Skip to content
Opens in a new window
Listen to this chapter • 4:44

[1] ਯਹੋਵਾਹ ਨੇ ਸਮੂਏਲ ਨੂੰ ਆਖਿਆ, ਕਦੋਂ ਤੱਕ ਤੂੰ ਸ਼ਾਊਲ ਲਈ ਸੋਗ ਕਰਦਾ ਰਹੇਂਗਾ ਜਦ ਕਿ ਮੈਂ ਉਹ ਨੂੰ ਇਸਰਾਏਲ ਰਾਜਾ ਹੋਣ ਤੋਂ ਤਿਆਗ ਦਿੱਤਾ ਹੈ? ਤੂੰ ਆਪਣੇ ਸਿੰਗ ਵਿੱਚ ਤੇਲ ਭਰ ਅਤੇ ਜਾ। ਮੈਂ ਤੈਨੂੰ ਬੈਤਲਹਮ ਦੇ ਯੱਸੀ ਕੋਲ ਭੇਜਦਾ ਹਾਂ ਕਿਉਂ ਜੋ ਉਹ ਦੇ ਪੁੱਤਰਾਂ ਵਿੱਚੋਂ ਇੱਕ ਨੂੰ ਮੈਂ ਰਾਜਾ ਹੋਣ ਲਈ ਚੁਣਿਆ ਹੈ।

[2] ਸਮੂਏਲ ਬੋਲਿਆ, ਮੈਂ ਕਿਸ ਤਰ੍ਹਾਂ ਜਾਂਵਾਂ? ਜੇਕਰ ਸ਼ਾਊਲ ਇਹ ਸੁਣੇਗਾ ਤਾਂ ਮੈਨੂੰ ਮਾਰ ਸੁੱਟੇਗਾ। ਯਹੋਵਾਹ ਨੇ ਆਖਿਆ, ਇੱਕ ਵੱਛੀ ਆਪਣੇ ਨਾਲ ਲੈ ਜਾ ਅਤੇ ਇਸ ਤਰ੍ਹਾਂ ਆਖ ਕਿ ਮੈਂ ਯਹੋਵਾਹ ਦੇ ਅੱਗੇ ਭੇਟ ਚੜ੍ਹਾਉਣ ਆਇਆ ਹਾਂ।

[3] ਜਦ ਤੂੰ ਬਲੀ ਚੜ੍ਹਾਵੇਂ ਤਾਂ ਯੱਸੀ ਨੂੰ ਸੱਦਾ ਦੇ ਅਤੇ ਫੇਰ ਜੋ ਤੈਨੂੰ ਕਰਨਾ ਹੋਵੇਗਾ ਉਹ ਮੈਂ ਤੈਨੂੰ ਦੱਸਾਂਗਾ ਅਤੇ ਜਿਸ ਦਾ ਨਾਮ ਮੈਂ ਤੈਨੂੰ ਦੱਸਾਂ ਉਸ ਨੂੰ ਮੇਰੇ ਲਈ ਅਭਿਸ਼ੇਕ ਕਰ।

[4] ਤਦ ਜਿਵੇਂ ਯਹੋਵਾਹ ਨੇ ਆਖਿਆ ਸੀ ਸਮੂਏਲ ਨੇ ਉਸੇ ਤਰ੍ਹਾਂ ਕੀਤਾ ਅਤੇ ਬੈਤਲਹਮ ਵਿੱਚ ਆਇਆ। ਸ਼ਹਿਰ ਦੇ ਬਜ਼ੁਰਗ ਉਹ ਦੇ ਆਉਣ ਤੋਂ ਕੰਬ ਕੇ ਬੋਲੇ, ਤੂੰ ਸ਼ਾਂਤੀ ਨਾਲ ਆਇਆ ਹੈ ਜਾਂ ਨਹੀਂ?

[5] ਉਹ ਬੋਲਿਆ, ਹਾਂ, ਮੈਂ ਸ਼ਾਂਤੀ ਨਾਲ ਆਇਆ ਹਾਂ। ਮੈਂ ਯਹੋਵਾਹ ਦੇ ਅੱਗੇ ਭੇਟ ਚੜ੍ਹਾਉਣ ਆਇਆ ਹਾਂ। ਤੁਸੀਂ ਆਪਣੇ ਆਪ ਨੂੰ ਪਵਿੱਤਰ ਕਰੋ ਅਤੇ ਮੇਰੇ ਨਾਲ ਭੇਟ ਚੜ੍ਹਾਉਣ ਲਈ ਆਓ ਅਤੇ ਉਸ ਨੇ ਯੱਸੀ ਨੂੰ ਉਹ ਦੇ ਪੁੱਤਰਾਂ ਸਮੇਤ ਪਵਿੱਤਰ ਕੀਤਾ ਅਤੇ ਉਨ੍ਹਾਂ ਨੂੰ ਭੇਟ ਚੜ੍ਹਾਉਣ ਲਈ ਸੱਦਿਆ।

[6] ਜਦ ਉਹ ਆਏ ਤਦ ਸਮੂਏਲ ਨੇ ਅਲੀਆਬ ਨੂੰ ਵੇਖਿਆ ਅਤੇ ਸੋਚਿਆ, ਯਕੀਨਨ ਜੋ ਯਹੋਵਾਹ ਦੇ ਅੱਗੇ ਹੈ ਉਹੀ ਉਸ ਦਾ ਅਭਿਸ਼ੇਕ ਕੀਤਾ ਹੋਇਆ ਹੈ।

[7] ਪਰ ਯਹੋਵਾਹ ਨੇ ਸਮੂਏਲ ਨੂੰ ਆਖਿਆ, ਉਹ ਦੇ ਮੂੰਹ ਉੱਤੇ ਅਤੇ ਉਹ ਦੇ ਕੱਦ ਵੱਲ ਨਾ ਵੇਖ ਕਿਉਂ ਜੋ ਉਸ ਨੂੰ ਮੈਂ ਸਵੀਕਾਰ ਨਹੀਂ ਕੀਤਾ, ਯਹੋਵਾਹ ਦਾ ਵੇਖਣਾ ਮਨੁੱਖਾਂ ਵਰਗਾ ਨਹੀਂ। ਮਨੁੱਖ ਤਾਂ ਬਾਹਰਲਾ ਰੂਪ ਵੇਖਦਾ ਹੈ ਪਰ ਯਹੋਵਾਹ ਦਿਲ ਨੂੰ ਵੇਖਦਾ ਹੈ।

[8] ਤਦ ਯੱਸੀ ਨੇ ਅਬੀਨਾਦਾਬ ਨੂੰ ਸੱਦਿਆ ਅਤੇ ਉਹ ਨੂੰ ਸਮੂਏਲ ਦੇ ਅੱਗੇ ਕੀਤਾ। ਉਹ ਬੋਲਿਆ, ਇਹ ਨੂੰ ਵੀ ਯਹੋਵਾਹ ਨੇ ਨਹੀਂ ਚੁਣਿਆ।

[9] ਫੇਰ ਯੱਸੀ ਨੇ ਸ਼ੰਮਾਹ ਨੂੰ ਅੱਗੇ ਕੀਤਾ ਪਰ ਉਹ ਬੋਲਿਆ, ਇਹ ਨੂੰ ਵੀ ਯਹੋਵਾਹ ਨੇ ਨਹੀਂ ਚੁਣਿਆ।

[10] ਯੱਸੀ ਨੇ ਆਪਣੇ ਸੱਤਾਂ ਹੀ ਪੁੱਤਰਾਂ ਨੂੰ ਸਮੂਏਲ ਦੇ ਅੱਗੇ ਕਰ ਦਿੱਤਾ ਸੋ ਸਮੂਏਲ ਨੇ ਯੱਸੀ ਨੂੰ ਆਖਿਆ, ਯਹੋਵਾਹ ਨੇ ਇਹਨਾਂ ਨੂੰ ਨਹੀਂ ਚੁਣਿਆ।

[11] ਸਮੂਏਲ ਨੇ ਯੱਸੀ ਨੂੰ ਪੁੱਛਿਆ, ਕੀ ਤੇਰੇ ਸਾਰੇ ਪੁੱਤਰ ਇਹੋ ਹੀ ਹਨ? ਉਹ ਬੋਲਿਆ ਸਭ ਤੋਂ ਛੋਟਾ ਅਜੇ ਰਹਿੰਦਾ ਹੈ। ਉਹ ਇੱਜੜ ਨੂੰ ਚਰਾਉਂਦਾ ਹੈ। ਤਦ ਸਮੂਏਲ ਨੇ ਯੱਸੀ ਨੂੰ ਆਖਿਆ, ਉਹ ਨੂੰ ਸੱਦਾ ਭੇਜ ਕਿਉਂ ਜੋ ਜਦ ਤੱਕ ਉਹ ਇੱਥੇ ਨਾ ਆਵੇ ਅਸੀਂ ਨਹੀਂ ਬੈਠਾਂਗੇ।

[12] ਇਸ ਲਈ ਉਸ ਨੂੰ ਸੱਦਾ ਭੇਜਿਆ ਅਤੇ ਉਸ ਨੂੰ ਅੰਦਰ ਲੈ ਆਇਆ। ਉਸ ਦਾ ਰੰਗ ਲਾਲ, ਸੋਹਣੀਆਂ ਅੱਖਾਂ ਅਤੇ ਵੇਖਣ ਵਿੱਚ ਚੰਗਾ ਸੀ ਅਤੇ ਯਹੋਵਾਹ ਨੇ ਆਖਿਆ, ਉੱਠ ਅਤੇ ਇਹ ਨੂੰ ਅਭਿਸ਼ੇਕ ਕਰ ਕਿਉਂ ਜੋ ਇਹੋ ਹੀ ਹੈ।

[13] ਤਦ ਸਮੂਏਲ ਨੇ ਤੇਲ ਦਾ ਸਿੰਗ ਲੈ ਕੇ ਉਹ ਦੇ ਭਰਾਵਾਂ ਦੇ ਵਿੱਚ ਉਹ ਨੂੰ ਅਭਿਸ਼ੇਕ ਕੀਤਾ ਅਤੇ ਉਸ ਦਿਨ ਤੋਂ ਯਹੋਵਾਹ ਦਾ ਆਤਮਾ ਸਦਾ ਦਾਊਦ ਉੱਤੇ ਆਉਂਦਾ ਰਿਹਾ ਅਤੇ ਸਮੂਏਲ ਉੱਠ ਕੇ ਰਾਮਾਹ ਨੂੰ ਵਿਦਾ ਹੋਇਆ।

[14] ਪਰ ਸ਼ਾਊਲ ਉੱਤੋਂ ਯਹੋਵਾਹ ਦਾ ਆਤਮਾ ਅਲੱਗ ਹੋ ਗਿਆ ਅਤੇ ਯਹੋਵਾਹ ਵੱਲੋਂ ਇੱਕ ਦੁਸ਼ਟ-ਆਤਮਾ ਉਹ ਨੂੰ ਘਬਰਾਉਣ ਲੱਗਾ।

[15] ਤਦ ਸ਼ਾਊਲ ਦੇ ਸੇਵਕਾਂ ਨੇ ਉਹ ਨੂੰ ਆਖਿਆ, ਵੇਖੋ, ਹੁਣ ਪਰਮੇਸ਼ੁਰ ਵੱਲੋਂ ਇੱਕ ਦੁਸ਼ਟ-ਆਤਮਾ ਤੁਹਾਨੂੰ ਘਬਰਾਉਂਦਾ ਹੈ।

[16] ਸਾਡਾ ਸੁਆਮੀ ਹੁਣ ਆਪਣੇ ਸੇਵਕਾਂ ਨੂੰ ਜੋ ਤੁਹਾਡੇ ਸਾਹਮਣੇ ਹਨ ਆਗਿਆ ਦੇਵੇ ਕਿ ਜੋ ਉਹ ਇੱਕ ਅਜਿਹਾ ਮਨੁੱਖ ਲੱਭਣ ਜਿਹੜਾ ਬਰਬਤ ਵਜਾਉਣ ਵਿੱਚ ਕੁਸ਼ਲ ਹੋਵੇ ਅਤੇ ਅਜਿਹਾ ਹੋਵੇਗਾ ਕਿ ਜਿਸ ਵੇਲੇ ਪਰਮੇਸ਼ੁਰ ਵੱਲੋਂ ਇਹ ਦੁਸ਼ਟ-ਆਤਮਾ ਤੁਹਾਡੇ ਉੱਤੇ ਆਵੇ ਤਾਂ ਉਹ ਆਪਣੇ ਹੱਥ ਨਾਲ ਵਜਾਵੇਗਾ ਤਾਂ ਤੁਸੀਂ ਚੰਗੇ ਹੋ ਜਾਓਗੇ।

[17] ਸ਼ਾਊਲ ਨੇ ਆਪਣੇ ਸੇਵਕਾਂ ਨੂੰ ਆਖਿਆ, ਠੀਕ ਹੈ, ਮੇਰੇ ਲਈ ਕਿਸੇ ਵਧੀਆ ਬਰਬਤ ਵਜਾਉਣ ਵਾਲੇ ਨੂੰ ਲੱਭੋ ਅਤੇ ਉਸ ਨੂੰ ਮੇਰੇ ਕੋਲ ਲੈ ਆਉ।

[18] ਸੋ ਉਸ ਵੇਲੇ ਉਹ ਦੇ ਸੇਵਕਾਂ ਵਿੱਚੋਂ ਇੱਕ ਨੇ ਕਿਹਾ, ਵੇਖ, ਮੈਂ ਬੈਤਲਹਮ ਦੇ ਯੱਸੀ ਦਾ ਇੱਕ ਪੁੱਤਰ ਵੇਖਿਆ ਹੈ ਜੋ ਵਜਾਉਣ ਵਿੱਚ ਕੁਸ਼ਲ ਹੈ, ਨਾਲੇ ਵੱਡਾ ਸੂਰਬੀਰ ਹੈ, ਯੋਧਾ ਹੈ, ਗੱਲਾਂ ਵਿੱਚ ਬਹੁਤ ਸਿਆਣਾ ਹੈ, ਸੋਹਣਾ ਹੈ ਅਤੇ ਯਹੋਵਾਹ ਉਹ ਦੇ ਨਾਲ ਹੈ।

[19] ਸੋ ਸ਼ਾਊਲ ਨੇ ਦੂਤਾਂ ਦੇ ਹੱਥ ਯੱਸੀ ਨੂੰ ਸੱਦਾ ਭੇਜਿਆ ਕਿ ਆਪਣੇ ਪੁੱਤਰ ਦਾਊਦ ਨੂੰ ਜੋ ਇੱਜੜ ਦੇ ਨਾਲ ਹੈ ਮੇਰੇ ਕੋਲ ਭੇਜ ਦੇ।

[20] ਤਦ ਯੱਸੀ ਨੇ ਇੱਕ ਗਧਾ ਜਿਸ ਦੇ ਉੱਤੇ ਰੋਟੀਆਂ ਲੱਦੀਆਂ ਸਨ ਅਤੇ ਇੱਕ ਮੇਸ਼ੇਕ ਮੈਅ ਦੀ ਅਤੇ ਬੱਕਰੀ ਦਾ ਇੱਕ ਬੱਚਾ ਲੈ ਕੇ ਆਪਣੇ ਪੁੱਤਰ ਦਾਊਦ ਦੇ ਹੱਥੀਂ ਸ਼ਾਊਲ ਕੋਲ ਭੇਜਿਆ।

[21] ਦਾਊਦ ਸ਼ਾਊਲ ਕੋਲ ਆਇਆ ਅਤੇ ਉਸ ਦੇ ਸਾਹਮਣੇ ਆ ਖੜ੍ਹਾ ਹੋਇਆ ਅਤੇ ਉਸ ਨੇ ਦਾਊਦ ਦੇ ਨਾਲ ਬਹੁਤ ਪਿਆਰ ਕੀਤਾ ਅਤੇ ਉਹ ਉਸ ਦੇ ਸ਼ਸਤਰ ਚੁੱਕਣ ਵਾਲਾ ਬਣ ਗਿਆ।

[22] ਸ਼ਾਊਲ ਨੇ ਯੱਸੀ ਨੂੰ ਆਖ ਭੇਜਿਆ ਦਾਊਦ ਨੂੰ ਮੇਰੀ ਸੇਵਾ ਵਿੱਚ ਰਹਿਣ ਦੇ ਕਿਉਂ ਜੋ ਮੈਂ ਉਸ ਤੋਂ ਬਹੁਤ ਪ੍ਰਸੰਨ ਹਾਂ।

[23] ਤਾਂ ਇਸ ਤਰ੍ਹਾਂ ਹੋਇਆ ਕਿ ਜਿਸ ਵੇਲੇ ਦੁਸ਼ਟ-ਆਤਮਾ ਪਰਮੇਸ਼ੁਰ ਵੱਲੋਂ ਸ਼ਾਊਲ ਉੱਤੇ ਆਉਂਦਾ ਸੀ ਤਾਂ ਦਾਊਦ ਬਰਬਤ ਲੈ ਕੇ ਵਜਾਉਂਦਾ ਸੀ ਅਤੇ ਸ਼ਾਊਲ ਨੂੰ ਤਾਜ਼ਗੀ ਮਿਲਦੀ ਸੀ ਅਤੇ ਉਹ ਚੰਗਾ ਹੋ ਜਾਂਦਾ ਸੀ ਤਾਂ ਉਹ ਦੁਸ਼ਟ-ਆਤਮਾ ਉਹ ਦੇ ਉੱਤੋਂ ਹੱਟ ਜਾਂਦਾ ਸੀ।

1 ਸਮੂਏਲ — Chapters