ ਕਰ।
[10] ਕਿਉਂ ਜੋ ਦੇਮਾਸ ਨੇ ਇਸ ਵਰਤਮਾਨ ਜੁੱਗ ਨਾਲ ਮੋਹ ਲਾ ਕੇ ਮੈਨੂੰ ਛੱਡ ਦਿੱਤਾ ਅਤੇ ਥਸਲੁਨੀਕੇ ਨੂੰ ਚੱਲਿਆ ਗਿਆ, ਕਰੇਸਕੇਸ ਗਲਾਤਿਯਾ ਨੂੰ ਅਤੇ ਤੀਤੁਸ ਦਲਮਾਤਿਯਾ ਨੂੰ ਚੱਲਿਆ ਗਿਆ।
[11] ਇਕੱਲਾ ਲੂਕਾ ਹੀ ਮੇਰੇ ਕੋਲ ਹੈ। ਤੂੰ ਮਰਕੁਸ ਨੂੰ ਨਾਲ ਲੈ ਕੇ ਆਵੀਂ ਕਿਉਂ ਜੋ ਉਹ ਸੇਵਾ ਲਈ ਮੇਰੇ ਕੰਮ ਦਾ ਹੈ।
[12] ਪਰ ਤੁਖਿਕੁਸ ਨੂੰ ਮੈਂ ਅਫ਼ਸੁਸ ਭੇਜਿਆ।
[13] ਉਹ ਚੋਗਾ ਜਿਹੜਾ ਮੈਂ ਤ੍ਰੋਆਸ ਵਿੱਚ ਕਾਰਪੁਸ ਦੇ ਕੋਲ ਛੱਡ ਆਇਆ ਸੀ ਅਤੇ ਪੋਥੀਆਂ ਅਤੇ ਖ਼ਾਸ ਕਰ ਕੇ ਉਹ ਚਮੜੇ ਦੇ ਪੱਤ੍ਰੇ ਤੂੰ ਲੈਂਦਾ ਆਵੀਂ।
[14] ਸਿਕੰਦਰ ਠਠੇਰੇ ਨੇ ਮੈਨੂੰ ਬਹੁਤ ਨੁਕਸਾਨ ਪਹੁੰਚਾਇਆ, ਪ੍ਰਭੂ ਉਹ ਦੇ ਕੰਮਾਂ ਦੇ ਅਨੁਸਾਰ ਉਹ ਨੂੰ ਫਲ ਦੇਵੇਗਾ।
[15] ਉਸ ਤੋਂ ਤੂੰ ਵੀ ਚੌਕਸ ਰਹੀਂ ਕਿਉਂ ਜੋ ਉਹ ਨੇ ਸਾਡੀਆਂ ਗੱਲਾਂ ਦੀ ਬਹੁਤ ਵਿਰੋਧਤਾ ਕੀਤੀ।
[16] ਮੇਰੀ ਪਹਿਲੀ ਪੇਸ਼ੀ ਉੱਤੇ ਕਿਸੇ ਨੇ ਮੇਰੀ ਹਾਮੀ ਨਾ ਭਰੀ ਸਗੋਂ ਸਾਰੇ ਮੈਨੂੰ ਛੱਡ ਗਏ। ਕਿਤੇ ਇਹ ਦਾ ਲੇਖਾ ਉਨ੍ਹਾਂ ਨੂੰ ਦੇਣਾ ਨਾ ਪਵੇ।
[17] ਪਰ ਪ੍ਰਭੂ ਮੇਰੇ ਅੰਗ-ਸੰਗ ਰਿਹਾ ਅਤੇ ਮੈਨੂੰ ਤਕੜਿਆਂ ਕੀਤਾ ਕਿ ਮੇਰੇ ਰਾਹੀਂ ਪਰਚਾਰ ਪੂਰਾ ਕੀਤਾ ਜਾਵੇ ਅਤੇ ਪਰਾਈਆਂ ਕੌਮਾਂ ਸੱਭੇ ਸੁਣਨ, ਅਤੇ ਮੈਂ ਬੱਬਰ ਸ਼ੇਰ ਦੇ ਮੂੰਹੋਂ ਛੁਡਾਇਆ ਗਿਆ।
[18] ਪ੍ਰਭੂ ਮੈਨੂੰ ਹਰੇਕ ਬੁਰੇ ਕੰਮ ਤੋਂ ਛੁਡਾਵੇਗਾ ਅਤੇ ਆਪਣੇ ਸਵਰਗ ਰਾਜ ਲਈ ਮੁਕਤੀ ਦੇ ਕੇ ਸੰਭਾਲ ਰੱਖੇਗਾ। ਉਹ ਦੀ ਵਡਿਆਈ ਜੁੱਗੋ-ਜੁੱਗ ਹੋਵੇ। ਆਮੀਨ।
[19] ਪਰਿਸਕਾ ਅਤੇ ਅਕੂਲਾ ਨੂੰ ਅਤੇ ਉਨੇਸਿਫ਼ੁਰੁਸ ਦੇ ਘਰਾਣੇ ਨੂੰ ਸੁੱਖ-ਸਾਂਦ ਆਖਣਾ।
[20] ਅਗਸਤੁਸ ਕੁਰਿੰਥੁਸ ਵਿੱਚ ਰਿਹਾ, ਤ੍ਰੋਫ਼ਿਮੁਸ ਨੂੰ ਮੈਂ ਮਿਲੇਤੁਸ ਵਿੱਚ ਬਿਮਾਰ ਛੱਡ ਆਇਆ l
[21] ਤੂੰ ਸਿਆਲ ਤੋਂ ਪਹਿਲਾਂ ਆਉਣ ਦਾ ਯਤਨ ਕਰ। ਯਬੂਲੁਸ ਤੇਰੀ ਸੁੱਖ-ਸਾਂਦ ਪੁੱਛਦਾ ਹੈ ਨਾਲੇ ਪੂਦੇਸ, ਲੀਨੁਸ, ਕਲੋਦੀਆ ਅਤੇ ਸਾਰੇ ਭਾਈ।
[22] ਪ੍ਰਭੂ ਤੇਰੇ ਆਤਮਾ ਦੇ ਅੰਗ-ਸੰਗ ਰਹੇ। ਤੁਹਾਡੇ ਉੱਤੇ ਕਿਰਪਾ ਹੁੰਦੀ ਰਹੇ।