Skip to content
Opens in a new window
Listen to this chapter • 3:09

[1] ਇਸ ਤੋਂ ਬਾਅਦ ਅਜਿਹਾ ਹੋਇਆ ਕਿ ਦਾਊਦ ਨੇ ਫ਼ਲਿਸਤੀਆਂ ਨੂੰ ਮਾਰਿਆ ਅਤੇ ਉਨ੍ਹਾਂ ਨੂੰ ਆਪਣੇ ਅਧੀਨ ਕਰ ਲਿਆ ਅਤੇ ਦਾਊਦ ਨੇ ਰਾਜਧਾਨੀ ਫ਼ਲਿਸਤੀਆਂ ਦੇ ਹੱਥ ਵਿੱਚੋਂ ਖੋਹ ਲਈ।

[2] ਅਤੇ ਉਸ ਨੇ ਮੋਆਬ ਦੇਸ ਨੂੰ ਜਿੱਤ ਲਿਆ ਅਤੇ ਉਨ੍ਹਾਂ ਨੂੰ ਧਰਤੀ ਉੱਤੇ ਲੰਮੇ ਪਾ ਕੇ ਡੋਰੀ ਨਾਲ ਉਨ੍ਹਾਂ ਨੂੰ ਮਿਣਿਆ ਅਰਥਾਤ ਦੋ ਡੋਰੀਆਂ ਤੱਕ ਮਿਣੇ ਗਏ ਲੋਕਾਂ ਨੂੰ ਘਾਤ ਕੀਤਾ ਅਤੇ ਇੱਕ ਡੋਰੀ ਤੱਕ ਮਿਣੇ ਗਏ ਲੋਕਾਂ ਨੂੰ ਜੀਉਂਦੇ ਛੱਡ ਦਿੱਤਾ, ਤਦ ਮੋਆਬੀ ਦਾਊਦ ਦੇ ਦਾਸ ਬਣ ਗਏ ਅਤੇ ਨਜ਼ਰਾਨੇ ਲਿਆਉਣ ਲੱਗੇ।

[3] ਦਾਊਦ ਨੇ ਸੋਬਾਹ ਦੇ ਰਾਜਾ ਰਹੋਬ ਦੇ ਪੁੱਤਰ ਹਦਦਅਜ਼ਰ ਨੂੰ ਵੀ ਜਿੱਤ ਲਿਆ, ਜਦ ਉਹ ਫ਼ਰਾਤ ਦਰਿਆ ਉੱਤੇ ਆਪਣੇ ਦੇਸ ਨੂੰ ਛੁਡਾਉਣ ਨਿੱਕਲਿਆ ਸੀ।

[4] ਦਾਊਦ ਨੇ ਉਸ ਦੇ ਇੱਕ ਹਜ਼ਾਰ ਸੱਤ ਸੌ ਸਵਾਰ ਅਤੇ ਵੀਹ ਹਜ਼ਾਰ ਪਿਆਦੇ ਫੜ ਲਏ। ਦਾਊਦ ਨੇ ਰਥਾਂ ਦੇ ਸਾਰੇ ਘੋੜਿਆਂ ਦੀਆਂ ਨਾੜਾਂ ਨੂੰ ਵੱਡ ਸੁੱਟਿਆ ਪਰ ਉਨ੍ਹਾਂ ਵਿੱਚੋਂ ਸੌ ਰਥਾਂ ਦੇ ਲਈ ਘੋੜੇ ਬਚਾ ਰੱਖੇ।

[5] ਜਦੋਂ ਦੰਮਿਸ਼ਕ ਦੇ ਅਰਾਮੀ ਲੋਕ, ਸੋਬਾਹ ਦੇ ਰਾਜਾ ਹਦਦਅਜ਼ਰ ਦੀ ਸਹਾਇਤਾ ਕਰਨ ਨੂੰ ਆਏ ਤਾਂ ਦਾਊਦ ਨੇ ਅਰਾਮੀਆਂ ਦੇ ਬਾਈ ਹਜ਼ਾਰ ਮਨੁੱਖ ਮਾਰ ਸੁੱਟੇ।

[6] ਤਦ ਦਾਊਦ ਨੇ ਦੰਮਿਸ਼ਕ ਦੇ ਅਰਾਮੀਆਂ ਦੇ ਵਿਚਕਾਰ ਚੌਂਕੀਆਂ ਬੈਠਾ ਦਿੱਤੀਆਂ, ਸੋ ਅਰਾਮੀ ਵੀ ਦਾਊਦ ਦੇ ਅਧੀਨ ਹੋ ਗਏ ਅਤੇ ਨਜ਼ਰਾਨੇ ਲਿਆਉਣ ਲੱਗੇ। ਜਿੱਥੇ ਵੀ ਦਾਊਦ ਜਾਂਦਾ ਸੀ, ਯਹੋਵਾਹ ਉਸ ਨੂੰ ਜਿੱਤ ਬਖਸ਼ਦਾ ਸੀ।

[7] ਦਾਊਦ ਨੇ ਹਦਦਅਜ਼ਰ ਦੇ ਸੇਵਕਾਂ ਦੀਆਂ ਸੁਨਹਿਰੀ ਢਾਲਾਂ ਖੋਹ ਲਈਆਂ ਅਤੇ ਉਨ੍ਹਾਂ ਨੂੰ ਯਰੂਸ਼ਲਮ ਵਿੱਚ ਲੈ ਆਇਆ।

[8] ਅਤੇ ਬਟਹ ਅਤੇ ਬੇਰੋਤਈ ਤੋਂ ਜੋ ਹਦਦਅਜ਼ਰ ਦੇ ਸ਼ਹਿਰਾਂ ਵਿੱਚੋਂ ਸਨ, ਦਾਊਦ ਰਾਜਾ ਢੇਰ ਸਾਰਾ ਪਿੱਤਲ ਲੈ ਆਇਆ।

[9] ਜਦ ਹਮਾਥ ਦੇ ਰਾਜਾ ਤੋਈ ਨੇ ਸੁਣਿਆ ਕਿ ਦਾਊਦ ਨੇ ਹਦਦਅਜ਼ਰ ਦੀ ਸਾਰੀ ਫ਼ੌਜ ਨੂੰ ਨਸ਼ਟ ਕਰ ਦਿੱਤਾ ਹੈ,

[10] ਤਦ ਤੋਈ ਨੇ ਆਪਣੇ ਪੁੱਤਰ ਯੋਰਾਮ ਨੂੰ ਦਾਊਦ ਰਾਜਾ ਕੋਲ ਭੇਜਿਆ ਜੋ ਉਸ ਦੀ ਸੁੱਖ-ਸਾਂਦ ਪੁੱਛੇ ਅਤੇ ਵਧਾਈ ਦੇਵੇ ਕਿਉਂ ਜੋ ਉਸ ਨੇ ਹਦਦਅਜ਼ਰ ਨਾਲ ਯੁੱਧ ਕਰ ਕੇ ਉਹ ਨੂੰ ਮਾਰ ਲਿਆ ਸੀ, ਕਿਉਂ ਜੋ ਹਦਦਅਜ਼ਰ ਤੋਈ ਨਾਲ ਵੀ ਲੜਾਈ ਕਰਦਾ ਰਹਿੰਦਾ ਸੀ। ਸੋ ਯੋਰਾਮ ਚਾਂਦੀ, ਅਤੇ ਪਿੱਤਲ ਦੇ ਭਾਂਡੇ ਆਪਣੇ ਨਾਲ ਲੈ ਆਇਆ।

[11] ਦਾਊਦ ਰਾਜਾ ਨੇ ਉਹ ਸਭ ਕੁਝ ਜੋ ਉਸਨੇ ਕੌਮਾਂ ਤੋਂ ਜਿੱਤਿਆ ਸੀ, ਉਹਨਾਂ ਦੀ ਚਾਂਦੀ ਅਤੇ ਸੋਨੇ ਸਮੇਤ, ਇਨ੍ਹਾਂ ਨੂੰ ਵੀ ਯਹੋਵਾਹ ਦੇ ਲਈ ਪਵਿੱਤਰ ਕਰ ਕੇ ਰੱਖ ਛੱਡਿਆ।

[12] ਅਰਥਾਤ ਅਰਾਮੀਆਂ, ਮੋਆਬੀਆਂ, ਅੰਮੋਨੀਆਂ, ਫ਼ਲਿਸਤੀਆਂ, ਅਮਾਲੇਕੀਆਂ, ਅਤੇ ਸੋਬਾਹ ਦੇ ਰਾਜਾ ਰਹੋਬ ਦੇ ਪੁੱਤਰ ਹਦਦਅਜ਼ਰ ਦੀ ਲੁੱਟ ਵਿੱਚੋਂ ਰੱਖਿਆ,

[13] ਜਦ ਦਾਊਦ ਲੂਣ ਦੀ ਵਾਦੀ ਵਿੱਚ ਅਠਾਰਾਂ ਹਜ਼ਾਰ ਅਰਾਮੀਆਂ ਨੂੰ ਮਾਰ ਕੇ ਮੁੜ ਆਇਆ ਤਦ ਉਸਦਾ ਨਾਮ ਵੱਡਾ ਹੋਇਆ।

[14] ਉਸ ਨੇ ਅਦੋਮ ਵਿੱਚ ਚੌਂਕੀਆਂ ਬਿਠਾਈਆਂ, ਸਗੋਂ ਸਾਰੇ ਅਦੋਮ ਵਿੱਚ ਚੌਂਕੀਆਂ ਬਿਠਾਈਆਂ। ਸਾਰੇ ਅਦੋਮੀ ਵੀ ਦਾਊਦ ਦੇ ਅਧੀਨ ਹੋ ਗਏ। ਜਿੱਥੇ-ਜਿੱਥੇ ਵੀ ਦਾਊਦ ਗਿਆ, ਯਹੋਵਾਹ ਉਸ ਨੂੰ ਜਿੱਤ ਬਖ਼ਸ਼ਦਾ ਸੀ।

[15] ਦਾਊਦ ਨੇ ਸਾਰੇ ਇਸਰਾਏਲ ਉੱਤੇ ਰਾਜ ਕੀਤਾ ਅਤੇ ਦਾਊਦ ਆਪਣੀ ਸਾਰੀ ਪਰਜਾ ਨਾਲ ਧਰਮ ਅਤੇ ਨਿਆਂ ਦੇ ਕੰਮ ਕਰਦਾ ਸੀ।

[16] ਸਰੂਯਾਹ ਦਾ ਪੁੱਤਰ ਯੋਆਬ ਸੈਨਾਪਤੀ ਸੀ ਅਤੇ ਅਹੀਲੂਦ ਦਾ ਪੁੱਤਰ ਯਹੋਸ਼ਾਫ਼ਾਤ ਇਤਿਹਾਸ ਦਾ ਲਿਖਾਰੀ ਸੀ।

[17] ਅਹੀਟੂਬ ਦਾ ਪੁੱਤਰ ਸਾਦੋਕ ਅਤੇ ਅਬਯਾਥਾਰ ਦਾ ਪੁੱਤਰ ਅਹੀਮਲਕ ਜਾਜਕ ਸਨ, ਅਤੇ ਸਰਾਯਾਹ ਮੁਨਸ਼ੀ ਸੀ,

[18] ਅਤੇ ਯਹੋਯਾਦਾ ਦਾ ਪੁੱਤਰ ਬਨਾਯਾਹ ਕਰੇਤੀਆਂ ਅਤੇ ਫਲੇਤੀਆਂ ਉੱਤੇ ਪ੍ਰਧਾਨ ਸੀ ਅਤੇ ਦਾਊਦ ਦੇ ਪੁੱਤਰ ਵਜ਼ੀਰ ਸਨ।

2 ਸਮੂਏਲ — Chapters